ਅੰਮ੍ਰਿਤਸਰ ਵਿਕਾਸ ਮੰਚ ਵਲੋਂ ਨਾਮਵਰ ਅਫ਼ਸਰ ਤੇ ਪੰਜਾਬੀ ਲੇਖਕ ਨ੍ਰਿਪਇੰਦਰ ਸਿੰਘ ਰਤਨ ਦੇ ਅਕਾਲ ਚਲਾਣੇ ‘ਤੇ ਦੁਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ 15 ਨਵੰਬਰ – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਨਾਮਵਰ ਅਫ਼ਸਰ ਤੇ ਪੰਜਾਬੀ ਲੇਖਕ ਨ੍ਰਿਪਇੰਦਰ ਸਿੰਘ ਰਤਨ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁਖ਼ ਦਾ ਪ੍ਰਗਟਾਵਾ ਕੀਤਾ ਗਿਆ।ਪ੍ਰੈਸ ਨੂੰ ਜਾਰੀ ਇਕ ਸਾਂਝੇ ਬਿਆਨ ਵਿਚ ਮੰਚ ਦੇ ਸਰਪ੍ਰਸਤ ਪ੍ਰੋਫ਼ੈਸਰ ਮੋਹਨ ਸਿੰਘ, ,ਡਾ. ਚਰਨਜੀਤ ਸਿੰਘ ਗੁਮਟਾਲਾ, ਸ. ਮਨਮੋਹਨ ਸਿੰਘ ਬਰਾੜ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਤੇ ਸ. ਹਰਦੀਪ ਸਿੰਘ ਚਾਹਲ ,ਪ੍ਰਧਾਨ ਇੰਜ. ਹਰਜਾਪ ਸਿੰਘ ਔਜਲਾ, ਸੀਨੀਅਰ ਮੀਤ ਡਾ. ਇੰਦਰਜੀਤ ਸਿੰਘ ਗੋਗੋਆਣੀ ਤੇ ਜਨਰਲ ਸਕੱਤਰ ਸ.ਸੁਰਿੰਦਰਜੀਤ ਸਿੰਘ ਬਿੱਟੂ ਤੇ ਸਮੂਹ ਮੈਂਬਰਾਨ ਵੱਲੋਂ ਵਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਨੇਕ ਤੇ ਮਿਹਨਤੀ ਅਧਿਕਾਰੀ ਵੱਜੋਂ ਜਾਣੇ ਜਾਂਦੇ ਸਨ।ਉਨ੍ਹਾਂ ਨੇ ਮੁਢਲੀ ਸਿੱਖਿਆਂ ਸ੍ਰੀ ਗੁਰੂ ਰਾਮ ਦਾਸ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਇਨ੍ਹਾਂ ਦੇ ਪਿਤਾ ਗਿਆਨੀ ਮਹਿੰਦਰ ਸਿੰਘ ਰਤਨ ਗੁਰਬਾਣੀ ਦੇ ਵੱਡੇ ਵਿਦਵਾਨ ਸਨ। ਇਨ੍ਹਾਂ ਦਾ ਸਾਰਾ ਪਰਿਵਾਰ ਪੜ੍ਹਨ ਲਿਖਣ ਵਾਲਾ ਸੀ। ਮੁੱਢਲੇ ਤੌਰ ’ਤੇ ਇਹ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਛਾਪਣ ਦਾ ਕੰਮ ਕਰਦਾ ਸੀ।
ਉਨ੍ਹਾਂ ਨੇ ਬਤੌਰ ਅਫ਼ਸਰ ਵੱਖ ਵੱਖ ਆਹੁਦਿਆਂ ‘ਤੇ ਕੰਮ ਕੀਤਾ ।ਜਦ ਸਾਕਾ ਨੀਲਾ ਤਾਰਾ ਹੋਇਆ ਤਾਂ ਉਹ ਉਸ ਸਮੇਂ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਸਨ।ਉੁਨ੍ਹਾਂ ਨੇ ਉਸ ਸਮੇਂ ਬੜਾ ਉਸਾਰੂ ਰੋਲ ਨਿਭਾਇਆ।ਜਦ 8 ਜੂਨ 1984 ਨੂੰ ਉਸ ਸਮੇਂ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਰਬਾਰ ਸਾਹਿਬ ਆਏ ਤਾਂ ਆਪ ਉਸ ਸਮੇਂ ਦਰਬਾਰ ਸਾਹਿਬ ਉਨ੍ਹਾਂ ਦੇ ਨਾਲ ਸਨ।