ਰਗਬੀ ਵਰਲਡ ਕੱਪ 2023 ਫਾਈਨਲ: ਸਪਰਿੰਗਬੌਕਸ ਦਾ ਵਰਲਡ ਕੱਪ ਖ਼ਿਤਾਬ ‘ਤੇ ਕਬਜ਼ਾ, ਆਲ ਬਲੈਕਸ ਨੂੰ ਫਾਈਨਲ ‘ਚ 12-11 ਨਾਲ ਹਰਾਇਆ

ਪੈਰਿਸ (ਫਰਾਂਸ), 29 ਅਕਤੂਬਰ – ਇੱਥੇ ਦੇ ਸਟੈਡ ਡੀ ਫਰਾਂਸ ਸਟੇਡੀਅਮ ਵਿਖੇ ਐਤਵਾਰ ਸਵੇਰੇ ਐਨਜ਼ੈੱਡ ਸਮੇਂ ਅਨੁਸਾਰ ਰਗਬੀ ਵਰਲਡ ਕੱਪ 2023 ਦੇ ਫਸਵੇਂ ਫਾਈਨਲ ਮੁਕਾਬਲੇ ‘ਚ ਦੱਖਣੀ ਅਫ਼ਰੀਕਾ ਦੀ ਸਪਰਿੰਗਬੌਕਸ ਟੀਮ ਨੇ ਨਿਊਜ਼ੀਲੈਂਡ ਦੀ ਆਲ ਬਲੈਕਸ ਟੀਮ ਨੂੰ 12-11 ਨਾਲ ਹਰਾ ਦਿੱਤਾ। ਮਹਿਜ਼ ਇੱਕ ਪੁਆਇੰਟ ਨਾਲ ਆਲ ਬਲੈਕਸ ਦਾ ਵਰਲਡ ਕੱਪ ਜਿੱਤਣ ਦਾ ਸੁਪਨਾ ਟੁੱਟ ਗਿਆ। ਆਲ ਬਲੈਕਸ ਕੋਲ ਵਰਲਡ ਕੱਪ ਜਿੱਤਣ ਦਾ ਪੂਰਾ ਮੌਕਾ ਸੀ ਪਰ ਜੇਕਰ ਜੋਰਡੀ ਬੈਰੇਟ 74ਵੇਂ ਮਿੰਟ ‘ਚ 49m ਪੈਨਲਟੀ ਲਾਉਣ ਤੋਂ ਅਸਫਲ ਰਿਹਾ। ਉਸ ਨੇ ਗੇਂਦ ਪੋਸਟ ਤੋਂ ਬਾਹਰ ਮਾਰ ਦਿੱਤੀ। ਉਸ ਤੋਂ ਬਾਅਦ ਸਪਰਿੰਗਬੌਕਸ ਨੇ ਕੋਈ ਮੌਕਾ ਨਹੀਂ ਦਿੱਤਾ।
ਸਪਰਿੰਗਬੌਕਸ ਨੇ ਇੱਕ ਵਿਵਾਦ ਅਤੇ ਕਾਰਡ ਨਾਲ ਭਰੇ ਵਰਲਡ ਕੱਪ ਫਾਈਨਲ ‘ਚ ਬਹੁਤ ਘੱਟ ਫ਼ਰਕ ਨਾਲ ਰਿਕਾਰਡ ਚੌਥਾ ਗਲੋਬਲ ਖ਼ਿਤਾਬ ਆਪਣੇ ਨਾਮ ਕੀਤਾ।
ਫਾਈਨਲ ਮੈਚ ਦੇ 80 ਮਿੰਟਾਂ ਦੇ ਅੰਦਰ ਬਹੁਤ ਜ਼ਿਆਦਾ ਐਕਸ਼ਨ ਪੈਕ ਤੇ ਰੋਮਾਂਚ ਸੀ, ਇਸ ਲਈ ਇਹ ਯਕੀਨੀ ਤੌਰ ‘ਤੇ ਪਿਛਲੇ ਸਾਰਿਆਂ ਵਰਲਡ ਕੱਪਾਂ ਵਿੱਚੋਂ ਸਭ ਤੋਂ ਖ਼ਾਸ ਵਰਲਡ ਕੱਪ ਫਾਈਨਲ ਮੰਨਿਆ ਜਾਵੇਗਾ। ਦੋਵੇਂ ਟੀਮਾਂ ਨੇ ਚੰਗੀ ਖੇਡ ਦਾ ਮੁਜ਼ਾਹਰਾ ਕੀਤਾ ਪਰ ਸਪਰਿੰਗਬੌਕਸ ਬਾਜ਼ੀ ਮਾਰ ਗਈ।
