ਆਈਸੀਸੀ ਕ੍ਰਿਕਟ ਵਰਲਡ ਕੱਪ: ਆਸਟਰੇਲੀਆ ਨੇ ਰੋਮਾਂਚਕ ਮੈਚ ‘ਚ ਨਿਊਜ਼ੀਲੈਂਡ ਨੂੰ 5 ਦੌੜਾਂ ਨਾਲ ਹਰਾਇਆ

ਧਰਮਸ਼ਾਲਾ, 28 ਅਕਤੂਬਰ – ਇਥੇ ਆਸਟਰੇਲੀਆ ਨੇ ਰੋਮਾਂਚਕ ਮੈਚ ਵਿੱਚ ਨਿਊਜ਼ੀਲੈਂਡ ਨੂੰ 5 ਦੌੜਾਂ ਨਾਲ ਹਰਾ ਦਿੱਤਾ।
ਨਿਊਜ਼ੀਲੈਂਡ ਦੇ ਕਪਤਾਨ ਟਾਮ ਲੈਥਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆਂ ਦੀ ਪੂਰੀ ਟੀਮ 49.2 ਓਵਰਾਂ ਵਿੱਚ 388 ਦੌੜਾਂ ਬਣਾ ਕੇ ਆਊਟ ਹੋ ਗਈ। ਚੱਲ ਰਹੇ ਵਰਲਡ ਕੱਪ ‘ਚ ਸਿਰਫ ਪਾਕਿਸਤਾਨ ਦੀ ਟੀਮ ਨੇ ਹੀ 300 ਤੋਂ ਜ਼ਿਆਦਾ ਦਾ ਟੀਚਾ ਹਾਸਲ ਕੀਤਾ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਨਿਊਜ਼ੀਲੈਂਡ ਅਜਿਹਾ ਕਰਨ ਵਾਲੀ ਦੂਜੀ ਟੀਮ ਹੋਵੇਗੀ ਪਰ ਆਸਟਰੇਲੀਆ ਨੇ ਉਨ੍ਹਾਂ ਦੇ ਮਨਸੂਬਿਆਂ ਨੂੰ ਵਿਗਾੜ ਦਿੱਤਾ।
ਵਰਲਡ ਕੱਪ ਵਿੱਚ ਪਹਿਲੀ ਵਾਰ, ਆਸਟਰੇਲੀਆ ਨੇ ਲਗਾਤਾਰ ਤਿੰਨ ਇੱਕ ਰੋਜ਼ਾ ਮੈਚਾਂ ਵਿੱਚ 350+ ਦਾ ਸਕੋਰ ਬਣਾਇਆ ਅਤੇ ਨਿਊਜ਼ੀਲੈਂਡ ਨੂੰ 5 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਚੌਥੀ ਜਿੱਤ ਦਰਜ ਕੀਤੀ। 389 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੂੰ ਆਖਰੀ ਓਵਰ ‘ਚ 19 ਦੌੜਾਂ ਅਤੇ ਆਖਰੀ ਗੇਂਦ ‘ਤੇ ਛੇ ਦੌੜਾਂ ਦੀ ਲੋੜ ਸੀ ਪਰ ਨਵਾਂ ਬੱਲੇਬਾਜ਼ ਲੋਕੀ ਫਰਗੂਸਨ ਕਰਿਸ਼ਮਾ ਨਹੀਂ ਕਰ ਸਕਿਆ।
ਮੈਚ ਦਾ ਅਹਿਮ ਮੋੜ 49.5 ਓਵਰਾਂ ਵਿੱਚ ਜਿੰਮੀ ਨੀਸ਼ਾਮ ਦਾ ਰਨ ਆਊਟ ਰਿਹਾ, ਜਿਸ ਨੇ 48 ਗੇਂਦਾਂ ਵਿੱਚ 58 ਦੌੜਾਂ ਬਣਾ ਕੇ ਕੰਗਾਰੂਆਂ ਦੇ ਜਬਾੜੇ ਤੋਂ ਜਿੱਤ ਲਗਭਗ ਖੋਹ ਲਈ। ਨੀਸ਼ਮ ਤੋਂ ਪਹਿਲਾਂ ਭਾਰਤੀ ਮੂਲ ਦੇ ਰਚਿਨ ਰਵਿੰਦਰਾ ਨੇ ਟੂਰਨਾਮੈਂਟ ਵਿੱਚ ਆਪਣਾ ਦੂਜਾ ਸੈਂਕੜਾ 77 ਗੇਂਦਾਂ ‘ਚ ਜੜਿਆ, ਪਰ ਟੀਮ ਨੂੰ ਜਿੱਤ ਵੱਲ ਲਿਜਾਣ ਤੋਂ ਪਹਿਲਾਂ ਹੀ ਬਾਹਰ ਹੋ ਗਏ। ਆਸਟ੍ਰੇਲੀਆ ਲਈ ਇਕ ਵਾਰ ਫਿਰ ਸਪਿਨਰ ਐਡਮ ਜ਼ਾਂਪਾ ਨੇ ਚਮਤਕਾਰੀ ਗੇਂਦਬਾਜ਼ੀ ਕੀਤੀ ਅਤੇ ਤਿੰਨ ਕੀਮਤੀ ਵਿਕਟਾਂ ਲਈਆਂ।
ਨਿਊਜ਼ੀਲੈਂਡ ਦੀ ਟੀਮ ਟੀਚੇ ਦਾ ਪਿੱਛਾ ਕਰਦਿਆਂ 50 ਓਵਰਾਂ ਵਿੱਚ 9 ਵਿਕਟਾਂ ’ਤੇ 383 ਦੌੜਾਂ ਹੀ ਬਣਾ ਸਕੀ। ਆਸਟਰੇਲੀਆ ਵੱਲੋਂ ਡੇਵਿਡ ਵਾਰਨਰ ਨੇ ਨੀਮ ਸੈਂਕੜਾ (65 ਗੇਂਦਾਂ ਵਿੱਚ 81 ਦੌੜਾਂ) ਅਤੇ ਟ੍ਰੈਵਿਸ ਹੈੱਡ ਨੇ ਤੇਜ਼ ਤਰਾਰ ਸੈਂਕੜਾ (67 ਗੇਂਦਾਂ ਵਿੱਚ 109 ਦੌੜਾਂ) ਜੜਿਆ। ਆਸਟਰੇਲੀਆ ਨੇ ਕੈਮਰੂਨ ਗ੍ਰੀਨ ਦੀ ਥਾਂ ਟ੍ਰੈਵਿਸ ਹੈੱਡ ਨੂੰ ਟੀਮ ‘ਚ ਲਿਆ ਸੀ।