ਕਾਲਾ ਧੰਨ ਵਾਪਸ ਲੈ ਕੇ ਆਵੇਗੀ ਐਨ. ਡੀ. ਏ. ਸਰਕਾਰ -ਸੁਖਬੀਰ ਸਿੰਘ ਬਾਦਲ

ਲੋਕਾਂ ਨੂੰ ਵਿਕਾਸ ਦੇ ਨਾਂ ‘ਤੇ ਵੋਟ ਪਾਉਣ ਦਾ ਸੱਦਾ
ਡੀ. ਸੀਜ਼ ਨੂੰ ਆਟਾ ਦਾਲ ਸਰਵੇ ੧੫ ਨਵੰਬਰ ਤੱਕ ਮੁਕੰਮਲ ਕਰਨ ਦੇ ਹੁਕਮ
ਗੁਰੂ ਹਰਸਹਾਏ (ਫਿਰੋਜ਼ਪੁਰ) 18 ਸਤੰਬਰ – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਉਪਰੰਤ ਦੇਸ਼ ਵਿੱਚ ਐਨ. ਡੀ. ਏ. ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ ਵਿਦੇਸ਼ੀ ਬੈਂਕਾਂ ਵਿੱਚ ਪਏ ਕਾਲੇ ਧੰਨ ਨੂੰ ਭਾਰਤ ਵਾਪਸ ਲਿਆਂਦਾ ਜਾਵੇਗਾ।
ਅੱਜ ਇੱਥੇ ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰੂ ਹਰਸਹਾਏ ਹਲਕੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਮੌਕੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਯੂ. ਪੀ. ਏ. ਸਰਕਾਰ ਵਲੋਂ ਸੰਸਦ ਵਿੱਚ ਇਹ ਵਾਅਦਾ……. ਕੀਤਾ ਗਿਆ ਸੀ ਕਿ ਕਾਲੇ ਧੰਨ ਨੂੰ ਵਾਪਸ ਲਿਆਂਦਾ ਜਾਵੇਗਾ ਪਰ ਹੈਰਾਨੀ ਦੀ ਗੱਲ ਹੈ ਕਿ ਸਾਢੇ ੯ ਸਾਲ ਬਾਅਦ ਵੀ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਵਲੋਂ ਜਾਣ-ਬੁੱਝ ਕੇ ਇਸ ਮਸਲੇ ਨੂੰ ਲਮਕਾਇਆ ਜਾ ਰਿਹਾ ਹੈ।
ਵਿੱਤ ਮੰਤਰਾਲੇ ਵਲੋਂ ਕਾਲੇ ਧੰਨ ਦੀ ਜਾਂਚ ਨੂੰ ਅਧਵਾਟੇ ਛੱਡਣ ਬਾਰੇ ਸ. ਬਾਦਲ ਨੇ ਕਿਹਾ ਕਿ ‘ਮੈਨੂੰ ਯਕੀਨ ਹੈ ਕਾਂਗਰਸ ਸਰਕਾਰ ਇਸ ਸਬੰਧੀ ਜਾਂਚ ਨੂੰ ਕਦੇ ਵੀ ਸਿਰੇ ਨਹੀਂ ਲੱਗਣ ਦੇਵੇਗੀ ਕਿਉਂ ਜੋ ਸਾਰਾ ਧੰਨ ਕਾਂਗਰਸੀਆਂ ਦਾ ਹੀ ਹੈ ਜੋ ਕਿ ਇਨ੍ਹਾਂ ਬੋਫੋਰਸ ਕਾਂਡ ਤੋਂ ਲੈ ਕੇ ਕੋਲ ਘੁਟਾਲਾ, ਕਾਮਨਵੈਲਥ ਘੁਟਾਲਾ, ਆਦਰਸ਼ ਸੁਸਾਇਟੀ ਤੇ ਹਾਲ ਹੀ ਵਿੱਚ ਵਾਡਰਾ-ਡੀ. ਐਲ. ਐਫ ਵਰਗੇ ਘੁਟਾਲਿਆਂ ਰਾਹੀਂ ਕਮਾਇਆ ਹੈ। ਆਗਾਮੀ ਲੋਕ ਸਭਾ ਚੋਣਾਂ ਵਿੱਚ ਆਜ਼ਾਦੀ ਤੋਂ ਬਾਅਦ ਹੁਣ ਤੱਕ ਸਭ ਤੋਂ ਭਰਿਸ਼ਟ ਤੇ ਨਖਿੱਧ ਯੂ. ਪੀ. ਏ. ਸਰਕਾਰ ਨੂੰ ਚਲਦਾ ਕਰਨ ਦਾ ਸੱਦਾ ਦਿੰਦਿਆਂ ਸ. ਬਾਦਲ ਨੇ ਲੋਕਾਂ ਨੂੰ ਕਿਹਾ ਕਿ ‘ਤੁਸੀਂ ਪੰਜਾਬ ਵਿਧਾਨ ਸਭਾ ਤੋਂ ਲੈ ਕੇ ਹੁਣ ਤੱਕ ੯ ਚੋਣਾਂ ਵਿੱਚ ਲੋਕ ਪੱਖੀ ਤੇ ਵਿਕਾਸ ਮੁਖੀ ਅਕਾਲੀ-ਭਾਜਪਾ ਸਰਕਾਰ ਨੂੰ ਜੇਤੂ ਹੋਣ ਦਾ ਮਾਣ ਬਖਸ਼ਿਆ ਹੈ ਤੇ ਹੁਣ ਮੌਕਾ ਆ ਗਿਆ ਹੈ ਕਿ ਦਿੱਲੀ ਵਿਖੇ ਵੀ ਆਪਣੀ ਸਰਕਾਰ ਬਣਾਈ ਜਾਵੇ ਤਾਂ ਜੋ ਪੰਜਾਬ ਨੂੰ ਬਣਦਾ ਹੱਕ ਦਿਵਾਇਆ ਜਾ ਸਕੇ’।
