ਅਖੌਤੀ ਮੁਸਲਿਮ ਅੱਤਵਾਦੀਆਂ ਦੇ ਨਾਂਅ ਖੁੱਲ੍ਹਾ ਖੱਤ

ਜਿਨ੍ਹਾਂ ਨੇ ਅਫਗਾਨਿਸਤਾਨ ਸਥਿਤ ਇਕ ਗੁਰਦੁਆਰਾ ਸਾਹਿਬ ਅੰਦਰ ਸਰਬੱਤ ਦਾ ਭਲਾ ਮੰਗਦੇ ਦਰਜਨਾਂ ਸਿੱਖਾਂ ਦਾ ਕਤਲ ਕੀਤਾ
ਆਈ. ਐਸ. ਆਈ. ਐਲ, ਆਈ ਐਸ. ਆਈ. ਐਸ., (ISIL; ISIS),  ਤਾਲਿਬਾਨ ਜਾਂ ਆਪੇ ਬਣੀਆ ਜ਼ੇਹਾਦੀ ਅੱਤਵਾਦੀ ਜਥੇਬੰਦੀਆ ਜੋ ਕਿ ਇਸਲਾਮ ਦੇ ਦੁਸ਼ਮਣਾਂ ਦੇ ਨਾਂਅ ‘ਤੇ ਮਾਰੂ ਜੰਗ ਲਡ਼ ਰਹੀਆਂ ਹਨ, ਨੂੰ ਮੁਖਾਤਿਬ ਇਹ ਮੇਰਾ ਖੁੱਲ੍ਹਾ ਖੱਤ ਹੈ। ਮੇਰਾ ਤੁਹਾਨੂੰ ਪ੍ਰਸ਼ਨ ਹੈ ਕਿ ਕੀ ਅੱਤਵਾਦੀ ਹਮਲੇ ਦਾ ਸ਼ਿਕਾਰ ਬਣਾਏ ਗਏ ਅਫਗਾਨਿਸਤਾਨ ਦੇ ਗੁਰਦੁਆਰਾ ਸਾਹਿਬ ਅੰਦਰ ਸਤਿ ਸੰਗਤ ਵਿਚ ਬੈਠਾ ਕੋਈ ਮੈਂਬਰ ਤੁਹਾਡੇ ਦੁਸ਼ਮਣਾਂ ਜਾਂ ਇਸਲਾਮ ਦੇ ਦੁਸ਼ਮਣਾਂ ਦੇ ਲਈ ਅਰਦਾਸ ਕਰ ਰਿਹਾ ਸੀ?
ਕੀ ਮੈਂ ਜਾਣ ਸਕਦਾ ਕਿ ਤੁਹਾਡਾ (ਅੱਤਵਾਦੀ ਗਰੁੱਪ ਅਤੇ ਜ਼ੇਹਾਦੀ ਜਥੇਬੰਦੀਆ) ਇਹ ਜ਼ਹਾਦੀ ਅੰਦੋਲਨ (ਧਰਮਯੁੱਧ) ਉਦੋਂ ਕਿੱਥੇ ਸੀ? ਜਦੋਂ 10 ਲੱਖ ਤੋਂ ਜਿਆਦਾ ਰੋਹੰਗੀਆ ਮੁਸਲਮਾਨਾਂ ਨੂੰ ਆਪਣੀ ਜਨਮ ਭੋਇੰ ਅਤੇ ਰਿਹਾਇਸ਼ ਛੱਡਣ ਲਈ ਕਿਹਾ ਗਿਆ ਸੀ। ਉਸ ਸਮੇਂ ਤੁਸੀਂ ਉਨ੍ਹਾਂ ਨੂੰ ਕਿਹਡ਼ੀ ਸਹਾਇਤਾ ਦਿੱਤੀ? ਅਤੇ ਤੁਸੀਂ ਉਦੋ ਕਿੱਥੇ ਸੀ ਜਦੋਂ ਬੱਚੇ, ਇਸਤਰੀਆਂ ਅਤੇ ਹੋਰ ਬਾਲਗ ਲੋਕ ਸੀਰੀਆ ਦੇ ਵਿਚ ਜਬਰਦਸਤੀ ਸ਼ਰਨਾਰਥੀ ਬਣਾਏ ਗਏ ਸਨ।? ਜਾਂ ਤੁਸੀਂ ਉਦੋਂ ਕਿੱਥੇ ਸੀ ਜਦੋਂ ਕ੍ਰਾਈਸਟਚਰਚ ਵਿਖੇ ਅੱਤਵਾਦੀ ਹਮਲਾ ਹੋਇਆ ਸੀ? ਜਾਂ ਹੁਣ ਮੌਜੂਦਾ ਮਹਾਂਮਾਰੀ ਕੋਵਿਡ-19 ਦਰਮਿਆਨ ਤੁਸੀਂ ਕਿੱਥੇ ਹੋ? ਜਦੋਂ ਦੁਨੀਆ ਦਾ ਇਸ ਨਾਲ ਲਡ਼ਦਿਆਂ ਲੱਕ ਟੁੱਟ ਚੁੱਕਾ ਹੈ। ਮੈਨੂੰ ਪੱਕਾ ਵਿਸ਼ਵਾਸ਼ ਹੈ ਕਿ ਤੁਹਾਡੇ ਕੋਲ ਮੇਰੇ ਇਨ੍ਹਾਂ ਪ੍ਰਮਾਣਿਕ ਪ੍ਰਸ਼ਨਾਂ ਦਾ ਕੋਈ ਉਤਰ ਨਹੀਂ ਹੈ ਕਿਉਂਕਿ ਤੁਹਾਡੀ ਵਿਚਾਰਧਾਰਾ ਇਹ ਸਿਖਾਉਂਦੀ ਹੈ ਕਿ ਨਫਰਤ ਫੈਲਾਈ ਜਾਵੇ ਅਤੇ ਧਰਮ ਦੇ ਨਾਂਅ ਉਤੇ ਲੋਕਾਂ ਨੂੰ ਮਾਰਿਆ ਜਾਵੇ।
ਇਸਦੇ ਮੁਕਾਬਲੇ ਹੁਣ ਸਵੈ ਸੇਵੀ ਸਿੱਖਾਂ ਦੀ ਗੱਲ ਸੁਣੋ ਜੋ ਆਪਣਾ ਸਮਾਂ ਕੱਢਦੇ ਹਨ ਅਤੇ ਦੂਜੇ ਲੋਕਾਂ ਦੀਆਂ ਲੋਡ਼ਾਂ ਦੀ ਪੂਰਤੀ ਆਪਣੇ ਤੋਂ ਪਹਿਲਾਂ ਕਰਦੇ ਹਨ। ਸਹਾਇਤਾ ਚਾਹੇ ਬੇਘਰਾਂ ਲਈ ਹੋਵੇ, ਕਿਸੀ ਨੂੰ ਮੁਫਤ ਪੱਕੇ ਹੋਏ ਭੋਜਨ ਦੀ ਜਰੂਰਤ ਹੋਵੇ ਉਹ ਵੀ ਮੌਜੂਦਾ ਮੁਸ਼ਕਿਲ ਭਰੇ ਸਮੇਂ ਦੇ ਵਿਚ। ਸਿੱਖ ਐਮਰਜੈਂਸੀ ਸੇਵਾਵਾਂ ਦੇ ਵਿਚ ਆਪਣਾ ਹਿੱਸਾ ਪਾ ਰਹੇ ਹਨ, ਹਾਲ ਹੀ ਵਿਚ ਆਸਟਰੇਲੀਆ ਦੇ ਜੰਗਲਾਂ ਦੀ ਅੱਗ ਵੇਲੇ ਸਹਾਇਤਾ, ਕ੍ਰਾਈਸਟਚਰਚ ਦੇ ਅੱਤਵਾਦੀ ਹਮਲੇ ਬਾਅਦ ਦੀਆਂ ਵੱਖ-ਵੱਖ ਸੇਵਾਵਾਂ, ਬੰਗਲਾਦੇਸ਼ ਤੇ ਸੀਰੀਆ ਦੇ ਸ਼ਰਨਾਰਥੀਆਂ ਦੀ ਸੇਵਾ, ਕੇਰਲਾ ਦੇ ਵਿਚ ਆਏ ਹਡ਼੍ਹ ਅਤੇ ਮਹਾਂਰਾਸ਼ਟਰ ਦੇ ਵਿਚ ਪਏ ਸੋਕੇ ਦੌਰਾਨ ਦਿੱਤੇ ਸਹਿਯੋਗ ਦੀਆਂ ਤਾਜ਼ਾ ਉਦਾਹਰਣਾਂ ਸਾਹਮਣੇ ਹਨ।
