ਜੇਡੀਯੂ ਆਗੂ ਨਿਤੀਸ਼ ਕੁਮਾਰ ਨੇ 7ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸੌਂ ਚੁੱਕੀ

ਤਾਰਕਿਸ਼ੋਰ ਪ੍ਰਸਾਦ ਤੇ ਰੇਣੂ ਦੇਵੀ ਨੇ ਉਪ ਮੁੱਖ ਮੰਤਰੀ ਵਜੋਂ ਹਲਫ਼ ਲਿਆ
ਪਟਨਾ, 17 ਨਵੰਬਰ –
16 ਨਵੰਬਰ ਦਿਨ ਸੋਮਵਾਰ ਨੂੰ ਜਨਤਾ ਦਲ ਯੂਨਾਈਟਿਡ (ਜੇਡੀਯੂ) ਆਗੂ ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ 7ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਉਨ੍ਹਾਂ ਦੇ ਨਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 7 ਮੰਤਰੀਆਂ, ਜੇਡੀਯੂ ਦੇ 5 ਮੰਤਰੀਆਂ, ‘ਹਮ’ ਪਾਰਟੀ ਅਤੇ ਵੀਆਈਪੀ ਪਾਰਟੀ ਦੇ 1-1 ਮੰਤਰੀ ਨੇ ਹਲਫ਼ ਲਿਆ।
ਭਾਜਪਾ ਆਗੂ ਤਾਰਕਿਸ਼ੋਰ ਪ੍ਰਸਾਦ ਤੇ ਭਾਜਪਾ ਉਪ ਆਗੂ ਰੇਣੂ ਦੇਵੀ ਨੇ ਉਪ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਤਾਰਕਿਸ਼ੋਰ ਪ੍ਰਸਾਦ ਕਟਿਹਾਰ ਤੋਂ ਚੌਥੀ ਵਾਰ ਵਿਧਾਇਕ ਚੁਣੇ ਗਏ ਹਨ ਅਤੇ ਰੇਣੂ ਦੇਵੀ ਬੇਤੀਆ ਤੋਂ ਵਿਧਾਇਕ ਹਨ। ਬੀਤੇ ਦਿਨੀਂ ਹੋਈ ਮੀਟਿੰਗ ਵਿੱਚ ਤਾਰਕਿਸ਼ੋਰ ਨੂੰ ਭਾਜਪਾ ਵਿਧਾਨ ਮੰਡਲ ਦਾ ਆਗੂ ਅਤੇ ਰੇਣੂ ਦੇਵੀ ਨੂੰ ਉਪ ਆਗੂ ਚੁਣਿਆ ਗਿਆ ਸੀ। ਬਿਹਾਰ ਵਿੱਚ ਹਾਲ ਹੀ ਵਿੱਚ ਸਮਾਪਤ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਨੂੰ 125 ਸੀਟਾਂ ਮਿਲੀਆਂ ਸਨ, ਜਿਨ੍ਹਾਂ ਵਿੱਚ ਨਿਤੀਸ਼ ਕੁਮਾਰ ਦੇ ਜਨਤਾ ਦਲ ਯੂਨਾਈਟਿਡ ਨੂੰ 43 ਸੀਟਾਂ ਅਤੇ ਭਾਜਪਾ ਨੂੰ 74 ਸੀਟਾਂ ਮਿਲੀਆਂ ਸਨ। ਜਦੋਂ ਕਿ ਮਹਾਂ ਗੱਠਜੋੜ ਨੂੰ 110 ਸੀਟਾਂ ਮਿਲੀਆਂ। ਰਾਸ਼ਟਰੀ ਜਨਤਾ ਦਲ (ਆਰਜੇਡੀ) 75 ਸੀਟਾਂ ਨਾਲ ਬਿਹਾਰ ਚੋਣਾਂ ਵਿੱਚ ਸਭ ਤੋਂ ਵੱਢੀ ਪਾਰਟੀ ਬਣ ਕੇ ਉੱਭਰੀ, ਜਦੋਂ ਕਿ ਕਾਂਗਰਸ 70 ਸੀਟਾਂ ਵਿੱਚੋਂ ਸਿਰਫ਼ 19 ਸੀਟਾਂ ਹੀ ਜਿੱਤ ਸਕੀ। ਇਸ ਤੋਂ ਇਲਾਵਾ ਖੱਬੇ ਪੱਖੀ ਦਲਾਂ ਨੂੰ 16 ਸੀਟਾਂ ਹਾਸਿਲ ਹੋਈਆਂ। ਉੱਧਰ, ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਆਗੂ ਸਮਾਗਮ ਤੋਂ ਦੂਰ ਰਹੇ।