ਐਸ਼ਲੇ ਨੇ ਵਿੰਬਲਡਨ ਮਹਿਲਾ ਸਿੰਗਲਜ਼ ਦਾ ਖ਼ਿਤਾਬ ਆਪਣੇ ਨਾਂ ਕੀਤਾ

ਲੰਡਨ, 11 ਜੁਲਾਈ – ਆਸਟਰੇਲੀਆ ਦੀ 25 ਸਾਲਾ ਐਸ਼ਲੇ ਬਾਰਟੀ ਨੇ ਇੱਥੇ ਮਹਿਲਾ ਸਿੰਗਲਜ਼ ਵਰਗ ਵਿੱਚ ਚੈੱਕ ਗਣਰਾਜ ਦੀ 29 ਸਾਲਾ ਕੈਰੋਲਿਨਾ ਪਲਿਸਕੋਵਾ ਨੂੰ 6-3, 6-7, 6-3 ਨਾਲ ਹਰਾ ਕੇ ਵਿੰਬਲਡਨ ਟੈਨਿਸ ਗਰੈਂਡ ਸਲੈਮ ਟਰਾਫ਼ੀ ਆਪਣੇ ਨਾਂ ਕੀਤੀ। ਇਹ ਉਸ ਦਾ ਦੂਸਰਾ ਗਰੈਂਡ ਸਲੈਮ ਹੈ। ਇਸ ਤੋਂ ਪਹਿਲਾਂ ਉਸ ਨੇ 2019 ਵਿੱਚ ਫਰੈਂਚ ਓਪਨ ਦਾ ਖ਼ਿਤਾਬ ਜਿੱਤਿਆ ਸੀ। ਉਹ 1980 ਵਿੱਚ ਈਵੋਨ ਗੂਲਾਗੋਂਗ ਤੋਂ ਬਾਅਦ ਆਲ ਇੰਗਲੈਂਡ ਕਲੱਬ ਵਿੱਚ ਸਿੰਗਲਜ਼ ਦਾ ਖ਼ਿਤਾਬ ਜਿੱਤਣ ਵਾਲੀ ਪਹਿਲੀ ਆਸਟਰੇਲੀਆਈ ਖਿਡਾਰਨ ਹੈ। ਐਸ਼ਲੇ ਨੇ ਇਕ ਦਹਾਕਾ ਪਹਿਲਾਂ ਵਿੰਬਲਡਨ ਵਿੱਚ ਜੂਨੀਅਰ ਚੈਂਪੀਅਨਸ਼ਿਪ ਜਿੱਤੀ ਸੀ। ਫਿਰ 2014 ਵਿੱਚ ਲਗਪਗ ਦੋ ਸਾਲ ਲਈ ਉਸ ਨੇ ਟੈਨਿਸ ਛੱਡ ਦਿੱਤੀ ਅਤੇ ਕ੍ਰਿਕਟ ਖੇਡੀ। ਕੁੱਝ ਸਮਾਂ ਬਾਅਦ ਉਸ ਨੇ ਮੁੜ ਟੈਨਿਸ ਖੇਡਣ ਦਾ ਫ਼ੈਸਲਾ ਕੀਤਾ।