ਪੰਜਾਬੀ ਸਿਨੇਮਾ ‘ਚ ਨਿਵੇਕਲੀ ਪਛਾਣ ਦਰਸਾਵੇਗੀ ਫ਼ਿਲਮ ‘ਬਿਨਾ ਬੈਂਡ ਚੱਲ ਇੰਗਲੈਂਡ’

ਪੰਜਾਬੀ ਫਿਲਮੀ ਖੇਤਰ ‘ਚ ਹੁਣ ਬਹੁਤ ਕੁਝ ਨਵਾਂ ਅਤੇ ਵੱਖਰਾ ਵੇਖਣ ਨੂੰ ਮਿਲ ਰਿਹਾ ਹੈ।ਹਰ ਹਫਤੇ ਕਿਸੇ ਨਾ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਫਿਲਮਾਂ ਰਿਲੀਜ਼ ਹੋ ਰਹੀਆਂ ਹਨ।ਇਸੇ ਰੁਝਾਨ ਤਹਿਤ ਇੱਕ ਨਵੇਂ ਅਤੇ ਬਿਲਕੁੱਲ ਵੱਖਰੇ ਵਿਸ਼ੇ ‘ਤੇ ਅਧਾਰਿਤ ਪੰਜਾਬੀ ਫ਼ਿਲਮ ‘ਬਿਨਾ ਬੈਂਡ ਚੱਲ ਇੰਗਲੈਂਡ’17 ਨਵੰਬਰ ਨੂੰ ਸਿਨੇਮਾਂ ਘਰਾਂ ਵਿੱਚ ਰੀਲੀਜ਼ ਹੋਣ ਜਾ ਰਹੀ ਹੈ।‘ਵੀ ਆਈ ਪੀ ਫ਼ਿਲਮਸ ਯੂ ਐਸ ਏ’ ਬੈਨਰ ਹੇਠ ਬਣੀ ਇਸ ਫਿਲਮ ਦੇ ਹੀਰੋ ਰੌਸ਼ਨ ਪ੍ਰਿੰਸ ਅਤੇ ਹੀਰੋਇਨ ਨਵਾਂ ਚਹਿਰਾ ਸਾਇਰਾ ਹੈ ਜੋ ਕਿ ਇਸ ਫਿਲਮ ਰਾਹੀਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਨਿਰਦੇਸ਼ਕ ਸਤਿੰਦਰ ਸਿੰਘ ਦੇਵ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਰਾਣਾ ਜੰਗ ਬਹਾਦਰ, ਸੁੱਖੀ ਚਾਹਲ, ਰੁਪਿੰਦਰ ਰੂਪੀ, ਰਾਜ ਧਾਲੀਵਾਲ, ਗੁਰਜੀਤ ਕੌਰ, ਹਾਰਬੀ ਸੰਘਾ, ਨੇਹਾ ਦਿਆਲ, ਮਨਪ੍ਰੀਤ ਮਨੀ ਅਤੇ ਬਦਰ ਖਾਨ ਆਦਿ ਨਾਮੀ ਸਿਤਾਰੇ ਵੀ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਫ਼ਿਲਮ ਦੇ ਕਾਰਜਕਾਰੀ ਨਿਰਮਾਤਾ ਪ੍ਰਵੀਨ ਕੁਮਾਰ ਹਨ। ਨਾਮੀ ਫ਼ਿਲਮ ਲੇਖਕ ਰਾਜੂ ਵਰਮਾ ਵਲੋਂ ਲਿਖੀ ਰਿਸ਼ਤਿਆਂ ਦੀ ਅਹਿਮੀਅਤ ਦੀ ਗੱਲ ਕਰਦੀ ਇਹ ਫ਼ਿਲਮ ਆਮ ਪੰਜਾਬੀ ਫ਼ਿਲਮਾਂ ਨਾਲੋਂ ਬਿਲਕੁਲ ਵੱਖਰੀ ਫਿਲਮ ਹੈ।