ਅੰਮ੍ਰਿਤਸਰ ਵਿਕਾਸ ਮੰਚ ਵਲੋਂ ਸ. ਜਸਪਾਲ ਸਿੰਘ ਭੱਟੀ ਜੀ ਦੇ ਅਕਾਲ ਚਲਾਣਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 25 ਅਕਤੂਬਰ – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਕਲਾਕਾਰ ਤੇ ਲੇਖਕ ਸ. ਜਸਪਾਲ ਸਿੰਘ ਭੱਟੀ ਦੇ ਸੜਕ ਹਾਦਸੇ ਵਿੱਚ ਅਕਾਲ ਚਲਾਣਾ ਕਰ ਜਾਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮੰਚ ਦੇ ਪੈਟਰਨ ਪ੍ਰੋ. ਮੋਹਨ ਸਿੰਘ, ਡਾ. ਚਰਨਜੀਤ ਸਿੰਘ ਗੁਮਟਾਲਾ, ਸ. ਮਨਮੋਹਨ ਸਿੰਘ ਬਰਾੜ ਅਤੇ ਪ੍ਰਧਾਨ ਸ੍ਰੀ ਅੰਮ੍ਰਿਤ ਲਾਲ ਮੰਨਣ, ਜਨਰਲ ਸਕੱਤਰ ਹਰਦੀਪ ਸਿੰਘ ਚਾਹਲ,…….. ਮੀਤ ਪ੍ਰਧਾਨ ਇੰਜ. ਦਲਜੀਤ ਸਿੰਘ ਕੋਹਲੀ  ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਕਿ ਪੇਸ਼ੇ ਵਜੋਂ ਇੰਜੀਨੀਅਰ ਸ. ਜਸਪਾਲ ਸਿੰਘ ਭੱਟੀ ਇਕ ਬਹੁਪੱਖੀ ਤੇ ਪ੍ਰਭਾਵਸ਼ੀਲ ਸਖ਼ਸ਼ੀਅਤ ਦੇ ਮਾਲਕ ਸਨ। ਉਨ੍ਹਾਂ ਨੇ ਉਲਟ ਪੁਲਟਾ , ਫ਼ਲਾਪ ਸ਼ੋਅ ਆਦਿ ਰਾਹੀਂ ਦੇਸ਼, ਵਿਦੇਸ਼ ਵਿੱਚ ਰਹਿੰਦੇ ਭਾਰਤੀਆਂ ਦੇ ਦਿੱਲਾਂ ਵਿੱਚ ਵਿਸ਼ੇਸ਼ ਥਾਂ ਬਣਾ ਲਈ ਸੀ। ਫਿਲਮਾਂ, ਨਾਟਕਾਂ ਤੇ ਪੱਤਰਕਾਰੀ ਰਾਹੀਂ ਉਹ ਜਨਤਕ ਮਸਲਿਆਂ ਨੂੰ ਉਭਾਰਦੇ ਸਨ ਤੇ ਇਹੋ ਕਾਰਨ ਕਿ ਅਜ ਹਰੇਕ ਭਾਰਤੀ ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਹੰਝੂ ਵਹਾ ਰਿਹਾ। ਦੇਸ਼ ਨੂੰ ਉਨ੍ਹਾਂ ਦੀ ਅਜ ਬਹੁਤ ਲੋੜ ਸੀ। ਉਨ੍ਹਾਂ ਦੇ ਅਕਾਲ ਚਲਾਣਾ ਕਰਨ ਨਾਲ ਦੇਸ਼ ਵਾਸੀਆਂ ਨੂੰ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ। ਮੰਚ ਆਗੂਆਂ ਨੇ ਭੱਟੀ ਜੀ ਦੇ ਪਰਿਵਾਰਕ ਮੈਂਬਰਾਂ, ਸਬੰਧੀਆਂ ਨਾਲ ਇਸ ਦੁੱਖ ਦੀ ਘੜੀ ਵਿੱਚ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਤੇ ਵਾਹਿਗੁਰੂ ਅਗੇ ਅਰਦਾਸ ਕੀਤੀ ਹੈ ਕਿ ਇਸ ਹਾਦਸੇ ਵਿੱਚ ਫ਼ਟੜ ਉਨ੍ਹਾਂ ਦੇ ਬੇਟੇ ਸ. ਜਸਰਾਜ ਸਿੰਘ ਤੇ ਅਦਾਕਾਰ ਸੁਰੀਲੀ ਗੌਤਮ ਨੂੰ ਤੰਦਰੁਸਤੀ ਬਖਸ਼ੇ।