ਆਈਸੀਸੀ ਕ੍ਰਿਕਟ ਵਰਲਡ ਕੱਪ: ਦੱਖਣੀ ਅਫ਼ਰੀਕਾ ਨੇ ਬੰਗਲਾਦੇਸ਼ ਨੂੰ 149 ਦੌੜਾਂ ਨਾਲ ਹਰਾਇਆ

ਮੁੰਬਈ, 24 ਅਕਤੂਬਰ – ਅੱਜ ਇੱਥੇ ਦੱਖਣੀ ਅਫ਼ਰੀਕਾ ਨੇ ਬੰਗਲਾਦੇਸ਼ ਨੂੰ 149 ਦੌੜਾਂ ਨਾਲ ਹਰਾ ਦਿੱਤਾ। ਕੁਇੰਟਨ ਡੀਕਾਕ ਦੇ ਸ਼ਾਨਦਾਰ ਸੈਂਕੜੇ ਅਤੇ ਹੈਨਰਿਕ ਕਲਾਸਨ ਦੀ ਤੂਫ਼ਾਨੀ ਪਾਰੀ ਦੇ ਦਮ ’ਤੇ ਦੱਖਣੀ ਅਫਰੀਕਾ ਨੇ ਖ਼ਰਾਬ ਸ਼ੁਰੂਆਤ ਤੋਂ ਉੱਭਰ ਕੇ ਪੰਜ ਵਿਕਟਾਂ ’ਤੇ 382 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਟੀਚੇ ਦਾ ਪਿੱਛਾ ਕਰਦਿਆਂ ਹਰਫਨਮੌਲਾ ਮਹਿਮੂਦਉੱਲ੍ਹਾ ਦੇ ਸੈਂਕੜੇ (111 ਦੌੜਾਂ) ਦੇ ਬਾਵਜੂਦ ਬੰਗਲਾਦੇਸ਼ ਦੀ ਪੂਰੀ ਟੀਮ 46.4 ਓਵਰਾਂ ਵਿੱਚ 233 ਦੌੜਾਂ ’ਤੇ ਆਊਟ ਹੋ ਗਈ। ਦੱਖਣੀ ਅਫ਼ਰੀਕਾ ਵੱਲੋਂ ਤੇਜ਼ ਗੇਂਦਬਾਜ਼ ਗੇਰਾਲਡ ਕੋਇਟਜ਼ੀ ਨੇ 62 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਬੰਗਲਾਦੇਸ਼ ਦੀ ਟੂਰਨਾਮੈਂਟ ਵਿੱਚ ਪੰਜ ਮੈਚਾਂ ਵਿੱਚੋਂ ਇਹ ਚੌਥੀ ਹਾਰ ਹੈ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਦੱਖਣੀ ਅਫ਼ਰੀਕਾ ਵੱਲੋਂ ਡੀਕਾਕ ਨੇ 140 ਗੇਂਦਾਂ ਵਿੱਚ 174 ਦੌੜਾਂ ਬਣਾ ਕੇ ਇਸ ਟੂਰਨਾਮੈਂਟ ਵਿੱਚ ਆਪਣਾ ਤੀਸਰਾ ਸੈਂਕੜਾ ਜੜਿਆ। ਇਸ ਵਿੱਚ 15 ਚੌਕੇ ਅਤੇ ਸੱਤ ਛਿੱਕੇ ਸ਼ਾਮਲ ਹਨ। ਉਸ ਨੇ ਕਪਤਾਨ ਐਡਨ ਮਾਰਕਰਮ (69 ਗੇਂਦਾਂ ’ਤੇ 60 ਦੌੜਾਂ) ਨਾਲ ਤੀਸਰੀ ਵਿਕਟ ਲਈ 131 ਦੌੜਾਂ ਦੀ ਭਾਈਵਾਲੀ ਕਰ ਕੇ ਟੀਮ ਨੂੰ ਸ਼ੁਰੂਆਤੀ ਝਟਕਿਆਂ ਤੋਂ ਉਭਾਰਿਆ। ਡੀਕਾਕ ਨੇ ਕਲਾਸਨ (49 ਗੇਂਦਾਂ ’ਤੇ 90 ਦੌੜਾਂ) ਨਾਲ ਚੌਥੀ ਵਿਕਟ ਲਈ ਸਿਰਫ਼ 87 ਗੇਂਦਾਂ ’ਤੇ 142 ਦੌੜਾਂ ਜੋੜੀਆਂ। ਡੇਵਿਡ ਮਿਲਰ ਨੇ 15 ਗੇਂਦਾਂ ’ਤੇ ਨਾਬਾਦ 34 ਦੌੜਾਂ ਦਾ ਯੋਗਦਾਨ ਪਾਇਆ। ਦੱਖਣੀ ਅਫ਼ਰੀਕਾ ਨੇ ਆਖਰੀ ਦਸ ਓਵਰਾਂ ਵਿੱਚ 144 ਦੌੜਾਂ ਬਣਾਈਆਂ। ਬੰਗਲਾਦੇਸ਼ ਵੱਲੋਂ ਹਸਨ ਮਹਿਮੂਦ ਨੇ ਦੋ ਵਿਕਟਾਂ ਝਟਕਾਈਆਂ, ਜਦੋਂਕਿ ਸ਼ਾਕਬਿ ਅਲ ਹਸਨ, ਸ਼ੌਰੀਫੁਲ ਇਸਲਾਮ, ਮੇਹਿਦੀ ਹਸਨ ਮਿਰਾਜ਼, ਮੁਸਤਾਫਿਜ਼ੁਰ ਰਹਿਮਾਨ ਨੇ ਇੱਕ ਇੱਕ ਵਿਕਟ ਲਈ।