ਅੰਮ੍ਰਿਤਸਰ ਵਿਕਾਸ ਮੰਚ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਦਿਹਾੜਾ ਰਾਮ ਬਾਗ਼ (ਕੰਪਨੀ ਬਾਗ਼) ਵਿੱਚ ਮਨਾਇਆ

ਸਮਾਗਮ ਵਿੱਚ ਸ਼ਾਮਿਲ ਅੰਮ੍ਰਿਤਸਰ ਵਿਕਾਸ ਮੰਚ ਦੇ ਮੈਂਬਰ ਤੇ ਹੋਰ
ਬਾਗ਼ ਦੀ ਦੁਰਦਸ਼ਾ ਬਿਆਨ ਕਰਦੀਆਂ ਤਸਵੀਰਾਂ

ਅੰਮ੍ਰਿਤਸਰ, 15 ਨਵੰਬਰ (ਡਾ.ਚਰਨਜੀਤ ਸਿੰਘ ਗੁਮਟਾਲਾ) – ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਦਿਹਾੜਾ ਬੀਤੇ ਦਿਨ ਸਥਾਨਕ ਰਾਮ ਬਾਗ਼ (ਕੰਪਨੀ ਬਾਗ਼) ਵਿੱਚ ਬੜੇ ਸਤਿਕਾਰ ਸਹਿਤ ਮਨਾਇਆ ਗਿਆ ਅਤੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਪਾਸੋਂ ਮੰਗ ਕੀਤੀ ਗਈ ਹੈ ਕਿ ਬਾਗ਼ ਦੀ ਸਾਂਭ-ਸੰਭਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਇਸ ਨੂੰ ਇੱਕ ਦਿਲਕਸ਼ ਬਾਗ਼ ਵਜੋਂ ਵਿਕਸਤ ਕੀਤਾ ਜਾਵੇ ਤਾਂ ਕਿ ਯਾਤਰੂਆਂ ਲਈ ਵੀ ਇਹ ਖਿੱਚ ਦਾ ਕੇਂਦਰ ਹੋਵੇ। ਬਾਗ਼ ਦਾ ਆਧੁਨਿਕ ਤਰੀਕੇ ਨਾਲ ਕੀਤਾ ਅੰਤਰਰਾਸ਼ਟਰੀ ਪੱਧਰ ਦਾ ਵਿਕਾਸ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਅਸਲੀ ਅਤੇ ਢੁਕਵੀਂ ਸ਼ਰਧਾਂਜਲੀ ਹੋਵੇਗੀ।
ਸੰਨ 1990 ਤੱਕ ਤਾਂ ਰਾਮ ਬਾਗ਼ ਦੀ ਸ਼ਾਨ ਅਤੇ ਸੰਭਾਲ ਤਸੱਲੀ ਬਖ਼ਸ਼ ਸੀ ਪ੍ਰੰਤੂ ਉਸ ਉਪਰੰਤ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਗ਼ ਦੀ ਸਾਂਭ-ਸੰਭਾਲ ਨੂੰ ਤਕਰੀਬਨ ਵਿਸਾਰ ਹੀ ਦਿੱਤਾ। ਅੱਜ ਬਾਗ਼ ਦੀ ਸਾਂਭ-ਸੰਭਾਲ ਪੱਖੋਂ ਹਾਲਤ ਬੇਹੱਦ ਤਰਸਯੋਗ ਹੈ। ਡਿਉੜੀ ਤੋਂ ਸਰਵਿਸ ਕਲੱਬ ਡਿਉੜੀ ਤੱਕ ਦਾ ਸਾਰਾ ਖੇਤਰ ਬੜੀ ਬੁਰੀ ਹਾਲਤ ਵਿੱਚ ਹੈ। ਸਾਫ਼ ਸਫ਼ਾਈ ਪੱਖੋਂ ਬਹੁਤ ਮੰਦੀ ਹਾਲਤ ਹੈ। ਬਾਗ਼ ਦੇ ਇਕ ਹਿੱਸੇ ਵਿੱਚੋਂ ਦੋ-ਤਿੰਨ ਫੁੱਟ ਮਿੱਟੀ ਪੁੱਟ ਲਈ ਗਈ ਸੀ, ਜਿਸ ਕਾਰਨ ਦਰੱਖਤਾਂ ਦੀਆਂ ਜੜ੍ਹਾਂ ਕਮਜ਼ੋਰ ਪੈ ਗਈਆਂ ਹਨ। ਕਈ ਦਰੱਖਤ ਜੜ੍ਹੋਂ ਡਿਗ ਪਏ ਹਨ। ਇਹ ਮਿੱਟੀ ਸਾਡਾ ਪਿੰਡ ਦੀ ਭਰਤੀ ਲਈ ਭੇਜੀ ਗਈ। ਜਿੱਥੋਂ ਵੰਨ-ਸੁਵੰਨੇ ਫੁੱਲਾਂ ਦੀ ਖ਼ੁਸ਼ਬੂ ਆਉਣੀ ਚਾਹੀਦੀ ਹੈ, ਉੱਥੇ ਥਾਂ ਥਾਂ ਜੰਗਲੀ ਝਾੜੀਆਂ ਅਤੇ ਨਦੀਨ ਉੱਗੇ ਹੋਏ ਹਨ। ਸਥਾਨਿਕ ਰਾਜਨੀਤਕ ਨੇਤਾਵਾਂ ਦੀ ਸ਼ਹਿ ਤੇ ਬਾਗ਼ ਦਾ ਵੱਡਾ ਹਿੱਸਾ ਗੈਰ ਕਾਨੂੰਨੀ ਅਤੇ ਗੈਰ ਸਿਧਾਂਤਕ ਤਰੀਕਿਆਂ ਤਹਿਤ ਵੱਖ-ਵੱਖ ਅਦਾਰਿਆਂ ਦੇ ਹਵਾਲੇ ਕੀਤਾ ਹੋਇਆ ਹੈ। ਸਵੱਛ ਪਾਰਕ ਸਕੀਮ ਅਧੀਨ ਇਕ ਏਕੜ ਵਿੱਚ ਦੋ ਮਾਲੀ ਚਾਹੀਦੇ ਹਨ। ਇਸ ਹਿਸਾਬ ਨਾਲ 88 ਏਕੜ ਬਾਗ਼ ਵਿੱਚ 176 ਮਾਲੀ ਚਾਹੀਦੇ ਹਨ ਪਰ ਇਸ ਸਮੇਂ ਕੇਵਲ ਪੰਜ ਛੇ ਮਾਲੀਆਂ ਨਾਲ ਕੰਮ ਸਾਰਿਆ ਜਾ ਰਿਹਾ ਹੈ। ਸਮਰ ਪੈਲੇਸ, ਜਿਸ ਦੀ ਉਸਾਰੀ ਲਗਭਗ ਦੋ ਸਾਲ ਦੇ ਸਮੇਂ ਵਿੱਚ ਮੁਕੰਮਲ ਹੋ ਗਈ ਸੀ, ਦੇ ਨਵੀਨੀਕਰਨ ਤੇ ਪੰਦਰਾਂ ਸਾਲ ਲਗ ਗਏ ਪਰ ਕੰਮ ਅਜੇ ਵੀ ਨਹੀਂ ਮੁੱਕਾ।ਬਾਗ਼ ਵਿੱਚ ਕਾਰਾਂ, ਥ੍ਰੀ ਵੀਲ੍ਹਰ, ਦੋਪਹੀਆ ਵਾਹਨ ਖ਼ੁਲੇਆਮ ਫਿਰਦੇ ਹਨ , ਜੋ ਦੁਨੀਆ ਦੇ ਕਿਸੇ ਬਾਗ਼ ਵਿੱਚ ਨਹੀਂ, ਇੱਥੇ ਵੀ ਇਨ੍ਹਾਂ ‘ਤੇ ਪਾਬੰਦੀ ਲਾਈ ਜਾਵੇ। ਇਨ੍ਹਾਂ ਦੀ ਪਾਰਕਿੰਗ ਬਾਹਰ ਹੋਵੇ ਜਿਵੇਂ ਕਿ ਪੰਜਾਬ ਸਰਕਾਰ ਅਤੇ ਏਐੱਸਆਈ ਸਮਝੌਤੇ ਵਿੱਚ ਦਰਜ ਹੈ। ਇਸ ਸਮਝੌਤੇ ਵਿੱਚ ਬਾਗ਼ ਦੀ ਸਾਂਭ ਸੰਭਾਲ ਨਗਰ ਨਿਗਮ ਨੇ ਕਰਨੀ, ਜੋ ਕਿ ਨਹੀਂ ਕੀਤੀ ਜਾ ਰਹੀ।
ਵਰਨਣਯੋਗ ਹੈ ਕਿ ਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਇਸ ਇਤਿਹਾਸਿਕ ਬਾਗ਼ ਨੂੰ ਲਾਉਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਸੰਨ 1819 ਵਿੱਚ ਆਪਣੇ ਨਿਪੁੰਨ ਅਤੇ ਇਤਬਾਰੀ ਅਫ਼ਸਰਾਂ ਦੀਆਂ ਸੇਵਾਵਾਂ ਲਈਆਂ ਸਨ। ਉਨ੍ਹਾਂ ਅਧਿਕਾਰੀਆਂ ਨੇ ਬੜੀ ਮਿਹਨਤ ਅਤੇ ਰੀਝ ਨਾਲ ਬਹੁਤ ਦੁਰਲੱਭ ਅਤੇ ਆਕਰਸ਼ਕ ਫੁੱਲਦਾਰ ਅਤੇ ਛਾਂਦਾਰ ਬੂਟੇ ਅਤੇ ਰੁੱਖ ਦੂਰ ਦੁਰਾਡੇ ਹਿਮਾਲਿਆ ਪਰਬਤ ਅਤੇ ਨੀਲਗਿਰੀ ਪਹਾੜੀ ਇਲਾਕਿਆਂ ਵਿੱਚੋਂ ਲਿਆ ਕੇ ਬਾਗ਼ ਨੂੰ ਲਾਹੌਰ ਦੇ ਸ਼ਾਲੀਮਾਰ ਬਾਗ਼ ਦੀ ਤਰਜ਼ ‘ਤੇ ਦਿਲਕਸ਼ ਬਣਾਇਆ ਤੇ ਇਸ ਨੂੰ ਗਰਮੀਆਂ ਦੀ ਰਾਜਧਾਨੀ ਬਣਾਇਆ।
ਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਸੀ। ਹਰ ਕੀਮਤੀ ਤੋਹਫ਼ੇ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਂਟ ਕਰਕੇ ਮਹਾਰਾਜਾ ਆਪਣੇ ਆਪ ਨੂੰ ਵਡਭਾਗੀ ਸਮਝਦਾ ਸੀ। ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ‘ਤੇ ਹੀ ਮਹਾਰਾਜਾ ਨੇ ਰਾਮ ਬਾਗ਼ ਬਣਾਇਆ, ਜਿਸ ਦਾ ਨਾਮ ਅੰਗਰੇਜ਼ਾਂ ਨੇ ਈਸਟ ਇੰਡੀਆ ਦੇ ਨਾਂ ‘ਤੇ ਕੰਪਨੀ ਬਾਗ਼ ਵਿੱਚ ਤਬਦੀਲ ਕਰ ਦਿੱਤਾ। ਬਾਗ਼ ਦੇ ਵਿਚਕਾਰ ਸ਼ੇਰ-ਏ-ਪੰਜਾਬ ਨੇ ਸਮਰ ਪੈਲੇਸ ਤਾਮੀਰ ਕਰਵਾਇਆ। ਇਸ ਦੇ ਨਾਲ ਹੀ ਸ਼ਾਨਦਾਰ ਤਿੰਨ ਡਿਓੜੀਆਂ, ਚਾਰ ਨਿਗਰਾਨ ਟਾਵਰ, ਬਾਰਾਂਦਰੀਆਂ ਅਤੇ ਹਮਾਮ ਘਰ ਦੀ ਉਸਾਰੀ ਕਰਵਾਈ। ਦੀਵਾਲੀ, ਵਿਸਾਖੀ ਅਤੇ ਹੋਰ ਦਿਨ ਦਿਹਾੜਿਆਂ ਮੌਕੇ ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ ਵਿੱਚ ਠਹਿਰਦੇ ਸਨ ਅਤੇ ਇੱਥੋਂ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਜਾਂਦੇ ਸਨ।
ਇਸ ਸਮਾਗਮ ਵਿੱਚ ਮੰਚ ਦੇ ਪ੍ਰਧਾਨ ਮਨਮੋਹਣ ਸਿੰਘ ਬਰਾੜ, ਸਰਪ੍ਰਸਤ ਡਾ.ਚਰਨਜੀਤ ਸਿੰਘ ਗੁਮਟਾਲਾ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਇੰਜ. ਦਲਜੀਤ ਸਿੰਘ ਕੋਹਲੀ, ਸਕੱਤਰ ਯੋਗੇਸ਼ ਕਾਮਰਾ, ਕਾਰਜਕਾਰੀ ਮੈਂਬਰ ਕਾਮਰੇਡ ਯਸ਼ਪਾਲ ਝਬਾਲ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਗੁਰਪ੍ਰਤਾਪ ਸਿੰਘ ਗੁਰੀ, ਇੰਜ. ਮਨਜੀਤ ਸਿੰਘ ਸੈਣੀ, ਕਾਮਰੇਡ ਸੁੱਚਾ ਸਿੰਘ ਅਜਨਾਲਾ, ਸ. ਬਲਬੀਰ ਸਿੰਘ ਮੂਧਲ ਪ੍ਰਧਾਨ ਇਪਟਾ ਅੰਮ੍ਰਿਤਸਰ ਬ੍ਰਾਂਚ, ਕਾਮਰੇਡ ਜੋਗਿੰਦਰ ਲਾਲ ਅਤੇ ਹੋਰ ਮੈਂਬਰਾਂ ਨੇ ਭਾਗ ਲਿਆ।

ਬਾਗ਼ ਦੀ ਦੁਰਦਸ਼ਾ ਬਿਆਨ ਕਰਦੀਆਂ ਤਸਵੀਰਾਂ