ਆਲ ਬਲੈਕਸ ਦੀ ਟੀਮ 14 ਬੰਦਿਆਂ ਨਾਲ ਖੇਡਣ ਜਦੋਂ ਕਪਤਾਨ ਸੈਮ ਕੇਨ ਨੂੰ 29ਵੇਂ ਮਿੰਟ ‘ਚ ਰੈੱਡ ਕਾਰਡ ਦੇ ਕਾਰਣ ਗਰਾਊਂਡ ਤੋਂ ਬਾਹਰ ਜਾਣ ਦਾ ਮਾਰਚਿੰਗ ਆਰਡਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਮੈਚ ਦੌਰਾਨ ਆਲ ਬਲੈਕਸ ਨੂੰ 1 ਤੇ ਸਪਰਿੰਗਬੌਕਸ ਨੂੰ ਦੋ ਯੈਲੋ ਕਾਰਡ ਮਿਲੇ।
ਆਲ ਬਲੈਕਸ ਨੂੰ ਮਿਲੀ ਹਾਰ ਲੀਜ਼ੈਂਡ ਸੈਮ ਵ੍ਹਾਈਟਲਾਕ, ਬ੍ਰੋਡੀ ਰੀਟਾਲਿਕ, ਐਰੋਨ ਸਮਿਥ, ਰਿਚੀ ਮੋਉਂਗਾ ਅਤੇ ਡੇਨ ਕੋਲਸ ਦੇ ਨਾਲ-ਨਾਲ ਨੇਪੋ ਲਉਲਾਲਾ, ਸ਼ੈਨਨ ਫ੍ਰੀਜ਼ਲ ਅਤੇ ਲੈਸਟਰ ਫੈਂਗਾਨੁਕੂ ਲਈ ਇੱਕ ਯੁੱਗ ਦੇ ਅੰਤ ਦੀ ਨਿਸ਼ਾਨਦੇਹੀ ਕਰਦੀ ਹੈ, ਇਹ ਸਾਰੇ ਹੁਣ ਆਲ ਬਲੈਕਸ ਨੂੰ ਛੱਡ ਰਹੇ ਹਨ।
ਇਸ ਦੇ ਨਾਲ ਹੀ ਆਲ ਬਲੈਕਸ ਦੇ ਕੋਚ ਇਆਨ ਫੋਸਟਰ ਅਤੇ ਉਸ ਦੀ ਕੋਚਿੰਗ ਟੀਮ, ਜਿਸ ‘ਚ ਜੋਅ ਸਮਿਟ, ਗ੍ਰੇਗ ਫੀਕ ਅਤੇ ਸਕਾਟ ਮੈਕਲਿਓਡ ਸ਼ਾਮਲ ਹਨ, ਨੇ ਵੀ ਚਾਂਦੀ ਦੇ ਤਗਮੇ ਨਾਲ ਆਪਣੇ ਕਾਰਜਕਾਲ ਦੀ ਸਮਾਪਤੀ ਕੀਤੀ।
ਸਪਰਿੰਗਬੌਕਸ : 12 (ਹੈਂਡਰੇ ਪੋਲਾਰਡ 4 ਪੈੱਨ)
ਆਲ ਬਲੈਕ : 11 (ਬਿਊਡੇਨ ਬੈਰੇਟ 58 ਮਿੰਟ ਟ੍ਰਾਈ, ਰਿਚੀ ਮੋਉਂਗਾ 2 ਪੈੱਨ)
ਹਾਫ਼ ਟਾਈਮ ਸਕੋਰ : 12-6
ਰੈੱਡ ਕਾਰਡ : ਸੈਮ ਕੇਨ (ਆਲ ਬਲੈਕਸ) 29 ਮਿੰਟ
ਯੈਲੋ ਕਾਰਡ : ਸ਼ੈਨਨ ਫ੍ਰੀਜ਼ਲ (ਆਲ ਬਲੈਕਸ) 3 ਮਿੰਟ, ਸਿਆ ਕੋਲੀਸੀ (ਸਪ੍ਰਿੰਗਬੌਕਸ) 46 ਮਿੰਟ, ਚੈਸਲਿਨ ਕੋਲਬੇ (ਸਪ੍ਰਿੰਗਬੌਕਸ) 77 ਮਿੰਟ