ਜੋਕੋਵਿਚ ਨੇ ਵਿੰਬਲਡਨ ਚੈਂਪੀਅਨਸ਼ਿਪ ਜਿੱਤੀ

20ਵਾਂ ਗ੍ਰੈਂਡ ਸਲੈਮ ਟਾਈਟਲ ਜਿੱਤ ਕੇ ਫੈਡਰਰ ਤੇ ਨਡਾਲ ਦੀ ਬਰਾਬਰੀ ਕੀਤੀ
ਵਿੰਬਲਡਨ, 11 ਜੁਲਾਈ
– ਇੱਥੇ ਵਿੰਬਲਡਨ ‘ਚ ਪੁਰਸ਼ਾਂ ਦਾ ਸਿੰਗਲਜ਼ ਖ਼ਿਤਾਬ ਦੁਨੀਆ ਨੇ ਨੰਬਰ 1 ਖਿਡਾਰੀ ਸਰਬਿਆ ਦੇ ਨੋਵਾਕ ਜੋਕੋਵਿਚ ਨੇ ਜਿੱਤ ਲਿਆ ਹੈ। 34 ਸਾਲਾ ਜੋਕੋਵਿਚ ਨੇ ਇਸ ਜਿੱਤ ਨਾਲ 20ਵਾਂ ਗ੍ਰੈਂਡ ਸਲੈਮ ਟਾਈਟਲ ਆਪਣੇ ਨਾਂ ਕੀਤਾ। ਉਸ ਨੇ ਦੁਨੀਆ ਦੇ 7ਵੇਂ ਨੰਬਰ ਦੇ ਖਿਡਾਰੀ ਇਟਲੀ ਦੇ 25 ਸਾਲਾ ਮੈਟੀਓ ਬੈਰੀਟੀਨੀ ਨੂੰ 6-7 (4), 6-4, 6-4, 6-3 ਨਾਲ ਹਰਾਇਆ।
ਨੋਵਾਕ ਜੋਕੋਵਿਚ ਨੇ ਇਸ ਜਿੱਤ ਦੇ ਨਾਲ ਹੀ ਰੋਜ਼ਰ ਫੈਡਰਰ ਅਤੇ ਰਾਫੇਲ ਨਡਾਲ ਦੇ 20 ਗ੍ਰੈਂਡ ਸਲੈਮ ਖ਼ਿਤਾਬ ਦੀ ਬਰਾਬਰੀ ਕਰ ਲਈ ਹੈ। ਜੋਕੋਵਿਚ ਨੇ ਆਲ ਇੰਗਲੈਂਡ ਕਲੱਬ ਵਿੱਚ ਲਗਾਤਾਰ ਤੀਸਰੀ ਅਤੇ ਕੁੱਲ ਮਿਲਾ ਕੇ 6ਵੀਂ ਚੈਂਪੀਅਨਸ਼ਿਪ ਜਿੱਤੀ ਹੈ। ਇਸ ਤੋਂ ਇਲਾਵਾ ਆਸਟਰੇਲੀਆਈ ਓਪਨ ‘ਚ 9, ਯੂਐੱਸ ਓਪਨ ‘ਚ 3 ਅਤੇ ਫ੍ਰੈਂਚ ਓਪਨ ‘ਚ 2 ਖ਼ਿਤਾਬ ਜਿੱਤੇ ਹਨ। ਸਰਬਿਆ ਦਾ ਇਹ ਖਿਡਾਰੀ 1969 ਵਿੱਚ ਰੋਡ ਲੈਵਰ ਤੋਂ ਬਾਅਦ ਇੱਕੋ ਇਕ ਖਿਡਾਰੀ ਹੈ ਜਿਸ ਨੇ ਇਕ ਸੀਜ਼ਨ ਵਿੱਚ ਪਹਿਲੇ ਤਿੰਨ ਵੱਡੇ ਟੂਰਨਾਮੈਂਟ ਜਿੱਤੇ। ਉਹ ਕੈਲੰਡਰ-ਸਾਲ ਦੇ ਗ੍ਰੈਂਡ ਸਲੈਮ ਦਾ ਟੀਚਾ ਰੱਖ ਸਕਦਾ ਹੈ, ਇਹ ਸਭ ਕੁੱਝ ਆਖ਼ਰੀ ਵਾਰ ਲੈਵਰ ਨੇ 52 ਸਾਲ ਪਹਿਲਾਂ ਯੂਐੱਸ ਓਪਨ ਵਿੱਚ ਕੀਤਾ ਸੀ, ਜੋ ਕਿ 30 ਅਗਸਤ ਤੋਂ ਸ਼ੁਰੂ ਹੋਣਾ ਹੈ।
ਗੌਰਤਲਬ ਹੈ ਕਿ ਇਹ ਜੋਕੋਵਿਚ ਦਾ 30ਵਾਂ ਵੱਡਾ ਫਾਈਨਲ ਸੀ, ਜਦੋਂ ਕਿ ਪੁਰਸ਼ਾਂ ਵਿੱਚ ਸਿਰਫ਼ ਰੋਜ਼ਰ ਫੈਡਰਰ ਨੇ 31 ਫਾਈਨਲ ਖੇਡੇ ਹਨ। ਇਹ ਇਟਲੀ ਦੇ ਮੈਟੀਓ ਬੈਰੀਟੀਨੀ ਦਾ ਪਹਿਲਾ ਗਰੈਂਡ ਸਲੈਮ ਫਾਈਨਲ ਸੀ।
ਨੋਵਾਕ ਜੋਕੋਵਿਚ ਦੇ ਗ੍ਰੈਂਡ ਸਲੈਮ ਟਾਈਟਲ: ਆਸਟਰੇਲੀਅਨ ਓਪਨ (2008), ਆਸਟਰੇਲੀਅਨ ਓਪਨ (2011), ਵਿੰਬਲਡਨ (2011), ਯੂਐੱਸ ਓਪਨ (2011), ਆਸਟਰੇਲੀਅਨ ਓਪਨ (2012), ਆਸਟਰੇਲੀਅਨ ਓਪਨ (2013), ਵਿੰਬਲਡਨ (2014), ਆਸਟਰੇਲੀਅਨ ਓਪਨ (2015), ਵਿੰਬਲਡਨ (2015), ਯੂਐੱਸ ਓਪਨ (2015), ਆਸਟਰੇਲੀਅਨ ਓਪਨ (2016), ਫ੍ਰੈਂਚ ਓਪਨ (2016), ਵਿੰਬਲਡਨ (2018), ਯੂਐੱਸ ਓਪਨ (2019), ਆਸਟਰੇਲੀਅਨ ਓਪਨ (2019), ਵਿੰਬਲਡਨ (2019), ਆਸਟਰੇਲੀਅਨ ਓਪਨ (2020), ਆਸਟਰੇਲੀਅਨ ਓਪਨ (2021),ਫ੍ਰੈਂਚ ਓਪਨ (2021), ਵਿੰਬਲਡਨ (2021)