ਅਸਤੀਫ਼ਾ ਦੇਣ ਦਾ ਸਵਾਲ ਹੀ ਨਹੀਂ – ਡਾ. ਮਨਮੋਹਨ ਸਿੰਘ

ਅਮਰੀਕਾ ਤੋਂ ਵਤਨ ਪਰਤਦਿਆਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਆਪਣੇ ਵਿਸ਼ੇਸ਼ ਜਹਾਜ਼ ਹਵਾਈ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਦੋਸ਼ੀ ਕਰਾਰ ਦਿੱਤੇ ਸਿਆਸਤਦਾਨਾਂ ਬਾਰੇ ਲਿਆਂਦੇ ਆਰਡੀਨੈਂਸ ਮਾਮਲੇ ‘ਚ ਅਸਤੀਫ਼ਾ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਉਨ੍ਹਾਂ ਕਿਹਾ ਕਿ ਮੈਂ ਉਤਾਰ-ਚੜ੍ਹਾਓ ਦੇਖੇ ਹਨ ਅਤੇ ਕਦੀ ਪਰੇਸ਼ਾਨ ਨਹੀਂ ਹੁੰਦਾ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਆਰਡੀਨੈਂਸ ਮਾਮਲੇ ‘ਚ ਰਾਹੁਲ ਗਾਂਧੀ ਨਾਲ ਵਿਚਾਰ-ਵਟਾਂਦਰਾ ਕਰਨ ਮਗਰੋਂ ਹੀ ਵਾਪਸ ਲੈਣ ਬਾਰੇ ਸੋਚਿਆ ਜਾਵੇਗਾ। ਜ਼ਿਕਰਯੋਗ ਹੈ ਕਿ ਦਿੱਲੀ ਦੇ ਪ੍ਰੈਸ ਕਲੱਬ ਵਿਖੇ ਰਾਹੁਲ ਗਾਂਧੀ ਨੇ ਅਚਾਨਕ ਪਹੁੰਚ ਕੇ ਆਰਡੀਨੈਂਸ ਦੀ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕੀਤੀ ਸੀ। ਰਾਹੁਲ ਗਾਂਧੀ ਨੇ ਦਾਗ਼ੀ ਕਾਨੂੰਨ ਸਾਜ਼ਾਂ ਬਾਰੇ ਸਰਕਾਰ ਦੇ ਆਰਡੀਨੈਂਸ ਨੂੰ ਬਕਵਾਸ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਇਸ ਨੂੰ ਪਾੜ ਕੇ ਰੱਦੀ ਦੀ ਟੋਕਰੀ ‘ਚ ਸੁੱਟ ਦੇਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ‘ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਕਿ ਸੈਕੁਲਰ ਤਾਕਤਾਂ ਮੋਦੀ ਦੇ ਖ਼ਿਲਾਫ਼ ਹਨ।