ਕੋਰੋਨਾਵਾਇਰਸ : ਨਿਊਜ਼ੀਲੈਂਡ ‘ਚ 61 ਨਵੇਂ ਕੇਸ, ਕੁੱਲ ਗਿਣਤੀ 708 ‘ਤੇ ਪੁੱਜੀ

ਵੈਲਿੰਗਟਨ, 1 ਅਪ੍ਰੈਲ – ਪਬਲਿਕ ਹੈਲਥ ਦੀ ਡਾਇਰੈਕਟਰ ਡਾ. ਕੈਰੋਲੀਨ ਮੈਕਲਨੇ ਨੇ ਦੱਸਿਆ ਕਿ ਅੱਜ ਦੇਸ਼ ਵਿੱਚ 61 ਨਵੇਂ ਕੇਸ ਹੋਰ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 47 ਪੁਸ਼ਟੀ ਕੀਤੇ ਅਤੇ 14 ਸੰਭਾਵਿਤ ਕੇਸ ਹਨ। ਜਿਸ ਨਾਲ ਹੁਣ ਨਿਊਜ਼ੀਲੈਂਡ ਵਿੱਚ ਪੁਸ਼ਟੀ ਕੀਤੇ ਗਏ ਅਤੇ ਸੰਭਾਵਿਤ ਮਾਮਲਿਆਂ ਦੀ ਕੁੱਲ ਗਿਣਤੀ 708 ਹੋ ਗਈ ਹੈ।
ਉਨ੍ਹਾਂ ਦੱਸਿਆ ਕਿ 14 ਲੋਕ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿਚੋਂ 2 ਆਈਸੀਯੂ ਵਿੱਚ ਹਨ। ਇੱਥੇ 83 ਲੋਕ ਠੀਕ ਹੋ ਗਏ ਹਨ। ਕੋਰੋਨਾਵਾਇਰਸ ਨਾਲ ਦੇਸ਼ ਵਿੱਚ 1 ਮੌਤ ਹੋਈ ਹੈ।
ਡਾਇਰੈਕਟਰ ਡਾ. ਮੈਕਲਨੇ ਨੇ ਕਿਹਾ ਕਿ ਇਨ੍ਹਾਂ ਕੇਸਾਂ ਵਿੱਚ ਵਿਦੇਸ਼ੀ ਯਾਤਰਾ ਦਾ ਅਜੇ ਵੀ ਇੱਕ ਮਜ਼ਬੂਤ ਸਬੰਧ ਹੈ, ਅੱਧੇ ਤੋਂ ਵੱਧ ਕੇਸ ਵਿਦੇਸ਼ ਯਾਤਰਾ ਦੇ ਹਨ। ਜਦੋਂ ਕਿ ਤਕਰੀਬਨ 1% ਮਾਮਲੇ ਕਮਿਊਨਿਟੀ ਟਰਾਂਸਮਿਸ਼ਨ ਦੇ ਹਨ।
ਗੌਰਤਲਬ ਹੈ ਕਿ ਕੋਰੋਨਾਵਾਇਰਸ ਦੇ ਦੁਨੀਆ ਭਰ ਵਿੱਚ 8,57,548 ਮਾਮਲੇ, ਕੋਰੋਨਾ ਨਾਲ ਮੌਤਾਂ ਦੀ ਗਿਣਤੀ 42,107 ਅਤੇ ਰਿਕਵਰ ਹੋਏ 1,78,043 ਮਾਮਲੇ ਸਾਹਮਣੇ ਆਏ ਹਨ।