ਆਈਸੀਸੀ ਕ੍ਰਿਕਟ ਵਰਲਡ ਕੱਪ: ਨਿਊਜ਼ੀਲੈਂਡ ਨੇ ਅਫ਼ਗਾਨਿਸਤਾਨ ਨੂੰ 149 ਦੌੜਾਂਂ ਨਾਲ ਹਰਾ ਕੇ ਆਪਣੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ

ਚੇਨੱਈ, 18 ਅਕਤੂਬਰ – ਅੱਜ ਇੱਥੇ ਨਿਊਜ਼ੀਲੈਂਡ ਨੇ ਅਫ਼ਗਾਨਿਸਤਾਨ ਨੂੰ 149 ਦੌੜਾਂਂ ਨਾਲ ਹਰਾ ਕੇ ਕ੍ਰਿਕਟ ਵਰਲਡ ਕੱਪ ’ਚ ਆਪਣੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ। ਅਫ਼ਗਾਨਿਸਤਾਨ ਟੀਮ ਜਿੱਤ ਲਈ 289 ਦੌੜਾਂ ਦਾ ਟੀਚਾ ਪਿੱਛਾ ਕਰਦਿਆਂ 34.4 ਓਵਰਾਂ ’ਚ ਸਿਰਫ 139 ਦੌੜਾਂ ਹੀ ਬਣਾ ਸਕੀ। ਪਿਛਲੇ ਮੈਚ ’ਚ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਮਾਤ ਦੇਣ ਵਾਲੀ ਅਫ਼ਗਾਨਿਸਤਾਨ ਦੀ ਟੀਮ ਅੱਜ ਕਿਵੀ ਗੇਂਦਬਾਜ਼ਾਂ ਅੱਗੇ ਨਾ ਟਿਕ ਸਕੀ।
ਅਫ਼ਗਾਨਿਸਤਾਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ 43 ਦੌੜਾਂ ’ਤੇ ਉਸ ਦੇ ਤਿੰਨ ਬੱਲੇਬਾਜ਼ ਪੈਵੇਲੀਅਨ ਪਰਤ ਗਏ। ਟੀਮ ਵੱਲੋਂ ਸਿਰਫ ਰਹਿਮਤਉੱਲ੍ਹਾ ਨੇ ਸਭ ਤੋਂ ਵੱਧ 36 ਦੌੜਾਂ ਜਦਕਿ ਅਜ਼ਮਤਉੱਲ੍ਹਾ ਓਮਰਜ਼ਾਈ ਨੇ 27 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵੱਲੋਂ ਲੌਕੀ ਫਰਗੂਸਨ ਅਤੇ ਮਿਸ਼ੇਲ ਸੈਂਟਨਰ ਨੇ 3-3 ਵਿਕਟਾਂ ਹਾਸਲ ਕੀਤੀਆਂ। ਗਲੈੱਨ ਫਿਲਿਪਸ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ।
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਵਿਲ ਯੰਗ, ਟੌਮ ਲਾਥਮ ਤੇ ਗਲੈੱਨ ਫਿਲਿਪਸ ਦੇ ਅਰਧ ਸੈਂਕੜਿਆਂ ਸਦਕਾ 50 ਓਵਰਾਂ ’ਚ 6 ਵਿਕਟਾਂ ਗੁਆ ਕੇ 288 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਡੇਵਿਡ ਕੌਨਵੇਅ (20 ਦੌੜਾਂ) ਦੇ ਆਊਟ ਹੋਣ ਮਗਰੋਂ ਇੱਕ ਸਮੇਂ ਨਿਊਜ਼ੀਲੈਂਡ ਟੀਮ 21.4 ਓਵਰਾਂ ’ਚ 110 ਦੌੜਾਂ ’ਤੇ 4 ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਸੀ ਪਰ ਫਿਲਿਪਸ ਤੇ ਲਾਥਮ ਨੇ ਪੰਜਵੀਂ ਵਿਕਟ ਲਈ 144 ਦੌੜਾਂ ਦੀ ਭਾਈਵਾਲੀ ਕਰਦਿਆਂ ਟੀਮ ਨੂੰ ਮਜ਼ਬੂਤ ਸਥਿਤੀ ’ਚ ਪਹੁੰਚਾਇਆ। ਟੌਮ ਲਾਥਮ ਨੇ 68 ਦੌੜਾਂ ਅਤੇ ਗਲੈੱਨ ਫਿਲਿਪਸ ਨੇ 71 ਦੌੜਾਂ ਦੀ ਪਾਰੀ ਖੇਡੀ ਜਦਕਿ ਵਿਲ ਯੰਗ ਨੇ 54 ਦੌੜਾਂ ਬਣਾਈਆਂ। ਟੀਮ ਦੇ ਸਕੋਰ ’ਚ ਰਚਨਿ ਰਵਿੰਦਰਾ ਨੇ 32 ਦੌੜਾਂ ਤੇ ਮਾਰਕ ਚੈਪਮੈਨ ਨੇ 25 ਦੌੜਾਂ ਦਾ ਯੋਗਦਾਨ ਪਾਇਆ। ਅਫ਼ਗਾਨਿਸਤਾਨ ਵੱਲੋਂ ਨਵੀਨ ਉਲ ਹੱਕ ਤੇ ਅਜ਼ਮਤਉੱਲ੍ਹਾ ਨੇ 2-2 ਵਿਕਟਾਂ ਲਈਆਂ ਜਦਕਿ ਮੁਜੀਬ ਉਰ ਰਹਿਮਾਨ ਤੇ ਰਾਸ਼ਿਦ ਖ਼ਾਨ ਨੂੰ 1-1 ਵਿਕਟ ਮਿਲੀ।