ਅਰਜਨਟੀਨਾ ਨੇ ਬ੍ਰਾਜ਼ੀਲ ਨੂੰ ਹਰਾ ਕੇ 28 ਸਾਲ ਬਾਅਦ ਕੋਪਾ ਅਮਰੀਕਾ ਖ਼ਿਤਾਬ ‘ਤੇ ਕਬਜ਼ਾ ਕੀਤਾ

ਰੀਓ ਡੀ ਜੇਨੇਰੀਓ, 10 ਜੁਲਾਈ – ਇੱਥੇ ਸਟਾਰ ਫੁੱਟਬਾਲ ਲਿਓਨਲ ਮੈਸੀ ਦੀ ਟੀਮ ਅਰਜਨਟੀਨਾ ਨੇ ਬ੍ਰਾਜ਼ੀਲ ਨੂੰ ਹਰਾ ਕੇ ਕੋਪਾ ਅਮਰੀਕਾ 2021 ਦਾ ਖ਼ਿਤਾਬ ਜਿੱਤ ਲਿਆ ਹੈ। ਮੈਸੀ ਦੇ ਕੈਰੀਅਰ ਦਾ ਇਹ ਪਹਿਲਾ ਮੇਜਰ ਇੰਟਰਨੈਸ਼ਨਲ ਖ਼ਿਤਾਬ ਹੈ। ਇਸ ਤੋਂ ਪਹਿਲਾਂ ਮੈਸੀ ਦੀ ਕਪਤਾਨੀ ਵਾਲੀ ਅਰਜਨਟੀਨਾ ਨੂੰ 2015 ਅਤੇ 2016 ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਅਰਜਨਟੀਨਾ ਨੇ 28 ਸਾਲ ਬਾਅਦ ਕੋਪਾ ਅਮਰੀਕਾ ਖ਼ਿਤਾਬ ਉੱਤੇ ਕਬਜ਼ਾ ਕੀਤਾ ਹੈ। ਇਸ ਦੇ ਨਾਲ ਹੀ ਅਰਜਨਟੀਨਾ ਨੇ ਉਰੁਗਵੇ ਦੇ ਸਭ ਤੋਂ ਜ਼ਿਆਦਾ ਖ਼ਿਤਾਬੀ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ, ਉਰੁਗਵੇ ਨੇ 15 ਵਾਰ ਖ਼ਿਤਾਬ ਨੂੰ ਆਪਣੇ ਨਾਮ ਕੀਤਾ ਸੀ। ਜਦੋਂ ਬ੍ਰਾਜ਼ੀਲ ਨੇ ਇਹ ਖ਼ਿਤਾਬ 9 ਵਾਰ ਜਿੱਤਿਆ। ਫਾਈਨਲ ਵਿੱਚ ਸੰਸਾਰ ਦੇ ਦੋ ਬੈੱਸਟ ਫਾਰਵਰਡ ਨੇਮਾਰ ਅਤੇ ਮੈਸੀ ਆਹਮੋ-ਸਾਹਮਣੇ ਸਨ।
10 ਜੁਲਾਈ ਦਿਨ ਸ਼ਨੀਵਾਰ ਰਾਤ ਕੋਪਾ ਅਮਰੀਕਾ ਕੱਪ ਦੇ ਫਾਈਨਲ ਵਿੱਚ ਦੋ ਲੰਬੇ ਇੰਤਜ਼ਾਰ ਖ਼ਤਮ ਹੋਏ। ਅਰਜਨਟੀਨਾ ਨੇ 1993 ਤੋਂ ਬਾਅਦ ਪਹਿਲੀ ਵਾਰ ਕੋਈ ਖ਼ਿਤਾਬ ਜਿੱਤਿਆ। ਫਾਈਨਲ ਵਿੱਚ ਉਸ ਨੇ ਬ੍ਰਾਜ਼ੀਲ ਨੂੰ 1-0 ਨਾਲ ਹਰਾਇਆ। ਉੱਥੇ ਹੀ ਲਿਓਨਲ ਮੈਸੀ ਨੇ ਰਾਸ਼ਟਰੀ ਟੀਮ ਲਈ ਆਖ਼ਿਰਕਾਰ ਕੋਈ ਟਰਾਫ਼ੀ ਜਿੱਤੀ। ਉਸ ਦੇ ਕੈਰੀਅਰ ਦੀ ਇਹ ਇੱਕ ਕਮੀ ਸੀ ਜੋ ਪੂਰੀ ਹੋ ਗਈ। ਉਨ੍ਹਾਂ ਦੇ ਮੋਢੇ ਉੱਤੇ ਇਹ ਇੱਕ ਬੋਝ ਦੀ ਤਰ੍ਹਾਂ ਸੀ ਕਿ ਉਨ੍ਹਾਂ ਨੇ ਰਾਸ਼ਟਰੀ ਟੀਮ ਲਈ ਕੋਈ ਵੱਡਾ ਟੂਰਨਾਮੈਂਟ ਨਹੀਂ ਜਿੱਤਿਆ ਹੈ ।
ਅਰਜਨਟੀਨਾ ਲਈ ਰੀਓ ਡੀ ਜੇਨੇਰੀਓ ਦੇ ਮਾਰਾਕਾਨਾ ਸਟੇਡੀਅਮ ਵਿੱਚ ਜੇਤੂ ਗੋਲ 22ਵੇਂ ਮਿੰਟ ‘ਚ ਐਂਜੇਲ ਡੀ ਮਾਰੀਆ ਨੇ ਕੀਤਾ। ਉਨ੍ਹਾਂ ਨੇ ਰੋਡਰਿਗੋ ਡੀ ਪਾਲ ਦੇ ਪਾਸ ਨੂੰ ਗੋਲ ਵਿੱਚ ਬਦਲਾ ਦਿੱਤਾ। 33 ਸਾਲਾਂ ਦੇ ਇਸ ਤਜਰਬੇਕਾਰ ਸਟ੍ਰਾਈਕਰ ਨੇ ਕਮਜ਼ੋਰ ਡਿਫੈਂਸ ਦਾ ਫ਼ਾਇਦਾ ਚੁੱਕਿਆ ਅਤੇ ਗੋਲਕੀਪਰ ਐਡਰਸਨ ਨੂੰ ਛਕਾ ਕੇ ਗੋਲ ਕਰ ਦਿੱਤਾ।