ਜੋ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਪਰਿਵਾਰਾਂ ਅਤੇ ਨੌਜਵਾਨਾਂ ਦੀਆਂ ਸਮੱਸਿਆਵਾਂ ਦੀ ਗੱਲ ਵੀ ਕਰਦੀ ਹੈ। ਇਸ ਫ਼ਿਲਮ ਜ਼ਰੀਏ ਪਹਿਲੀ ਵਾਰ ਵੱਡੇ ਪਰਦੇ ‘ਤੇ ਨਜ਼ਰ ਆਉਣ ਜਾ ਰਹੀ ਸਾਇਰਾ ਮੁਤਾਬਕ ਇਹ ਫ਼ਿਲਮ ਉਸਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਲੈ ਕੇ ਆਵੇਗੀ। ਇਸ ਫ਼ਿਲਮ ‘ਚ ਉਸ ਨੇ ਵਿਦੇਸ਼ ਵਿੱਚ ਰਹਿੰਦੀ ਇੱਕ ਅਜਿਹੀ ਕੁੜੀ ਦਾ ਕਿਰਦਾਰ ਨਿਭਾਇਆ ਹੈ ਜਿਸ ਨੂੰ ਪੰਜਾਬ ਤੋਂ ਲੰਡਨ ਆਏ ਇਕ ਨੌਜਵਾਨ ਨਾਲ ਪਿਆਰ ਹੋ ਜਾਂਦਾ ਹੈ। ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਹਨ ਪਰ ਉਸਦੇ ਪਿਤਾ ਦੀਆਂ ਕਈ ਸ਼ਰਤਾਂ ਹਨ। ਉਹ ਚਾਹੁੰਦੇ ਹਨ ਕਿ ਉਸਦੀ ਧੀ ਕਿਸੇ ਪੜੇ-ਲਿਖੇ ਅਤੇ ਜਿੰਮੇਵਾਰ ਪਰਿਵਾਰ ਦੀ ਨੂੰਹ ਬਣੇ, ਇਸ ਤਰਾਂ ਦੋਵਾਂ ਦੇ ਪਿਆਰ ਦੀਆਂ ਉਲਝਣਾਂ ਹੀ ਫ਼ਿਲਮ ਦਾ ਦਿਲਚਸਪ ਹਿੱਸਾ ਹਨ।ਨਿਰਮਾਤਾ ਬਲਵਿੰਦਰ ਹੀਰ, ਰਮਨ ਪਲਟਾ ਅਤੇ ਹਰਸ਼ ਵਿਰਕ ਵਲੋਂ ਪ੍ਰੋਡਿਊਸ ਇਹ ਫ਼ਿਲਮ ਹਰ ਉਮਰ ਦੇ ਦਰਸ਼ਕ ਵਰਗ ਨੂੰ ਧਿਆਨ ਵਿੱਚ ਰੱਖਕੇ ਬਣਾਈ ਗਈ ਹੈ ਜੋ ਕਿ ਰੁਮਾਂਸ, ਕਾਮੇਡੀ ਅਤੇ ਮਨੋਰੰਜਨ ਪੱਖ ਤੋਂ ਕਿਸੇ ਵੀ ਦਰਸ਼ਕ ਨੂੰ ਨਿਰਾਸ਼ ਨਹੀਂ ਕਰੇਗੀ ਅਤੇ ਜ਼ਿੰਦਗੀ ਵਿੱਚ ਰਿਸ਼ਤਿਆਂ ਦੀ ਕਿ ਅਹਿਮੀਅਤ ਹੁੰਦੀ ਹੈ ਦਾ ਦਰਸ਼ਕਾਂ ਨੂੰ ਚੰਗਾ ਸੁਨੇਹਾ ਵੀ ਦੇਵੇਗੀ। ਦਰਸ਼ਕਾਂ ਵਲੋਂ ਇਸ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।