ਆਈਸੀਸੀ ਕ੍ਰਿਕਟ ਵਰਲਡ ਕੱਪ: ਸ੍ਰੀਲੰਕਾ ਨੇ ਸ਼੍ਰੀਲੰਕਾ ਨੇ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾਇਆ

ਬੰਗਲੂਰੂ, 26 ਅਕਤੂਬਰ – ਇੱਥੇ ਸ੍ਰੀਲੰਕਾ ਨੇ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਸਸਤੇ ’ਚ ਸਮੇਟਣ ਤੋਂ ਬਾਅਦ ਬਿਹਤਰੀਨ ਰੌਂਅ ਵਿਚ ਚੱਲ ਰਹੇ ਪਾਥੁਮ ਨਿਸਾਂਕਾ ਤੇ ਸਦੀਰਾ ਸਮਰਵਿਕਰਮਾ ਦੀ ਅਟੁੱਟ ਭਾਈਵਾਲੀ ਦੀ ਬਦੌਲਤ 146 ਗੇਂਦਾਂ ਬਾਕੀ ਰਹਿੰਦਿਆਂ 8 ਵਿਕਟਾਂ ਨਾਲ ਵੱਡੀ ਜਿੱਤ ਹਾਸਲ ਕਰ ਕੇ ਸਾਬਕਾ ਚੈਂਪੀਅਨ ਨੂੰ ਵਰਲਡ ਕੱਪ ’ਚੋਂ ਬਾਹਰ ਹੋਣ ਕੰਢੇ ਖੜ੍ਹਾ ਕਰ ਦਿੱਤਾ।
ਸ੍ਰੀਲੰਕਾ ਦੀ ਇਹ ਵਰਲਡ ਕੱਪ ਵਿਚ ਇੰਗਲੈਂਡ ’ਤੇ ਲਗਾਤਾਰ ਪੰਜਵੀਂ ਜਿੱਤ ਹੈ। ਉਨ੍ਹਾਂ 2003 ਤੋਂ ਇੰਗਲੈਂਡ ਖਿਲਾਫ਼ ਕੋਈ ਮੈਚ ਨਹੀਂ ਹਾਰਿਆ।
ਵਰਲਡ ਕੱਪ ‘ਚ ਇੰਗਲੈਂਡ ਦੀ ਪੰਜ ਮੈਚਾਂ ਵਿਚ ਇਹ ਚੌਥੀ ਹਾਰ ਹੈ ਜਿਸ ਨਾਲ ਉਸ ਦੀ ਸੈਮੀਫਾਈਨਲ ਵਿਚ ਪਹੁੰਚਣ ਦੀ ਸੰਭਾਵਨਾ ਕਮਜ਼ੋਰ ਹੋ ਗਈ ਹੈ। ਸ੍ਰੀਲੰਕਾ ਨੇ ਪੰਜ ਮੈਚਾਂ ਵਿਚ ਦੂਜੀ ਜਿੱਤ ਹਾਸਲ ਕਰ ਕੇ ਪੰਜਵੇਂ ਸਥਾਨ ਉਤੇ ਪਹੁੰਚ ਕੇ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ।
ਇੰਗਲੈਂਡ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 33.2 ਓਵਰਾਂ ਵਿਚ 156 ਦੌੜਾਂ ਉਤੇ ਆਊਟ ਹੋ ਗਈ। ਸ੍ਰੀਲੰਕਾ ਨੇ 25.4 ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ਉਤੇ 160 ਦੌੜਾਂ ਬਣਾ ਕੇ ਮੈਚ ਨੂੰ ਇਕਪਾਸੜ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਨਿਸਾਂਕਾ ਨੇ 83 ਗੇਂਦਾਂ ਵਿਚ 7 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਨਾਬਾਦ 77 ਦੌੜਾਂ ਬਣਾਈਆਂ। ਸਮਰਵਿਕਰਮਾ ਨੇ 54 ਗੇਂਦਾਂ ’ਤੇ ਨਾਬਾਦ 65 ਦੌੜਾਂ ਦੀ ਪਾਰੀ ਖੇਡੀ ਜਿਸ ਵਿਚ 7 ਚੌਕੇ ਤੇ 1 ਛੱਕਾ ਸ਼ਾਮਲ ਸੀ। ਇਨ੍ਹਾਂ ਦੋਵਾਂ ਨੇ ਤੀਜੇ ਵਿਕਟ ਲਈ 137 ਦੌੜਾਂ ਦੀ ਭਾਈਵਾਲੀ ਕੀਤੀ।