ਉਨ੍ਹਾਂ ਨੇ ਆਪਣੀ ਪੁਸਤਕ ਉਪਰੇਸ਼ਨ ਬਲਿਊ ਸਟਾਰ84 ਵਿੱਚ ਇਸ ਬਾਰੇ ਬੜੇ ਵਿਸਥਾਰ ਨਾਲ ਲਿਖਿਆ ਹੈ।ਉਹ ਪੰਨਾ 38 ਵਿਚ ਲਿਖਦੇ ਹਨ ਕਿ ਜਦ ਕਾਫ਼ਲਾ ਕਿਲ੍ਹੇ( ਭਾਵ ਕਿਲ੍ਹਾ ਗੋਬਿੰਦ ਗੜ੍ਹ) ਗਿਆ ਤਾਂ ਉੱਥੇ ਫ਼ੌਜ ਨੇ ਸਾਰੇ ਫੜੇ ਹਥਿਆਰ ਦਿਖਾਉਣ ਲਈ ਰਖੇ ਸਨ, ਕਈ ਐੱਸ ਐਲਆਜ਼,ਚੀਨੀ ਮਸ਼ੀਨਗੰਨ,ਰਸ਼ੀਅਨ ਰਾਈਫਲਾਂ, ਚੈਕੋਸਲਾਵਾਕੀਅਨ ਬੁਲੈਟ ਬੈਲਟਸ ਹੋੇਰ ਕੀ ਕੁਝ ਨਹੀਂ ਸੀ। ਉਹ ਅੱਗੇ ਲਿਖਦੇ ਹਨ ਕਿ ਜਦੋਂ ਹਥਿਆਰਾਂ ਵਿੱਚ ਪਈਆਂ ਕੁਝ ਤਲਵਾਰਾਂ,ਖੰਡੇ, ਚੱਕਰ ਆਦਿ ਦਿਖਾਉਣ ਲੱਗੇ ਤਾਂ ਉਨ੍ਹਾਂ ਨੇ ਟੋਕ ਕੇ ਗਿਅਨੀ ਜੀ ਨੂੰ ਕਿਹਾ ਕਿ ਇਹ ਤਾਂ ਪੁਰਾਣੇ ਇਤਿਹਾਸਿਕ ਹਥਿਅਰ ਹਨ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਖੇ ਹਰ ਰੋਜ਼ ਰਾਤ ਨੂੰ ਦਿਖਾਇ ਜਾਂਦੇ ਹਨ। ਉਨ੍ਹਾਂ ਦੇ ਕਹਿਣ ਦੀ ਪੁਸ਼ਟੀ ਗਿਆਨੀ ਜੀ ਨੇ ਕੀਤੀ ਤੇ ਇਨ੍ਹਾਂ ਨੂੰ ਵੱਖ ਕਰਨ ਲਈ ਕਿਹਾ।ਉਨ੍ਹਾਂ ਨੂੰ ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿੱਖੇ27 ਫ਼ਰਵਰੀ 2011 ਨੂੰ 12ਵਾਂ ਬਾਈ ਮੱਲ ਸਿੰਘ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਇਕ ਦਰਜਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਜਿਨ੍ਹਾਂ ਵਿੱਚ ਉਨ੍ਹਾਂ ਦੀ ਜੀਵਨੀ, ‘ ਰਤਨ ਕੋਠੜੀ ਖੁਲ੍ਹੀ ਅਨੂਪਾ’, ਸਾਕਾ ਨੀਲਾ ਤਾਰਾ ‘ਤੇ ਪੁਸਤਕ ‘ਉਪਰੇਸ਼ਨ ਬਲਿਊ ਸਟਾਰ84’, ਤਿੰਨ ਕਾਵਿ ਸੰਗ੍ਰਹਿ, ‘ਸਾਹਾਂ ਦੀ ਪੱਤਰੀ’, ‘ਤੀਸਰਾ ਬਨਵਾਸ’, ‘ਜੋ ਹਲਾਹਲ ਪੀਂਵਦੇ’, ਤਿੰਨ ਕਹਾਣੀ ਸੰਗ੍ਰਹਿ, ‘ਆਰਜ਼ੀ ਫਾਇਲ’ ‘ਇਕ ਅਫ਼ਸਰ ਦਾ ਜਨਮ’, ‘ਸ਼ੇਰਾਂ ਦਾ ਵਾਨ ਪ੍ਰਸਤ’ ਤੋਂ ਇਲਾਵਾ ਉਨ੍ਹਾਂ ਨੇ ਚਾਰ ਲੇਖਾਂ ਦੀਆਂ ਕਿਤਾਬਾਂ ‘ਮੇਰੀ ਪਹਿਲੀ ਕਮਾਈ’, ‘ਇਕ ਦਰਵੇਸ਼ ਮੰਤਰੀ’, ‘ਚੁਰਾਸੀ ਦੇ ਚੱਕਰ’ ਤੇ ‘ਜੋ ਬੋਲੇ ਸੋ ਗੱਦਾਰ’ ਸ਼ਾਮਿਲ ਹਨ।ਉਹ ਭਾਵੇਂ ਸਾਡੇ ਵਿੱਚ ਨਹੀਂ ਰਹੇ ਪਰ ਉਨ੍ਹਾਂ ਵੱਲੋਂ ਕੀਤੇ ਸਾਹਿਤਕ ਤੇ ਸਮਾਜ ਭਲਾਈ ਕੰਮਾਂ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।
ਜਾਰੀ ਕਰਤਾ: ਡਾ ਚਰਨਜੀਤ ਸਿੰਘ ਗੁਮਟਾਲਾ, 0019375739812 ਯੂ ਐਸ ਏ 919417533060 ਵਟਸ ਐਪ