ਅਮਰੀਕੀ ਸਦਨ ਵੱਲੋਂ ਟਰੰਪ ਵਿਰੁੱਧ ਮਹਾਂਦੋਸ਼ ਮਤਾ ਪਾਸ

  • 10 ਰਿਪਬਲਿਕਨਾਂ ਨੇ ਵੀ ਡੈਮੋਕਰੈਟਸ ਦਾ ਦਿੱਤਾ ਸਾਥ
    ਸੈਕਰਾਮੈਂਟੋ, ਕੈਲੀਫੋਰਨੀਆ 14 ਜਨਵਰੀ (ਹੁਸਨ ਲੜੋਆ ਬੰਗਾ) – ਅੱਜ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਖ਼ਿਲਾਫ਼ ਦੂਜੀ ਵਾਰ ਮਹਾਂਦੋਸ਼ ਦਾ ਮਤਾ ਪਾਸ ਹੋਣ ਨਾਲ ਇਤਿਹਾਸ ਸਿਰਜਿਆ ਗਿਆ, ਅਮਰੀਕੀ ਪ੍ਰਤੀਨਿਧ ਸਦਨ ਨੇ ਹਿੰਸਾ ਉਕਸਾਉਣ ਦੇ ਦੋਸ਼ਾਂ ਤਹਿਤ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ 25ਵੀਂ ਸੰਵਿਧਾਨਕ ਸੋਧ ਤਹਿਤ ਮਹਾਂਦੋਸ਼ ਮਤਾ ਪਾਸ ਕਰ ਦਿੱਤਾ। ਮਹਾਂਦੋਸ਼ ਲਾਉਣ ਲਈ ਪੇਸ਼ ਮਤੇ ਦੇ ਹੱਕ ਵਿੱਚ 232 ਤੇ ਵਿਰੋਧ ਵਿੱਚ 197 ਵੋਟਾਂ ਪਈਆਂ, ਇਸ ਤੋਂ ਇਲਾਵਾ 10 ਰਿਪਬਲਿਕਨ ਮੈਂਬਰਾਂ ਨੇ ਵੀ ਮਤੇ ਦੇ ਹੱਕ ਵਿੱਚ ਵੋਟਾਂ ਪਾਈਆਂ। ਇਨ੍ਹਾਂ ਰਿਪਬਲਿਕਨਾਂ ਨੇ ਮਤੇ ਦੇ ਹੱਕ ਵਿੱਚ ਵੋਟਾਂ ਪਾਉਣ ਤੋਂ ਪਹਿਲਾਂ ਕਿਹਾ ਕਿ ਰਾਸ਼ਟਰਪਤੀ ਨੂੰ ਹਰ ਹਾਲਤ ਵਿੱਚ ਹਿੰਸਾ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਜੇਕਰ ਕਾਂਗਰਸ ਉਸ ਵਿਰੁੱਧ ਕਾਰਵਾਈ ਨਹੀਂ ਕਰਦੀ ਤਾਂ ਇਹ ਦੇਸ਼ ਲਈ ਬਹੁਤ ਖ਼ਤਰਨਾਕ ਹੋਵੇਗਾ। ਮੈਂਬਰਾਂ ਨੇ ਕਿਹਾ ਕਿ 20 ਜਨਵਰੀ ਤੋਂ ਪਹਿਲਾਂ ਰਾਸ਼ਟਰਪਤੀ ਨੂੰ ਹਰ ਹਾਲਤ ਵਿੱਚ ਅਹੁਦੇ ਤੋਂ ਲਾਹ ਦੇਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਰਾਸ਼ਟਰਪਤੀ ਵਿਰੁੱਧ ਮਹਾਂਦੋਸ਼ ਮਤੇ ਬਾਰੇ ਬਹਿਸ ਸ਼ੁਰੂ ਕੀਤੀ। ਨੈਨਸੀ ਨੇ ਕਿਹਾ ਕਿ, ‘ਅਸੀਂ ਜਾਣਦੇ ਹਾਂ ਕਿ ਰਾਸ਼ਟਰਪਤੀ ਨੇ ਸਾਡੇ ਦੇਸ਼ ਵਿਰੁੱਧ ਹਿੰਸਾ ਤੇ ਹਥਿਆਰਬੰਦ ਬਗ਼ਾਵਤ ਨੂੰ ਉਕਸਾਇਆ। ਉਸ ਨੂੰ ਅਹੁਦੇ ਤੋਂ ਲਾਹੁਣਾ ਜ਼ਰੂਰੀ ਹੈ। ਇਹ ਸਪਸ਼ਟ ਹੈ ਕਿ ਉਹ ਦੇਸ਼ ਲਈ ਖ਼ਤਰਾ ਹੈ ਜਿਸ ਦੇਸ਼ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ।’ ਇੱਥੇ ਵਰਨਣਯੋਗ ਹੈ ਕਿ 6 ਜਨਵਰੀ ਨੂੰ ਜਦੋਂ ਕਾਂਗਰਸ ਵੱਲੋਂ ਰਾਸ਼ਟਰਪਤੀ ਟਰੰਪ ਤੇ ਜੋਅ ਬਾਇਡੇਨ ਨੂੰ ਮਿਲੀਆਂ ਇਲੈਕਟੋਰਲ ਕਾਲਜ ਵੋਟਾਂ ਦੀ ਰਸਮੀ ਪੁਸ਼ਟੀ ਕੀਤੀ ਜਾਣੀ ਸੀ ਤਾਂ ਵਾਸ਼ਿੰਗਟਨ ਵਿੱਚ ਇਕ ਰੈਲੀ ਦੌਰਾਨ ਰਾਸ਼ਟਰਪਤੀ ਨੇ ਬਹੁਤ ਤਿੱਖਾ ਭਾਸ਼ਣ ਦਿੱਤਾ ਸੀ ਜਿਸ ਉਪਰੰਤ ਭੀੜ ਨੇ ਕੈਪੀਟਲ ਹਿੱਲ ਇਮਾਰਤ ਉੱਪਰ ਧਾਵਾ ਬੋਲ ਦਿੱਤਾ ਸੀ। ਇਸ ਉਪਰੰਤ ਵਾਪਰੀ ਹਿੰਸਾ ਵਿੱਚ ਇਕ ਔਰਤ ਸਮੇਤ 4 ਲੋਕ ਮਾਰੇ ਗਏ ਸਨ। ਹਿੰਸਾ ਵਿੱਚ ਜ਼ਖਮੀ ਹੋਇਆ ਇਕ ਸੁਰੱਖਿਆ ਜਵਾਨ ਬਾਅਦ ਵਿੱਚ ਦਮ ਤੋੜ ਗਿਆ ਸੀ। ਹੁਣ ਇਹ ਮਹਾਂਦੋਸ਼ ਮਤਾ ਸੈਨੇਟ ਕੋਲ ਭੇਜਿਆ ਜਾਵੇਗਾ ਜਿੱਥੇ ਮਤੇ ਨੂੰ ਪਾਸ ਕਰਨ ਲਈ ਦੋ ਤਿਹਾਈ ਬਹੁਮਤ ਦੀ ਲੋੜ ਪਵੇਗੀ ਜੋ ਮਿਲਦਾ ਹੋਇਆ ਸੰਭਵ ਨਜ਼ਰ ਨਹੀਂ ਆ ਰਿਹਾ। ਸੈਨੇਟ ਵਿੱਚ ਰਿਪਬਲਿਕਨ ਪਾਰਟੀ ਕੋਲ ਬਹੁਮਤ ਹੈ ਤੇ ਉਸ ਦੇ 51 ਮੈਂਬਰ ਹਨ ਜਦ ਕਿ ਡੈਮੋਕਰੈਟਸ ਦੇ 50 ਮੈਂਬਰ ਹਨ। 2019 ਵਿੱਚ ਵੀ ਸੈਨੇਟ ਨੇ 52-48 ਦੇ ਫ਼ਰਕ ਨਾਲ ਰਾਸ਼ਟਰਪਤੀ ਵਿਰੁੱਧ ਮਹਾਂਦੋਸ਼ ਪ੍ਰਸਤਾਵ ਰੱਦ ਕਰ ਦਿੱਤਾ ਸੀ ਪਰ ਇਸ ਵਾਰ ਹਾਲਾਤ ਕੁੱਝ ਵੱਖਰੇ ਹਨ। ਰਿਪਬਲਿਕਨ ਸਮਝਦੇ ਹਨ ਕਿ ਟਰੰਪ ਨੇ ਪਾਰਟੀ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਇਸ ਲਈ ਰਿਪਬਲਿਕਨ ਵੀ ਮਤੇ ਦੇ ਹੱਕ ਵਿੱਚ ਵੋਟ ਪਾ ਸਕਦੇ ਹਨ। ਸੈਨੇਟ ਦੇ ਬਹੁਗਿਣਤੀ ਲੀਡਰ ਮਿਚ ਮੈਕੋਨਲ ਨੇ ਕਿਹਾ ਹੈ ਕਿ ਪ੍ਰਤੀਨਿਧ ਸਦਨ ਵੱਲੋਂ ਮਤਾ ਮਿਲਣ ਉਪਰੰਤ ਇਸ ਨੂੰ ਪਹਿਲੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ। ਸੈਨੇਟ ਦੀ ਮੀਟਿੰਗ ਰਾਸ਼ਟਰਪਤੀ ਜੋਅ ਬਾਇਡੇਨ ਵੱਲੋਂ 20 ਜਨਵਰੀ ਨੂੰ ਸਹੁੰ ਚੁੱਕਣ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਨੂੰ ਹੋਣੀ ਹੈ। ਮੈਕੋਨਲ ਅਨੁਸਾਰ ਜੇਕਰ ਸੈਨੇਟ ਇਸ ਹਫ਼ਤੇ ਮਹਾਂਦੋਸ਼ ਪ੍ਰਕ੍ਰਿਆ ਸ਼ੁਰੂ ਕਰ ਦੇਵੇ ਤਾਂ ਵੀ ਰਾਸ਼ਟਰਪਤੀ ਟਰੰਪ ਵੱਲੋਂ ਅਹੁਦਾ ਛੱਡਣ ਤੋਂ ਪਹਿਲਾਂ ਅੰਤਿਮ ਨਤੀਜਾ ਨਹੀਂ ਆ ਸਕੇਗਾ।