ਬਾਇਡੇਨ ਵੱਲੋਂ ਨਿਯੁਕਤ ਸੀ ਆਈ ਏ ਮੁਖੀ ਬਰਨਜ ਮੋਦੀ ਦਾ ਤਿੱਖਾ ਆਲੋਚਕ

ਸੈਕਰਾਮੈਂਟੋ, ਕੈਲੀਫੋਰਨੀਆ 14 ਜਨਵਰੀ (ਹੁਸਨ ਲੜੋਆ ਬੰਗਾ) – ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡੇਨ ਵੱਲੋਂ ਵਿਲੀਅਮ ਬਰਨਜ ਨੂੰ ਸੀ.ਆਈ.ਈ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। 2008 ਵਿੱਚ ਡਾ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਸਮੇਂ ਭਾਰਤ-ਅਮਰੀਕਾ ਪ੍ਰਮਾਣੂ ਸਮਝੌਤਾ ਸਿਰੇ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਬਰਨਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੱਖੇ ਆਲੋਚਕ ਹਨ। ਸਾਬਕਾ ਡਿਪਟੀ ਸੈਕਟਰੀ ਆਫ਼ ਸਟੇਟ ਤੇ ਨੈਸ਼ਨਲ ਸਕਿਉਰਿਟੀ ਕੌਂਸਲ ਵਿੱਚ ਪੂਰਬ ਤੇ ਦੱਖਣ ਏਸ਼ੀਆ ਮਾਮਲਿਆਂ ਬਾਰੇ ਸੀਨੀਅਰ ਡਾਇਰੈਕਟਰ ਵਿਲੀਅਮ ਬਰਨਜ ਨੇ ਭਾਰਤ ਨਾਲ ਸਬੰਧਾਂ ਦੀ ਮਹੱਤਤਾ ਉੱਪਰ ਜ਼ੋਰ ਦਿੰਦਿਆਂ ਕਸ਼ਮੀਰ ਤੇ ਸਿਟੀਜ਼ਨਸ਼ਿਪ ਸੋਧ ਐਕਟ ਨੂੰ ਲੈ ਕੇ ਮੋਦੀ ਦੀ ਅਲੋਚਨਾ ਕੀਤੀ ਸੀ ਤੇ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਬਾਹਰਲੇ ਲੋਕ ਇਹ ਮਸਲਾ ਹੱਲ ਨਹੀਂ ਕਰ ਸਕਦੇ।