ਦੇਸ਼ ਦੀ ਤੇਜੀ ਨਾਲ ਨਿੱਘਰ ਰਹੀ ਅਰਥ ਵਿਵਸਥਾ ਤੇ ਦੂਜੀਆਂ ਕਰੰਸੀਆਂ ਦੇ ਮੁਕਾਬਲੇ ਰੁਪਏ ਦੇ ਮੂਧੇ-ਮੂੰਹ ਡਿੱਗਣ ਨੂੰ ਲੈ ਕੇ ਸ. ਬਾਦਲ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਮੰਨੇ-ਪ੍ਰਮੰਨੇ ‘ਅਰਥ ਸ਼ਾਸਤਰੀ’ ਹਨ ਪਰ ਮੰਦਭਾਗਾ ਇਹ ਹੈ ਕਿ ਇਹ ਅਰਥ ਸ਼ਾਸਤਰੀ ਤਾਂ ਅਨਰਥ ਸ਼ਾਸਤਰੀ ਸਾਬਤ ਹੋਏ ਹਨ।
ਮਹਿੰਗਾਈ ਦਰ ਦੇ ੧੮.੧੮ ਫੀਸਦੀ ਤੱਕ ਪਹੁੰਚਣ ਕਾਰਨ ਯੂ. ਪੀ. ਏ. ਸਰਕਾਰ ਨੂੰ ਲੰਬੇ ਹੱਥੀਂ ਲੈਂਦਿਆਂ ਸ. ਬਾਦਲ ਨੇ ਕਿਹਾ ਕਿ ਅਸਲ ਵਿੱਚ ਆਮ ਆਦਮੀ ਦੀ ਪਾਰਟੀ ਦਾ ਦਾਅਵਾ ਕਰਦੀ ਕਾਂਗਰਸ ਦਾ ਹੱਥ ਆਮ ਲੋਕਾਂ ਦੀ ਸੰਘੀ ਨੂੰ ਪੈ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਗਰੀਬਾਂ ਨੂੰ ਰਾਹਤ ਦਿਵਾਉਣ ਲਈ ਪੰਜਾਬ ਸਰਕਾਰ ਵਲੋਂ ਆਟਾ-ਦਾਲ ਦੇ ਲਾਭਪਾਤਰੀਆਂ ਸਬੰਧੀ ਸਰਵੇ ੧੫ ਨਵੰਬਰ ਤੱਕ ਮੁਕੰਮਲ ਕਰਨ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ। ਸ. ਬਾਦਲ ਵਲੋਂ ਇਸ ਮੌਕੇ ਗੁਰੁਹਰਸਹਾਏ ਵਿਖੇ 30 ਕਰੋੜ ਰੂਪੈ ਦੇ ਵੱਖ-ਵੱਖ ਪ੍ਰਾਜੈਕਟਾਂ ਦੇ ਨੀਂਹ ਪੱਥਰ ਵੀ ਰੱਖੇ ਗਏ, ਜਿਨ੍ਹਾਂ ਵਿੱਚ  ਬੱਸ ਸਟੈਂਡ ਦੇ ਨੀਂਹ ਪੱਥਰ ਤੋਂ ਇਲਾਵਾ 9.67 ਕਰੋੜ ਰੁਪਏ ਦੀ ਲਾਗਤ ਨਾਲ ਗੁਰੂ ਹਰਸਹਾਏ ਤੋਂ ਜਲਾਲਾਬਾਦ ਸੜਕ, 9.11 ਕਰੋੜ ਰੁਪਏ ਨਾਲ ਮਮਦੋਟ ਤੋਂ ਫਿਰੋਜ਼ਪੁਰ ਤੇ ਚੱਕ ਮੋਬੀਆਂ ਤੋਂ ਟਾਹਲੀਵਾਲਾ ਸੜਕਾਂ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਮੁੱਖ ਸ਼ਖਸੀਅਤਾਂ ਵਿੱਚ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਸੀਨੀਅਰ ਅਕਾਲੀ ਆਗੂ ਵਰਦੇਵ ਸਿੰਘ ਮਾਨ, ਅਕਾਲੀ ਆਗੂ ਮਿੰਟੂ ਵੋਹਰਾ, ਕਮਿਸ਼ਨਰ ਫਿਰੋਜ਼ਪੁਰ ਵੀ. ਕੇ. ਸ਼ਰਮਾ, ਡੀ. ਆਈ. ਜੀ ਮੁਨੀਸ਼ ਚਾਵਲਾ, ਡਿਪਟੀ ਕਮਿਸ਼ਨਰ ਮਨਜੀਤ ਸਿੰਘ ਨਾਰੰਗ ਹਾਜ਼ਰ ਸਨ।