ਆਈਸੀਸੀ ਕ੍ਰਿਕਟ ਵਰਲਡ ਕੱਪ: ਆਸਟਰੇਲੀਆ ਨੇ ਸ੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾਇਆ

ਲਖਨਊ, 16 ਅਕਤੂਬਰ – ਅੱਜ ਇੱਥੇ ਕ੍ਰਿਕਟ ਵਰਲਡ ਕੱਪ ਵਿੱਚ ਪੰਜ ਵਾਰ ਦੇ ਚੈਂਪੀਅਨ ਆਸਟਰੇਲੀਆ ਨੇ ਲੈੱਗ ਸਪਿੰਨਰ ਐਡਮ ਜ਼ਾਂਪਾ (47 ਦੌੜਾਂ ਦੇ ਕੇ ਚਾਰ ਵਿਕਟਾਂ) ਅਤੇ ਕਪਤਾਨ ਪੈਟ ਕਮਿੰਸ (32 ਦੌੜਾਂ ਦੇ ਕੇ ਦੋ ਵਿਕਟਾਂ) ਦੀ ਅਗਵਾਈ ਹੇਠ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹਮਲਾਵਰ ਬੱਲੇਬਾਜ਼ੀ ਦੀ ਬਦੌਲਤ ਸ੍ਰੀਲੰਕਾ ਨੂੰ 88 ਦੌੜਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਹਰਾ ਦਿੱਤਾ।
ਆਸਟਰੇਲੀਆ ਦੀ ਤਿੰਨ ਮੈਚਾਂ ਵਿੱਚ ਇਹ ਪਹਿਲੀ ਜਿੱਤ ਹੈ ਅਤੇ ਟੀਮ ਅੰਕ ਸੂਚੀ ਵਿੱਚ 8ਵੇਂ ਸਥਾਨ ’ਤੇ ਪਹੁੰਚ ਗਈ ਹੈ। ਸ੍ਰੀਲੰਕਾ ਲਗਾਤਾਰ ਤੀਜੀ ਹਾਰ ਤੋਂ ਬਾਅਦ 9ਵੇਂ ਸਥਾਨ ’ਤੇ ਹੈ।
ਸ੍ਰੀਲੰਕਾ ਦੀ ਪਾਰੀ ਨੂੰ 43.3 ਓਵਰਾਂ ’ਚ 209 ਦੌੜਾਂ ’ਤੇ ਸਮੇਟਣ ਤੋਂ ਬਾਅਦ ਆਸਟਰੇਲੀਆ ਨੇ 35.2 ਓਵਰਾਂ ’ਚ ਪੰਜ ਵਿਕਟਾਂ ਦੇ ਨੁਕਸਾਨ ’ਤੇ 215 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਆਸਟਰੇਲੀਆ ਲਈ ਸਲਾਮੀ ਬੱਲੇਬਾਜ਼ ਮਿਚੇਲ ਮਾਰਸ਼ (51 ਗੇਂਦਾਂ ਵਿੱਚ 52 ਦੌੜਾਂ) ਅਤੇ ਜੋਸ਼ ਇੰਗਲਿਸ (59 ਗੇਂਦਾਂ ਵਿੱਚ 58 ਦੌੜਾਂ) ਦੀਆਂ ਪਾਰੀਆਂ ਖੇਡੀਆਂ ਜਦਕਿ ਗਲੈਨ ਮੈਕਸਵੈਲ ਨੇ 21 ਗੇਂਦਾਂ ਵਿੱਚ ਨਾਬਾਦ 31 ਅਤੇ ਮਾਰਨ ਲਾਬੂਸ਼ੇਨ ਨੇ 50 ਦੌੜਾਂ ਦਾ ਯੋਗਦਾਨ ਪਾਇਆ। ਸ੍ਰੀਲੰਕਾ ਲਈ ਦਿਲਸ਼ਾਨ ਮਧੂਸ਼ੰਕਾ ਨੇ 3 ਵਿਕਟਾਂ ਲਈਆਂ। ਦੁਨਿਥ ਵੇਲਾਲਾਗੇ ਨੂੰ ਵੀ 1 ਸਫ਼ਲਤਾ ਮਿਲੀ।