ਅੱਤਵਾਦੀ ਜਥੇਬੰਦੀਆਂ ਅਕਸਰ ਅੱਤਵਾਦੀ ਘਟਨਾਵਾਂ ਤੋਂ  ਉਪਜਦੀ ਪੀਡ਼੍ਹਤਾਂ ਦੀ ਦੁਰਦਸ਼ਾ ਨੂੰ ਵਰਤਦੀਆਂ ਹਨ ਅਤੇ ਤੁਸੀਂ ਵੀ ਇਹੀ ਹੀ ਪਿਛਲੇ ਸਾਲ ਕ੍ਰਾਈਸਟਚਰਚ ਵਿਖੇ ਹੋਏ ਅੱਤਵਾਦੀ ਹਮਲੇ ਬਾਅਦ ਕੀਤਾ ਹੈ। ਮੈਂ ਇਸਲਾਮਿਕ ਰਾਸ਼ਟਰ ਦੇ ਨੇਤਾਵਾਂ ਅੱਗੇ ਵਾਸਤਾ ਪਾਉਂਦਾ ਹਾਂ ਕਿ ਮੌਕਾ ਹੈ ਸਾਹਮਣੇ ਆਓ ਅਤੇ ਇਸ ਘਿਨਾਉਣੇ ਮਾਰੂ ਹਮਲੇ ਦੀ ਨਿੰਦਾ ਕਰੋ ਜਿੱਥੇ ਸ਼ਾਂਤੀ ਪਸੰਦ ਕਮਿਊਨਿਟੀ ਅਫਗਾਨਿਸਤਾਨ ਦੇ ਇਕ ਗੁਰਦੁਆਰੇ ਅੰਦਰ ਰੋਜ਼ਾਨਾ ਦੀ ਤਰ੍ਹਾਂ ਪਰਮਾਤਮਾ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕਰ ਰਹੀ ਸੀ।
ਸਚਾਈ ਇਹ ਹੈ ਕਿ ਅਫਗਾਨਿਸਤਾਨ ਦੇ ਵਿਚ ਅਤੇ ਵਿਸ਼ਵ ਦੇ ਕਈ ਹੋਰ ਹਿੱਸਿਆਂ ਦੇ ਵਿਚ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹਨ। ਜਦੋਂ ਕਿਤੇ ਕੋਈ ਹਮਲਾ ਹੋਇਆ, ਇਸਦੀ ਜਿੰਮੇਵਾਰੀ ਵੀ ਲੈ ਲਈ ਜਾਂਦੀ ਹੈ ਪਰ ਅਸੀਂ ਕਦੋਂ ਤੁਹਾਡੇ ਵੱਲੋਂ ਵਿਚਾਰਨਯੋਗ ਨਿਖੇਧੀ ਸੁਣਾਗੇ।? ਜਦੋਂ ਕਿ ਇਕ ਘੱਟ ਗਿਣਤੀ ਉਤੇ ਹਮਲਾ ਹੁੰਦਾ ਹੈ ਅਤੇ ਸਿਰਫ ਇਹ ਹੀ ਇਕ ਕੇਸ ਨਹੀਂ ਹੈ।
ਸਿੱਖ ਧਰਮ ਸ਼ਾਇਦ ਦੁਨੀਆ ਦਾ ਪੰਜਵਾਂ ਵੱਡਾ ਅਤੇ ਨਵ-ਸਥਾਪਿਤ ਧਰਮ ਹੈ ਜੋ ਕਿ ਆਪਣੇ ਆਪ ਉਤੇ ਹੀ ਕੇਂਦਰਿਤ ਰਹਿਣ ਤੱਕ ਸੀਮਿਤ ਨਹੀਂ। ਅਸੀਂ ਸੇਵਾ ਵਿਚ ਵਿਸ਼ਵਾਸ਼ ਕਰਦੇ ਹਾਂ ਅਤੇ ਨਿਰੰਤਰ ਬਿਨਾਂ ਕਿਸੇ ਭੇਦਭਾਵ ਦੇ ਪਰਉਪਕਾਰਾਂ ਵਿਚ ਸ਼ਾਮਿਲ ਹੁੰਦੇ ਹਾਂ। ਉਪਰ ਦੱਸੀਆਂ ਗਈਆਂ ਕੁਝ ਕੁ ਉਦਾਹਰਣਾਂ ਸਿਰਫ ਹਾਲ ਦੇ ਵਿਚ ਪਾਏ ਯੋਗਦਾਨ ਦੀਆਂ ਹਨ।
