ਆਈਸੀਸੀ ਕ੍ਰਿਕਟ ਵਰਲਡ ਕੱਪ 2023: ਆਸਟਰੇਲੀਆ ਨੇ ਮੇਜ਼ਬਾਨ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ 6ਵੀਂ ਵਾਰ ਵਰਲਡ ਕੱਪ ਆਪਣੇ ਨਾਂਅ ਕੀਤਾ

ਫਾਈਨਲ ‘ਚ ਸੈਂਕੜਾ ਜੜਨ ਵਾਲੇ ਟਰੈਵਿਸ ਹੈੱਡ ਨੂੰ ‘ਪਲੇਅਰ ਆਫ਼ ਦਿ ਮੈਚ’ ਅਤੇ ਵਿਰਾਟ ਕੋਹਲੀ ‘ਪਲੇਅਰ ਆਫ਼ ਦਿ ਸੀਰੀਜ਼’ ਚੁਣਿਆ ਗਿਆ
ਅਹਿਮਦਾਬਾਦ, 19 ਨਵੰਬਰ – ਇੱਥੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਆਸਟਰੇਲੀਆ ਨੇ ਮਿਸ਼ੇਲ ਸਟਾਰਕ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਟਰੈਵਿਸ ਹੈੱਡ ਦੇ ਸੈਂਕੜੇ ਸਦਕਾ ਮੇਜ਼ਬਾਨ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ 6ਵੀਂ ਵਾਰ ਕ੍ਰਿਕਟ ਵਰਲਡ ਕੱਪ ‘ਤੇ ਆਪਣਾ ਕਬਜ਼ਾ ਕੀਤਾ ਅਤੇ ਮੇਜ਼ਬਾਨ ਭਾਰਤ ਦਾ ਵਰਲਡ ਕੱਪ ਜਿੱਤਣ ਦਾ ਸੁਫ਼ਨਾ ਤੌੜ ਦਿੱਤਾ। ਫਾਈਨਲ ‘ਚ ਪਹੁੰਚੀ ਭਾਰਤੀ ਟੀਮ ਨੂੰ ਨਰਿੰਦਰ ਮੋਦੀ ਸਟੇਡੀਅਮ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ‘ਚ ਤੀਜਾ ਵਰਲਡ ਕੱਪ ਜਿੱਤਣ ਦੀ ਉਮੀਦ ਸੀ, ਪਰ ਫਾਈਨਲ ‘ਚ ਮਿਲੀ ਇਸ ਹਾਰ ਨਾਲ ਵਰਲਡ ਕੱਪ ਲਈ ਭਾਰਤ ਦਾ 12 ਸਾਲਾਂ ਦਾ ਲੰਬਾ ਇੰਤਜ਼ਾਰ ਜਾਰੀ ਹੈ।
ਆਸਟਰੇਲੀਆ ਟੀਮ ਨੇ ਦਿਖਾਇਆ ਕਿ ਉਹ ਵਰਲਡ ਕ੍ਰਿਕਟ ‘ਚ ਚੋਟੀ ਦੀ ਟੀਮ ਕਿਉਂ ਹੈ। ਆਸਟਰੇਲੀਆ ਟੀਮ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਭਾਰਤ ਖ਼ਿਲਾਫ਼ ਪਹਿਲਾ ਮੈਚ ਸਮੇਤ ਲਗਾਤਾਰ ਦੋ ਹਾਰਾਂ ਨਾਲ ਕੀਤੀ ਪਰ ਫਿਰ ਲਗਾਤਾਰ 9 ਮੈਚ ਜਿੱਤ ਕੇ ਖ਼ਿਤਾਬ ਜਿੱਤ ਲਿਆ। ਭਾਰਤ ਦੇ 241 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਸਟਰੇਲੀਆ ਨੇ ਸਲਾਮੀ ਬੱਲੇਬਾਜ਼ ਟਰੈਵਿਸ ਹੈੱਡ ਦੀਆਂ 120 ਗੇਂਦਾਂ ‘ਤੇ 4 ਛਿੱਕਿਆਂ ਅਤੇ 15 ਚੌਕਿਆਂ ਦੀ ਮਦਦ ਨਾਲ 137 ਦੌੜਾਂ ਬਣਾਈਆਂ, ਇਸ ਦੇ ਨਾਲ ਹੀ ਮਾਰਨਸ ਲਾਬੂਸ਼ੇਨ ਨੇ110 ਗੇਂਦਾਂ ‘ਤੇ 4 ਚੌਕਿਆਂ ਦੀ ਮਦਦ ਨਾਲ ਅਜੇਤੂ 58 ਦੌੜਾਂ ਬਣਾਈਆਂ ਅਤੇ ਚੌਥੀ ਵਿਕਟ ਲਈ 192 ਦੌੜਾਂ ਦੀ ਸਾਂਝੇਦਾਰੀ ਦੇ ਨਾਲ, ਭਾਰਤ ‘ਤੇ 43 ਓਵਰਾਂ ‘ਚ 4 ਵਿਕਟਾਂ ‘ਤੇ 241 ਦੌੜਾਂ ਬਣਾ ਕੇ ਖ਼ਿਤਾਬੀ ਜਿੱਤ ਦਰਜ ਕੀਤੀ।
ਆਈਸੀਸੀ ਕ੍ਰਿਕਟ ਵਰਲਡ ਕੱਪ 2023 ਦੇ ਫਾਈਨਲ ਮੁਕਾਬਲੇ ‘ਚ ਆਸਟਰੇਲਿਆਈ ਟੀਮ ਦੇ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫ਼ੈਸਲਾ ਕੀਤਾ। ਮੇਜ਼ਬਾਨ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ ਸਾਰੀਆਂ ਵਿਕਟਾਂ ਗੁਆ ਕੇ 240 ਦੌੜਾਂ ਬਣਾਈਆਂ। ਭਾਰਤ ਵੱਲੋਂ ਕੇ.ਐੱਲ. ਰਾਹੁਲ ਨੇ ਸਭ ਤੋਂ ਵੱਧ 66 ਦੌੜਾਂ ਬਣਾਈਆਂ ਜਦੋਂ ਕਿ ਵਿਰਾਟ ਕੋਹਲੀ ਨੇ 54 ਦੌੜਾਂ ਅਤੇ ਕਪਤਾਨ ਰੋਹਿਤ ਸ਼ਰਮਾ 47 ਦੌੜਾਂ ਬਣਾ ਕੇ ਪਵੇਲੀਅਨ ਪਰਤਿਆ। ਸੂਰਿਆਕੁਮਾਰ ਯਾਦਵ ਨੇ 18 ਅਤੇ ਕੁਲਦੀਪ ਯਾਦਵ ਨੇ 10 ਦੌੜਾਂ ਦੀ ਪਾਰੀ ਖੇਡੀ। ਆਸਟਰੇਲੀਆ ਵੱਲੋਂ ਗੇਂਦਬਾਜ਼ ਮਿਸ਼ੇਲ ਸਟਾਰਕ ਨੇ 4 ਜਦੋਂ ਕਿ ਐਡਮ ਜ਼ੰਪਾ ਅਤੇ ਪੈਟ ਕਮਿੰਸ ਨੇ 2-2 ਵਿਕਟਾਂ ਲਈਆਂ।
ਆਈਸੀਸੀ ਕ੍ਰਿਕਟ ਵਰਲਡ ਕੱਪ 2023 ਦੇ ਫਾਈਨਲ ਮੁਕਾਬਲੇ ‘ਚ ਆਸਟਰੇਲੀਆ ਦੇ ਖਿਡਾਰੀ ਟਰੈਵਿਸ ਹੈੱਡ ਵੱਲੋਂ ਸੈਂਕੜਾ ਜੜਨ ਕਰਕੇ ਉਸ ਨੂੰ ‘ਪਲੇਅਰ ਆਫ਼ ਦਿ ਮੈਚ’ ਜਦੋਂ ਕਿ ਭਾਰਤ ਦੇ ਖਿਡਾਰੀ ਵਿਰਾਟ ਕੋਹਲੀ ਨੂੰ ‘ਪਲੇਅਰ ਆਫ਼ ਦਿ ਸੀਰੀਜ਼’ ਚੁਣਿਆ ਗਿਆ।
