ਕੰਡੇ ਦਾ ਕੰਡਾ: ਰਾਵਣ ਦੀ ਜਿੱਤ

ਦਸ਼ਹਿਰੇ ਦਾ ਦਿਨ ਸੀ। ਸਦੀਆਂ ਤੋਂ ਚੱਲੀ ਆ ਰਹੀ ਪਰੰਪਰਾ ਦੇ ਮੁਤਾਬਿਕ ਰਾਵਣ ਦੇ ਪੁਤਲੇ ਨੂੰ ਸ਼ਾਮ ਨੂੰ ਚੀਫ਼ ਮਨਿਸਟਰ ਸਾਹਿਬ ਅੱਗ ਲਾਉਣ ਲੱਗੇ ਤਾਂ ਰਾਵਣ ਦਾ ਪੁਤਲਾ ਬੋਲ ਪਿਆ
“ਠਹਿਰੋ……ਠਹਿਰੋ ਮੈਨੂੰ ਅੱਗ ਨਾ ਲਾਓ, ਮੈਂ ਸਦੀਆਂ ਤੋਂ ਸੜਦਾ ਆ ਰਿਹਾ ਹਾਂ । ਪਰ ਅੱਜ ਮੇਰੀ ਬਰਦਾਸ਼ਤ ਦੀ ਹੱਦ ਹੋ ਗਈ, ਮੈਨੂੰ ਕੋਈ ਲੱਲੀ ਛੱਲੀ ਅੱਗ ਨਾ ਲਾਵੇ। ਮੈਨੂੰ ਉਹ ਅੱਗ ਲਾਵੇ ਜਿਹੜਾ ਰਾਮ ਹੋਵੇ। ਰਾਵਣ ਨਾ ਹੋਵੇ। ਹੈ ਕੋਈ ਰਾਮ…….ਹੈ ਕੋਈ ਰਾਮ…….?”
ਹਜ਼ਾਰਾਂ ਦੀ ਭੀੜ ਚੋਂ ਕੋਈ ਨਹੀਂ ਬੋਲਿਆ । ਸਭ ਦੇ ਸਿਰ ਝੁਕੇ ਹੋਏ ਸੀ । ਰਾਵਣ ਫੇਰ ਗੱਜਿਆ
“ਹਾ….ਹਾ….ਹਾ….ਹਾ….ਹਾ”। ਆਕਾਸ਼ ਚ ਆਵਾਜ਼ ਗੂੰਜੀ । ਲੱਖਾਂ ਕਰੋੜਾਂ ਲੋਕਾਂ ਨੇ ਸੁਣੀ। ਹਾਸਾ ਹੋਰ ਉੱਚੀ ਹੋ ਰਿਹਾ ਸੀ। ਰਾਵਣ ਫੇਰ ਆਕਾਸ਼ ਵੱਲ ਮੂੰਹ ਕਰ ਕੇ ਬੋਲਿਆ।
“ਹਾ….ਹਾ….ਰਾਮ ਥੱਲੇ ਆ ਕੇ ਵੇਖ ਤੇਰੇ ਵਰਗਾ ਕੋਈ ਨਹੀਂ, ਇੱਥੇ ਸਭ ਰਾਵਣ ਹੀ ਰਾਵਣ ਨੇ, ਕੋਈ ਕੁਰਸੀ ਦਾ ਰਾਵਣ, ਦਾਜ ਦਾ ਲੋਭੀ ਰਾਵਣ, ਭ੍ਰਿਸ਼ਟਾਚਾਰੀ ਅਫ਼ਸਰਸ਼ਾਹੀ ਰਾਵਣ, ਪੈਸੇ ਦੇ ਰਾਵਣ, ਵੇਖ ਅੱਜ ਮੈਂ ਕਰੋੜਾਂ ਅਰਬਾਂ ਸਿਰ ਲੈ ਕੇ ਘੁੰਮ ਰਿਹਾ ਹਾਂ। ਮੇਰੇ ਤਾਂ ਦਸ ਚਿਹਰੇ ਸੀ ਪਰ ਅੱਜ ਹਰ ਬੰਦੇ ਕੋਲ ਸੈਂਕੜਿਆਂ ਚਿਹਰੇ ਨੇ, ਤੂੰ ਮੈਨੂੰ ਉਸ ਵੇਲੇ ਹਰਾ ਗਿਆ ਸੀ ਪਰ ਅੱਜ ਮੈਂ ਜਿੱਤ ਗਿਆ ਹਾਂ ਹਾ…..ਹਾ…..ਹਾ…..”।
ਸ੍ਰਿਸ਼ਟੀ ਰਚਨਹਾਰ ਜੀ ਸ਼ਰਮਿੰਦਾ ਹੋਏ ਸੋਚ ਰਹੇ ਸਨ ਕਿ ਇਸ ਰਾਵਣ ਦੁਨੀਆ ਦਾ ਅੰਤ ਕਿਵੇਂ ਤੇ ਕਦੋਂ ਕੀਤਾ ਜਾਵੇ?”
ਡਾ. ਅਮਰੀਕ ਸਿੰਘ ਕੰਡਾ
1764 ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ ਮੋਗਾ – 142001 ਪੰਜਾਬ
ਮੋਬਾਈਲ: 0091 09557-35666