ਅਦਾਕਾਰਾ ਕੰਗਨਾ ਵੱਲੋਂ ਸਿੱਖਾਂ ਬਾਰੇ ਮੁੜ ਸੋਸ਼ਲ ਮੀਡੀਆ ‘ਤੇ ਵਿਵਾਦਿਤ ਟਿੱਪਣੀ

ਨਵੀਂ ਦਿੱਲੀ, 20 ਨਵੰਬਰ – ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਦੁੱਖ ਭਰਿਆ ਤੇ ਸ਼ਰਮਨਾਕ ਦੱਸਣ ਤੋਂ ਬਾਅਦ ਹੁਣ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਤਾਰੀਫ਼ ‘ਚ ਕੱਸੀਦੇ ਪੜ੍ਹੇ ਹਨ। ਕੰਗਨਾ ਨੇ ਕਿਹਾ ਕਿ ਖ਼ਾਲਿਸਤਾਨ ਅਤਿਵਾਦੀ ਅੱਜ ਭਾਵੇਂ ਸਰਕਾਰ ਦੀ ਬਾਂਹ ਮਰੋੜ ਰਹੇ ਹੋਣ ਪਰ ਇੱਕ ਔਰਤ ਨੂੰ ਨਾ ਭੁੱਲਣ। ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਨੇ ਇਨ੍ਹਾਂ ਨੂੰ ਆਪਣੀ ਜੁੱਤੀ ਹੇਠਾਂ ਦਰੜ ਦਿੱਤਾ ਸੀ। ਕੰਗਨਾ ਨੇ ਸੋਸ਼ਲ ਮੀਡੀਆ ‘ਤੇ ਇੰਦਰਾ ਗਾਂਧੀ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਖ਼ਾਲਿਸਤਾਨ ਅਤਿਵਾਦੀ ਅੱਜ ਭਾਵੇਂ ਸਰਕਾਰ ਦੀ ਬਾਂਹ ਮਰੋੜ ਰਹੇ ਹੋਣ ਪਰ ਉਸ ਔਰਤ ਨੂੰ ਨਾ ਭੁੱਲਣਾ। ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਨੇ ਇਨ੍ਹਾਂ ਨੂੰ ਆਪਣੀ ਜੁੱਤੀ ਹੇਠਾਂ ਕੁਚਲ ਦਿੱਤਾ ਸੀ। ਉਸ ਨੇ ਇਸ ਦੇਸ਼ ਨੂੰ ਕਿੰਨੀ ਵੀ ਤਕਲੀਫ਼ ਦਿੱਤੀ ਹੋਵੇ। ਉਸ ਨੇ ਆਪਣੀ ਜਾਨ ਦੀ ਕੀਮਤ ‘ਤੇ ਇਨ੍ਹਾਂ ਨੂੰ ਮੱਛਰਾਂ ਦੀ ਤਰ੍ਹਾਂ ਮਸਲ ਦਿੱਤਾ ਪਰ ਦੇਸ਼ ਦੇ ਟੁਕੜੇ ਨਹੀਂ ਹੋਣ ਦਿੱਤੇ। ਉਨ੍ਹਾਂ ਦੀ ਮੌਤ ਤੋਂ ਦਹਾਕੇ ਬਾਅਦ ਇਹ ਅੱਜ ਵੀ ਉਸ ਨਾਂ ਨਾਲ ਕੰਬਦੇ ਹਨ । ਇਨ੍ਹਾਂ ਨੂੰ ਉਹੋ ਜਿਹਾ ਹੀ ਗੁਰੂ ਚਾਹੀਦਾ ਹੈ। ਖ਼ਾਲਿਸਤਾਨ ਅੰਦੋਲਨ ਦੇ ਉਭਾਰ ਨਾਲ ਉਨ੍ਹਾਂ ਦੀ ਕਹਾਣੀ ਪਹਿਲਾਂ ਤੋਂ ਵੱਧ ਪ੍ਰਸੰਗਿਕ ਹੈ। ਬਹੁਤ ਜਲਦੀ ਤੁਹਾਡੇ ਲਈ ਲੈ ਕੇ ਆ ਰਹੇ ਹਨ#ਐਮਰਜੈਂਸੀ’।
ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਖੇਤੀ ਕਾਨੂੰਨਾਂ ਦੀ ਵਾਪਸੀ ਬਾਰੇ ਲਿਖਿਆ, ‘ਜੇਕਰ ਧਰਮ ਬੁਰਾਈ ‘ਤੇ ਜਿੱਤ ਹਾਸਲ ਕਰਦਾ ਹੈ ਤਾਂ ਉਹ ਉਸ ਨੂੰ ਬੇਅਸਰ ਕਰ ਦਿੰਦਾ ਹੈ ਪਰ ਜਦੋਂ ਬੁਰਾਈ ਧਰਮ ‘ਤੇ ਜਿੱਤ ਹਾਸਲ ਕਰਦੀ ਹੈ ਤਾਂ ਉਹ ਵੀ ਬੁਰਾਈ ਬਣ ਜਾਂਦੀ ਹੈ। ਗ਼ਲਤ ਦਾ ਸਾਥ ਦੇਣਾ ਤੁਹਾਨੂੰ ਵੀ ਗ਼ਲਤ ਬਣਾ ਦਿੰਦਾ ਹੈ’।
ਇਸ ਸੰਬੰਧ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੰਗਨਾ ਰਣੌਤ ਖ਼ਿਲਾਫ਼ ਮੰਦਿਰ ਮਾਰਗ ਥਾਣੇ ਦੇ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾ ਕੇ ਦੋਸ਼ ਲਾਇਆ ਹੈ ਕਿ ਉਸ ਨੇ ਸੋਸ਼ਲ ਮੀਡੀਆ ‘ਤੇ ਸਿੱਖ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤੀ ਹੈ।