ਫਾਈਨਲ ‘ਚ ਮਿਲੀ ਇਸ ਹਾਰ ਨਾਲ ਭਾਰਤ ਦਾ ਆਈਸੀਸੀ ਟਰਾਫ਼ੀ ਜਿੱਤਣ ਦਾ ਸੁਪਨਾ ਫਿਰ ਟੁੱਟ ਗਿਆ, ਭਾਰਤੀ ਟੀਮ ਪਿਛਲੇ 10 ਸਾਲਾਂ ਵਿੱਚ ਇੱਕ ਵੀ ਆਈਸੀਸੀ ਟਰਾਫ਼ੀ ਨਹੀਂ ਜਿੱਤ ਸਕੀ ਹੈ। ਭਾਰਤ ਲਗਾਤਾਰ ਕਦੇ ਫਾਈਨਲ ਅਤੇ ਕਦੇ ਸੈਮੀਫਾਈਨਲ ਵਿੱਚ ਹਾਰ ਦਾ ਰਿਹਾ ਹੈ। ਰੋਹਿਤ ਸ਼ਰਮਾ ਦੀ ਟੀਮ ਕੋਲ ਆਪਣੇ ਘਰ ‘ਚ ਆਈਸੀਸੀ ਟਰਾਫ਼ੀ ਦੇ ਸੋਕੇ ਨੂੰ ਖ਼ਤਮ ਕਰਨ ਦਾ ਚੰਗਾ ਮੌਕਾ ਸੀ। ਇੰਨਾ ਹੀ ਨਹੀਂ ਟੀਮ ਇੰਡੀਆ ਪੂਰੇ ਟੂਰਨਾਮੈਂਟ ‘ਚ ਅਜੇਤੂ ਰਹੀ, ਉਸ ਨੇ ਲੀਗ ‘ਚ ਆਪਣੇ ਸਾਰੇ 10 ਮੈਚ ਜਿੱਤੇ ਅਤੇ ਸੈਮੀਫਾਈਨਲ ਮੁਕਾਬਲੇ ‘ਚ ਨਿਊਜ਼ੀਲੈਂਡ ਦੀ ਬਲੈਕ ਕੈਪ ਟੀਮ ਨੂੰ ਹਰਾ ਕੇ ਫਾਈਨਲ ‘ਚ ਥਾਂ ਬਣਾਈ ਸੀ, ਪਰ ਫਾਈਨਲ ‘ਚ ਯੈਲੋ ਮੌਨਸਟਰ ਦੇ ਨਾਂ ਨਾਲ ਜਾਣੇ ਜਾਂਦੇ ਆਸਟਰੇਲੀਆ ਨੇ ਮੇਜ਼ਬਾਨ ਭਾਰਤ ਨੂੰ ਹਰ ਭਾਰਤੀ ਦਾ ਸੁਪਨਾ ਤੋੜ ਦਿੱਤਾ ਅਤੇ ਇਸ ਹਾਰ ਨਾਲ ਵਰਲਡ ਕੱਪ ਲਈ ਭਾਰਤ ਦਾ 12 ਸਾਲਾਂ ਦਾ ਲੰਬਾ ਇੰਤਜ਼ਾਰ ਜਾਰੀ ਹੈ।
ਭਾਰਤ ਇਸ ਤਰ੍ਹਾਂ ਜੋਹਾਨਸਬਰਗ ਵਿੱਚ 2003 ਦੇ ਵਰਲਡ ਕੱਪ ਫਾਈਨਲ ‘ਚ ਆਸਟਰੇਲੀਆ ਤੋਂ ਮਿਲੀ ਹਾਰ ਦਾ ਬਦਲਾ ਲੈਣ ਵਿੱਚ ਅਸਫਲ ਰਿਹਾ। ਭਾਰਤੀ ਟੀਮ ਇਸ ਸਾਲ ਵਰਲਡ ਟੈੱਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਵੀ ਆਸਟਰੇਲੀਆ ਹੱਥੋਂ ਹਾਰ ਗਈ ਸੀ, ਜਦੋਂ ਕਿ ਆਸਟਰੇਲੀਆ ਟੀਮ ਨੇ 2015 ਵਰਲਡ ਕੱਪ ਦੇ ਸੈਮੀਫਾਈਨਲ ‘ਚ ਵੀ ਭਾਰਤ ਨੂੰ ਹਰਾਇਆ ਸੀ। ਇਸ ਸਾਲ ਜੂਨ ‘ਚ ਖੇਡੀ ਗਈ ਵਰਲਡ ਟੈੱਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਟਰੈਵਿਸ ਹੈੱਡ ਨੇ 163 ਦੌੜਾਂ ਬਣਾ ਕੇ ਭਾਰਤ ਤੋਂ ਟਰਾਫ਼ੀ ਖੋਹ ਲਈ ਸੀ। ਹੁਣ ਉਸ ਨੇ ਵਨਡੇ ਵਰਲਡ ਕੱਪ ਫਾਈਨਲ ‘ਚ 137 ਦੌੜਾਂ ਬਣਾ ਕੇ ਭਾਰਤ ਨੂੰ ਖ਼ਿਤਾਬ ਜਿੱਤਣ ਤੋਂ ਵਾਂਝੇ ਰੱਖਿਆ।