ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਉੱਚ ਪੱਧਰੀ ਗੱਲਬਾਤ

ਭਾਰਤ ਤੇ ਅਮਰੀਕਾ ਵੱਲੋਂ ਆਲਮੀ ਚੁਣੌਤੀਆਂ ਦੇ ਟਾਕਰੇ ਦਾ ਅਹਿਦ
ਵਾਸ਼ਿੰਗਟਨ, 22 ਜੂਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਅੱਜ ਵ੍ਹਾਈਟ ਹਾਊਸ ਵਿੱਚ ਉੱਚ ਪੱਧਰੀ ਗੱਲਬਾਤ ਕੀਤੀ। ਓਵਲ ਦਫ਼ਤਰ ਵਿੱਚ ਹੋਈ ਇਸ ਆਹਮੋ-ਸਾਹਮਣੀ ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਰੱਖਿਆ, ਪੁਲਾੜ, ਸਵੱਛ ਊਰਜਾ ਤੇ ਅਹਿਮ ਤਕਨੀਕਾਂ ਸਣੇ ਭਾਰਤ-ਅਮਰੀਕਾ ਰਣਨੀਤਕ ਰਿਸ਼ਤਿਆਂ ਨੂੰ ਹੁਲਾਰਾ ਦੇਣ ਬਾਰੇ ਚਰਚਾ ਕੀਤੀ।
ਅਮਰੀਕੀ ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਕੁੱਲ ਆਲਮ ਨੂੰ ਦਰਪੇਸ਼ ਚੁਣੌਤੀਆਂ ਦਾ ਭਾਰਤ ਤੇ ਅਮਰੀਕਾ ਨੂੰ ਮਿਲ ਕੇ ਟਾਕਰਾ ਕਰਨਾ ਚਾਹੀਦਾ ਹੈ। ਉਧਰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਸਰਬੱਤ ਦੇ ਭਲੇ ਤੇ ਸਰਬੱਤ ਦਾ ਸੁੱਖ ਮੰਗਣ ਦੇ ਮੂਲ ਸਿਧਾਂਤ ’ਚ ਯਕੀਨ ਰੱਖਦੇ ਹਨ। ਇਸ ਦੌਰਾਨ ਵਫ਼ਦ ਪੱਧਰ ਦੀ ਗੱਲਬਾਤ ਦੌਰਾਨ ਦੋਵਾਂ ਧਿਰਾਂ ਨੇ ਰੱਖਿਆ, ਵਪਾਰ ਤੇ ਪੁਲਾੜ ਸਹਿਯੋਗ ਨੂੰ ਲੈ ਕੇ ਵੱਖ ਵੱਖ ਸਮਝੌਤਿਆਂ ’ਤੇ ਸਹੀ ਪਾਈ।