ਆਈਸੀਸੀ ਕ੍ਰਿਕਟ ਵਰਲਡ ਕੱਪ: ਦੱਖਣੀ ਅਫ਼ਰੀਕਾ ਨੇ ਆਸਟਰੇਲੀਆ ਨੂੰ 134 ਦੌੜਾਂ ਨਾਲ ਹਰਾਇਆ

ਲਖਨਊ, 12 ਅਕਤੂਬਰ – ਇਥੇ ਆਈਸੀਸੀ ਵਨਡੇ ਵਰਲਡ ਕੱਪ 2023 ਦੇ 10ਵੇਂ ਮੈਚ ਵਿੱਚ ਦੱਖਣੀ ਅਫ਼ਰੀਕਾ ਨੇ ਆਸਟਰੇਲੀਆ ਨੂੰ 134 ਦੌੜਾਂ ਨਾਲ ਹਰਾਇਆ। ਟੂਰਨਾਮੈਂਟ ‘ਚ ਦੱਖਣੀ ਅਫ਼ਰੀਕਾ ਦੀ ਕ੍ਰਿਕਟ ਟੀਮ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਜਦੋਂਕਿ ਆਸਟਰੇਲੀਆ ਦਾ ਖਾਤਾ ਵੀ ਨਹੀਂ ਖੁੱਲ੍ਹਿਆ ਹੈ। ਦੱਖਣੀ ਅਫ਼ਰੀਕਾ ਨੇ ਕਵਿੰਟਨ ਡੀ ਕਾਕ ਦੇ ਲਗਾਤਾਰ ਦੂਜੇ ਸੈਂਕੜੇ ਤੋਂ ਬਾਅਦ ਆਸਟਰੇਲੀਆ ਨੂੰ ਕਾਗਿਸੋ ਰਬਾਡਾ ਦੀ ਤੂਫ਼ਾਨੀ ਗੇਂਦਬਾਜ਼ੀ ਨਾਲ ਹਰਾ ਦਿੱਤਾ ਗਿਆ।
ਆਸਟਰੇਲੀਆ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦੇ ਦਿੱਤੇ ਸੱਦੇ ’ਤੇ ਦੱਖਣੀ ਅਫ਼ਰੀਕਾ ਨੇ ਸਲਾਮੀ ਬੱਲੇਬਾਜ਼ ਕੁਇੰਟਨ ਡੀਕਾਕ (109) ਦੇ ਸੈਂਕੜੇ ਤੇ ਏਡਨ ਮਾਰਕਰਾਮ ਦੀਆਂ 44 ਗੇਂਦਾਂ ’ਤੇ 56 ਦੌੜਾਂ ਦੀ ਬਦੌਲਤ ਨਿਰਧਾਰਿਤ 50 ਓਵਰਾਂ ਵਿੱਚ 311 ਦੌੜਾਂ ਦਾ ਸਕੋਰ ਬਣਾਇਆ।
ਆਸਟਰੇਲੀਆ ਦੀ ਪੂਰੀ ਟੀਮ ਟੀਚੇ ਦਾ ਪਿੱਛਾ ਕਰਦੇ ਹੋਏ 40.5 ਓਵਰਾਂ ਵਿੱਚ 177 ਦੌੜਾਂ ’ਤੇ ਆਊਟ ਹੋ ਗਈ। ਕੰਗਾਰੂਆਂ ਲਈ ਮਾਰਨਸ ਲਾਬੂਸ਼ੇਨ 46 ਦੌੜਾਂ ਨਾਲ ਟੌਪ ਸਕੋਰਰ ਰਿਹਾ। ਉਸ ਨੇ ਮਿਸ਼ੇਲ ਸਟਾਰਕ (27) ਨਾਲ 7ਵੀਂ ਵਿਕਟ ਲਈ 69 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਇਨ੍ਹਾਂ ਦੋਵਾਂ ਤੋਂ ਇਲਾਵਾ ਸਿਰਫ਼ ਕਪਤਾਨ ਪੈਟ ਕਮਿੰਸ (22) ਹੀ 20 ਦੌੜਾਂ ਦਾ ਅੰਕੜਾ ਪਾਰ ਕਰ ਸਕਿਆ।
ਦੱਖਣੀ ਅਫ਼ਰੀਕਾ ਦੇ ਰਬਾਡਾ ਨੇ 33 ਦੌੜਾਂ ‘ਤੇ 3 ਵਿਕਟਾਂ), ਕੇਸ਼ਵ ਮਹਾਰਾਜ ਨੇ 30 ਦੌੜਾਂ ‘ਤੇ 2 ਵਿਕਟਾਂ, ਤਬਰੇਜ਼ ਸ਼ਮਸੀ ਨੇ 38 ਦੌੜਾਂ ‘ਤੇ 2 ਵਿਕਟਾਂ ਅਤੇ ਮਾਰਕੋ ਜੈਨਸਨ ਨੇ 54 ਦੌੜਾਂ ‘ਤੇ 2 ਵਿਕਟਾਂ ਲਈਆਂ।