ਆਈਸੀਸੀ ਕ੍ਰਿਕਟ ਵਰਲਡ ਕੱਪ: ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾ ਕੇ ਲਗਾਤਾਰ ਜਿੱਤ ਦਰਜ ਕੀਤੀ

ਚੇਨੱਈ, 13 ਅਕਤੂਬਰ – ਨਿਊਜ਼ੀਲੈਂਡ ਨੇ ਅੱਜ ਇੱਥੇ ਬੰਗਲਾਦੇਸ਼ ਨੂੰ ਅੱਠ ਵਿਕਟਾਂ ਨਾਲ ਹਰਾਉਂਦਿਆਂ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ’ਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਹੈ।
ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਬੰਗਲਾਦੇਸ਼ ਨੇ ਪਹਿਲਾਂ ਖੇਡਦਿਆਂ 50 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 245 ਦੌੜਾਂ ਬਣਾਈਆਂ ਸਨ।
ਕਿਵੀ ਟੀਮ ਨੇ ਜਿੱਤ ਲਈ 246 ਦੌੜਾਂ ਦਾ ਟੀਚਾ 43 ਗੇਂਦਾਂ ਬਾਕੀ ਰਹਿੰਦਿਆਂ 42.5 ਓਵਰਾਂ ਵਿੱਚ ਹੀ ਪੂਰਾ ਕਰ ਲਿਆ। ਨਿਊੁਜ਼ੀਲੈਂਡ ਦੀ ਜਿੱਤ ਵਿੱਚ ਕਪਤਾਨ ਕੇਨ ਵਿਲੀਅਮਸਨ ਨੇ 78 ਦੌੜਾਂ ਅਤੇ ਡੈਰਿਲ ਮਿਸ਼ੇਲ ਨੇ ਨਾਬਾਦ 89 ਦੌੜਾਂ ਦਾ ਯੋਗਦਾਨ ਪਾਇਆ। ਸਲਾਮੀ ਬੱਲੇਬਾਜ਼ ਡੇਵੌਨ ਕੌਨਵੇਅ ਨੇ 45 ਦੌੜਾਂ ਦੀ ਪਾਰੀ ਖੇਡੀ।
ਕਿਵੀ ਗੇਂਦਬਾਜ਼ਾਂ ਟਰੈਂਟ ਬੋਲਟ ਅਤੇ ਲੌਕੀ ਫਰਗੂਸਨ ਦੀ ਕੱਸਵੀਂ ਗੇਂਦਬਾਜ਼ੀ ਅੱਗੇ ਬੰਗਲਾਦੇਸ਼ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਉਸ ਦੇ 4 ਬੱਲੇਬਾਜ਼ ਸਿਰਫ 56 ਦੌੜਾਂ ’ਤੇ ਹੀ ਪੈਵੇਲੀਅਨ ਪਰਤ ਗਏ। ਸਲਾਮੀ ਬੱਲੇਬਾਜ਼ ਲਿਟਨ ਦਾਸ ਪਹਿਲੀ ਗੇਂਦ ’ਤੇ ਹੀ ਬਿਨਾ ਖਾਤਾ ਖੋਲ੍ਹੇ ਆਊਟ ਹੋਇਆ। ਇਸ ਮਗਰੋਂ ਕਪਤਾਨ ਸ਼ਾਕਬਿ ਅਲ ਹਸਨ (40 ਦੌੜਾਂ) ਨੇ ਮੁਸ਼ਫਿਕੁਰ ਰਹੀਮ (66 ਦੌੜਾਂ) ਨਾਲ ਪੰਜਵੀਂ ਵਿਕਟ ਲਈ 96 ਦੌੜਾਂ ਦੀ ਭਾਈਵਾਲੀ ਕਰਦਿਆਂ ਟੀਮ ਦਾ ਸਕੋਰ 156 ਦੌੜਾਂ ਤੱਕ ਪਹੁੰਚਾਇਆ। ਇਸ ਜੋੜੀ ਨੂੰ ਤੋੜਦਿਆਂ ਫਰਗੂਸਨ ਨੇ ਆਪਣੀ ਤੀਜੀ ਵਿਕਟ ਹਾਸਲ ਕੀਤੀ। ਮੇਹਦੀ ਹਸਨ ਮਿਰਾਜ ਨੇ 30 ਦੌੜਾਂ ਅਤੇ ਮੁਹੰਮਦਉਲ੍ਹਾ ਨੇ 41 ਦੌੜਾਂ ਬਣਾਈਆਂ।