ਅਗਲੇ 2 ਸਾਲਾਂ ਤੱਕ ਨਿਵੇਸ਼ ਲਈ ਪੰਜਾਬ ਦੇਸ਼ ਦੀ ਬਿਹਤਰੀਨ ਥਾਂ ਹੋਵੇਗੀ : ਸੁਖਬੀਰ ਸਿੰਘ ਬਾਦਲ

ਮੋਗਾ/ਬਾਘਾ ਪੁਰਾਣਾ 17 ਸਤੰਬਰ – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਅਗਲੇ 2 ਸਾਲਾਂ ਤੱਕ ਨਿਵੇਸ਼ ਲਈ ਦੇਸ਼ ਦੀ ਬਿਹਤਰੀਨ ਥਾਂ ਹੋਵੇਗੀ ਅਤੇ ਨਿਵੇਸ਼ ਸਥਾਨਾਂ ਵਿੱਚੋਂ ਸੂਬੇ ਨੂੰ ਪਹਿਲੇ ਨੰਬਰ ‘ਤੇ ਲਿਆਂਦਾ ਜਾਵੇਗਾ। ਸ. ਬਾਦਲ ਨੇ ਅੱਜ ਮੋਗਾ ਵਿਖੇ 27 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਗਏ ਸੀਵਰੇਜ਼ ਟਰੀਟਮੈਂਟ ਪਲਾਂਟ ਅਤੇ ਬਾਘਾ ਪੁਰਾਣਾ ਵਿਖੇ 4.45 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਤਹਿਸੀਲ ਪ੍ਰਬੰਧਕੀ ਕੰਪਲੈਕਸ ਦਾ ਉਦਘਾਟਨ ਕੀਤਾ।
ਸ. ਬਾਦਲ ਨੇ ਬਾਘਾ ਪੁਰਾਣਾ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਰਿਜ਼ਰਵ ਬੈਕ ਵੱਲੋਂ ਪੰਜਾਬ ਨੂੰ ਭਾਰਤ ਦਾ ਤੀਜਾ ਬਿਹਤਰ ਨਿਵੇਸ਼ ਸਥਾਨ ਘੋਸ਼ਿਤ ਕੀਤਾ ਗਿਆ ਹੈ ਅਤੇ ਪੰਜਾਬ ਸਰਕਾਰ ਦੇ ਉੱਦਮਾਂ ਦੀ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਉਂਦੇ 4 ਮਹੀਨਿਆਂ ਤੱਕ 1400 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਰਾਜ ਦੀਆਂ ਮੁੱਖ ਸੜਕਾਂ ਨੂੰ ਚਾਰ ਅਤੇ ਛੇ ਮਾਰਗੀ ਬਣਾਇਆ ਜਾ ਰਿਹਾ ਹੈ, ਜਿਸ ‘ਤੇ 12 ਹਜ਼ਾਰ ਕਰੋੜ ਰੁਪਏ ਖਰਚ…..ਕੀਤੇ ਜਾਣਗੇ ਅਤੇ ਇਹ ਕੰਮ ਆਉਂਦੇ ਤਿੰਨ ਸਾਲਾਂ ਦੇ ਅੰਦਰ-ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਪੇਂਡੂ ਖੇਤਰਾਂ ਦੇ ਸਰਬ-ਪੱਖੀ ਵਿਕਾਸ ਲਈ ਆਉਂਦੇ 2 ਸਾਲਾਂ ਤੱਕ 10 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਹਨਾਂ ਕਿਹਾ ਕਿ ਆਟਾ-ਦਾਲ ਸਕੀਮ ਤਹਿਤ ਲਾਭਪਾਤਰੀਆਂ ਦਾ ਘੇਰਾ ਵਧਾਇਆ ਜਾ ਰਿਹਾ ਹੈ ਅਤੇ ਨੀਲੇ ਕਾਰਡ ਧਾਰਕਾਂ ਨੂੰ 30 ਹਜ਼ਾਰ ਰੁਪਏ ਮੈਡੀਕਲ ਬੀਮਾ ਯੋਜਨਾ ਤਹਿਤ ਇਲਾਜ ਲਈ ਦਿੱਤੇ ਜਾਣਗੇ। ਉਹਨਾਂ ਆਖਿਆ ਕਿ ਪਿੰਡਾਂ ਵਿੱਚ ਹੁਸ਼ਿਆਰ  ਵਿਦਿਆਰਥੀਆਂ ਦੀ ਗਿਣਤੀ ਬਹੁਤ ਹੈ, ਪ੍ਰੰਤੂ ਕਈ ਵਾਰ ਗਰੀਬੀ ਅਤੇ ਸਾਧਨਾ ਦੀ ਕਮੀ ਕਰਕੇ ਮਾਪੇ ਉਹਨਾਂ ਨੂੰ ਉੱਚ ਮਿਆਰੀ ਸਿੱਖਿਆ ਪ੍ਰਦਾਨ ਕਰਵਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਿੰਡਾਂ ਦੇ ਸਕੂਲਾਂ ਵਿੱਚ ਪੜ੍ਹਦੇ ਹੁਸ਼ਿਆਰ ਵਿਦਿਆਰਥੀ ਜਿਨ੍ਹਾਂ ਨੇ ਦਸਵੀਂ ਜਮਾਤ ਵਿੱਚ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹੋਣ, ਨੂੰ 30 ਹਜ਼ਾਰ ਰੁਪਏ ਸਾਲਾਨਾ ਅਤੇ 2500 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦੇਣ ਦੀ ਸਕੀਮ ਲਾਗੂ ਕੀਤੀ ਹੈ।

ਸ. ਬਾਦਲ ਨੇ ਕਿਹਾ ਕਿ ਮੋਗਾ ਜ਼ਿਲ੍ਹੇ ਤੋਂ ਉਹਨਾਂ ਨੇ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ ਹੈ ਅਤੇ ਹਰ ਚੋਣ ਮੁਹਿੰਮ ‘ਚ ਲੋਕਾਂ ਦੇ ਅਸ਼ੀਰਵਾਦ  ਸਦਕਾ ਜਿੱਤਾਂ ਪ੍ਰਾਪਤ ਕੀਤੀਆਂ ਹਨ। ਉਹਨਾਂ ਕਿਹਾ ਕਿ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਆਮ ਆਦਮੀ ਦੀ ਪਾਰਟੀ ਬਣਾਇਆ ਹੈ। ਸ. ਬਾਦਲ ਨੇ ਲੋਕਾਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਸਮਾਲਸਰ ਨੂੰ ਸਬ-ਤਹਿਸੀਲ ਬਣਾਉਣ ਦਾ ਐਲਾਨ ਕੀਤਾ ਅਤੇ ਨਗਰ ਕੌਂਸਲ  ਬਾਘਾ ਪੁਰਾਣਾ ਨੂੰ ਸੀਵਰੇਜ਼ ਪ੍ਰਣਾਲੀ ਲਈ 15 ਕਰੋੜ ਰੁਪਏ ਹੋਰ ਦੇਣ ਦਾ ਐਲਾਨ ਕੀਤਾ। ਉਹਨਾਂ ਨੇ ਹਲਕੇ ਦੇ ਵੱਡੇ ਪਿੰਡਾਂ ਦੇ ਵਿਕਾਸ ਲਈ ੭੫ ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਇਸ ਉਪਰੰਤ ਸ. ਸੁਖਬੀਰ ਸਿੰਘ ਬਾਦਲ ਨੇ ਮੋਗਾ ਵਿਖੇ 27 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਸੀਵਰੇਜ਼ ਟਰੀਟਮੈਂਟ ਪਲਾਂਟ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਸਰਬ-ਪੱਖੀ ਵਿਕਾਸ ਲਈ ਉਲੀਕੀ ਗਈ ਨਵੀਂ ਯੋਜਨਾ-ਬੰਦੀ ਤਹਿਤ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦੀ ਸਪਲਾਈ, ਸੀਵਰੇਜ਼ ਸਹੂਲਤਾਂ, ਸੀਵਰੇਜ਼ ਟਰੀਟਮੈਂਟ ਪਲਾਟ, ਸਟ੍ਰੀਟ ਲਾਈਟਾਂ, ਸੜਕਾਂ ਅਤੇ  ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਰਾਜ ਕਾਲ ਦੌਰਾਨ ਹੀ ਸੂਬੇ ਨੇ ਬੇ-ਮਿਸਾਲ ਤਰੱਕੀ ਕੀਤੀ ਹੈ, ਜਦ ਕਿ ਕਾਂਗਰਸ ਸਰਕਾਰ ਨੇ ਲੰਬਾ ਸਮਾਂ ਰਾਜ ਕਰਨ ‘ਤੇ ਵੀ ਸੂਬੇ ਦਾ ਕੋਈ ਵਿਕਾਸ ਨਹੀ ਕੀਤਾ। ਉਹਨਾਂ ਕਿਹਾ ਕਿ ਸੀਵਰੇਜ਼ ਟਰੀਟਮੈਂਟ ਪਲਾਂਟ ਦੇ ਚਾਲੂ ਹੋਣ ਨਾਲ ਮੋਗਾ ਸ਼ਹਿਰ ਵਾਸੀਆਂ ਨੂੰ ਭਾਰੀ ਲਾਭ ਹੋਵੇਗਾ ਅਤੇ ਇਹ ਪਾਣੀ ਫਸਲਾਂ ਦੀ ਸਿੰਚਾਈ ਲਈ ਵਰਤੋਂ ਵਿੱਚ ਲਿਆਂਦਾ ਜਾਵੇਗਾ। ਉਹਨਾਂ ਕਿਹਾ ਕਿ ਆਉਣ ਵਾਲੇ ਦੋ ਮਹੀਨਿਆਂ ਦੌਰਾਨ ਕਿਸਾਨਾਂ, ਨੌਜਵਾਨਾਂ ਅਤੇ ਹਰ ਵਰਗ ਦੇ ਲੋਕਾਂ ਲਈ ਵੱਡੀਆਂ ਰਿਆਇਤਾਂ ਦਾ ਐਲਾਨ ਕੀਤਾ ਜਾਵੇਗਾ ਅਤੇ ਆਉਣ ਵਾਲੇ ਦੋ ਸਾਲਾਂ ‘ਚ ਪੰਜਾਬ ਦਾ ਵੱਡੇ ਪੱਧਰ ਤੇ ਵਿਕਾਸ ਹੋਵੇਗਾ।
ਇਸ ਮੌਕੇ ‘ਤੇ ਵਿਧਾਇਕ ਸ੍ਰੀ ਜੋਗਿੰਦਰ ਪਾਲ ਜੈਨ ਨੇ ਸ.ਬਾਦਲ ਦਾ ਧੰਨਵਾਦ ਕਰਦਿਆਂ ਮੋਗਾ ਦੇ ਵਿਕਾਸ ਲਈ ਵਧੇਰੇ ਫੰਡਾਂ ਦੀ ਮੰਗ ਕੀਤੀ। ਬਾਅਦ ਵਿੱਚ ਪੱਤਰਕਾਰਾਂ ਵੱਲੋਂ ਨਸ਼ਿਆਂ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਇੱਕ ਵਿਆਪਕ ਮੁਹਿੰਮ ਆਰੰਭ ਕੀਤੀ ਗਈ ਹੈ, ਜੋ ਨਸ਼ਿਆਂ ਦੇ ਖਤਮ ਹੋਣ ਤੱਕ ਜਾਰੀ ਰਹੇਗੀ। ਉਹਨਾਂ ਕਿਹਾ ਕਿ ਨਸ਼ਿਆਂ ਦੇ ਧੰਦੇ ਵਿੱਚ ਸ਼ਮੂਲੀਅਤ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ ਭਾਵੇ ਉਹ ਕਿਸੇ ਵੀ ਉੱਚ ਅਹੁਦੇ ‘ਤੇ ਹੋਵੇ ਜਾਂ ਸਿਆਸਤ ਨਾਲ ਸਬੰਧ ਰੱਖਦਾ ਹੋਵੇ। ਉਹਨਾਂ ਕਿਹਾ ਕਿ ਨਸ਼ਿਆਂ ਦੇ ਤਸਕਰਾਂ ਦੀ ਮਦਦ ਕਰਨ ਵਾਲਿਆਂ ਨਾਲ ਵੀ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਹਰ ਕੀਮਤ ਤੇ ਬਰਕਰਾਰ
ਰੱਖਿਆ ਜਾਵੇਗਾ।
ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ, ਜਥੇਦਾਰ ਤੋਤਾ ਸਿੰਘ ਸਾਬਕਾ ਮੰਤਰੀ ਅਤੇ ਵਿਧਾਇਕ, ਸ੍ਰੀ ਜੋਗਿੰਦਰ ਪਾਲ ਜੈਨ ਅਤੇ ਸ੍ਰੀ ਮਹੇਸ਼ਇੰਦਰ ਸਿੰਘ (ਦੋਵੇਂ ਵਿਧਾਇਕ), ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ, ਸ੍ਰੀ ਅਜੀਤ ਸਿੰਘ ਸ਼ਾਂਤ ਸਾਬਕਾ ਵਿਧਾਇਕ, ਸ. ਨਿਧੜਕ ਸਿੰਘ ਬਰਾੜ ਮੁੱਖ ਬਲਾਰਾ, ਸ੍ਰੀ ਜਗਤਾਰ ਸਿੰਘ ਰਾਜੇਆਣਾ, ਸ੍ਰੀ ਬਾਲ ਕ੍ਰਿਸ਼ਨ ਬਾਲੀ ਪ੍ਰਧਾਨ ਨਗਰ ਕੌਂਸਲ ਬਾਘਾ ਪੁਰਾਣਾ, ਸ. ਬਲਜਿੰਦਰ ਸਿੰਘ ਬਰਾੜ ਤੇ ਸ੍ਰੀ ਅਕਸ਼ਿਤ ਜੈਨ ਯੁਵਾ ਨੇਤਾ, ਸ੍ਰੀ ਰਾਜਵੰਤ ਸਿੰਘ ਮਾਹਲਾ, ਸ੍ਰੀ ਅਰਸ਼ਦੀਪ ਸਿੰਘ ਥਿੰਦ ਡਿਪਟੀ ਕਮਿਸ਼ਨਰ ਅਤੇ ਸ੍ਰੀ ਕਮਲਜੀਤ ਸਿੰਘ ਢਿੱਲੋਂ ਸੀਨੀਅਰ ਪੁਲਿਸ ਕਪਤਾਨ, ਸ੍ਰੀ ਸਤਪਾਲ ਅੰਗਰੂਲਾ ਐਮ.ਡੀ ਪੰਜਾਬ ਜਲ-ਸਪਲਾਈ ਤੇ ਸੀਵਰੇਜ਼ ਬੋਰਡ ਆਦਿ ਹਾਜ਼ਰ ਸਨ।