ਮੈਂ ਭਾਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕਰਦਾ ਹਾਂ ਕਿ ਕ੍ਰਿਪਾ ਕਰਕੇ ਅਫਗਾਨਿਸਤਾਨ ਦੇ ਵਿਚ ਘੱਟ ਗਿਣਤੀਆਂ ਦੀ ਪੁਨਰ ਬਹਾਲੀ ਲਈ ਤੁਰੰਤ ਕੋਈ ਠੋਸ ਕਦਮ ਚੁੱਕੋ। ਮੈਂ ਇਸ ਮਾਮਲੇ ਸਬੰਧੀ ਕੁਝ ਪਰਿਵਾਰਾਂ ਨੂੰ ਇਥੇ ਸੈਟਿਲ ਕਰਨ ਸਬੰਧੀ ਆਪਣੇ ਮਾਣਯੋਗ ਨੇਤਾ ਸਾਇਮਨ ਬ੍ਰਿਜਸ ਦੇ ਨਾਲ ਵੀ ਸਲਾਹ ਮਸ਼ਵਰਾ ਕੀਤਾ ਹੈ ਅਤੇ ਉਨ੍ਹਾਂ ਰਵੱਈਆ ਵੀ ਹਾਂ ਪੱਖੀ ਆਇਆ ਹੈ।
ਮੈਂ ਆਪਣੀ ਦੇਸ਼ ਦੀ ਪ੍ਰਧਾਨ ਮੰਤਰੀ ਮਾਣਯੋਗ ਜੈਸਿੰਡਾ ਆਰਡਨ ਨੂੰ ਵੀ ਬੇਨਤੀ ਕੀਤੀ ਕਿ ਅਫਗਾਨਿਸਤਾਨ ਦੇ ਲਗਪਗ 400 ਅਜਿਹੇ ਦੁਖੀ ਪਰਿਵਾਰਾਂ ਨੂੰ ਇਥੇ ਬੁਲਾਉਣ ਦੀ ਆਗਿਆ ਹੋਵੇ। ਨਿਊਜ਼ੀਲੈਂਡ ਦੀ ਸਿੱਖ ਅਤੇ ਹਿੰਦੂ ਕਮਿਊਨਿਟੀ ਉਨ੍ਹਾਂ ਨੂੰ ਪੂਰਾ ਸਹਿਯੋਗ ਅਤੇ ਸਾਥ ਦੇਵੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਦੇਸ਼ ਦੇ ਟੈਕਸ ਦਾਤਾਵਾਂ ਉਤੇ ਕੁਝ ਸਾਲਾਂ ਤੱਕ ਇਨ੍ਹਾਂ ਦਾ ਕੋਈ ਵਾਧੂ ਭਾਰ ਨਾ ਪਵੇ ਜਿਵੇਂ ਕਿ ਕੈਨੇਡਾ ਸਰਕਾਰ ਨੇ ਕੀਤਾ ਹੈ।
ਹਰ ਸਿੱਖ ਹਰ ਦਿਨ ਮਨੁੱਖਤਾ ਦੇ ਭਲੇ ਲਈ ਅਰਦਾਸ ਕਰਦਾ ਹੈ (ਨਾਨਕ ਨਾਮ ਚਡ਼੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ) ਅਤੇ ਮੈਨੂੰ ਵਿਸ਼ਵਾਸ਼ ਹੈ ਕਿ ਸਿੱਖ ਕਮਿਊਨਿਟੀ ਮਨੁੱਖਤਾ ਦੀ ਸੇਵਾ ਵਾਸਤੇ ਅੱਗੇ ਵੀ ਇਸੀ ਤਰ੍ਹਾਂ ਆਪਣਾ ਸਹਿਯੋਗ ਜਾਰੀ ਰੱਖੇਗੀ।
ਕੰਵਲਜੀਤ ਸਿੰਘ ਬਖਸ਼ੀ
ਲਸਿਟ ਐਮ. ਪੀ. ਮੈਨੁਕਾਓ ਈਸਟ
ਆਕਲੈਂਡ, ਨਿਊਜ਼ੀਲੈਂਡ