ਆਕਲੈਂਡ ਸਿੱਖ ਸੁਸਾਇਟੀ ਨੇ ਜਗਜੀਤ ਸਿੰਘ ਨੂੰ ਨਿਊਜ਼ੀਲੈਂਡ ‘ਚ ਜਾਰਜੀਆ ਦੇ ਆਨਰੇਰੀ ਕੌਂਸਲੇਟ ਵਜੋਂ ਨਿਯੁਕਤ ਕੀਤੇ ਜਾਣ ‘ਤੇ ਸਨਮਾਨਿਤ ਕੀਤਾ

ਪਾਪਾਟੋਏਟੋਏ (ਆਕਲੈਂਡ), 15 ਅਗਸਤ (ਕੂਕ ਪੰਜਾਬੀ ਸਮਾਚਾਰ) – ਇੱਥੇ ਕੋਲਮਰ ਰੋਡ ਸਥਿਤ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਵਿਖੇ 14 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਸੰਸਥਾ ਆਕਲੈਂਡ ਸਿੱਖ ਸੁਸਾਇਟੀ ਵੱਲੋਂ ਸ੍ਰੀ ਜਗਜੀਤ ਸਿੰਘ ਨੂੰ ਨਿਊਜ਼ੀਲੈਂਡ ‘ਚ ਜਾਰਜੀਆ ਦੇ ਆਨਰੇਰੀ ਕੌਂਸਲੇਟ ਨਿਯੁਕਤ ਕੀਤੇ ਜਾਣ ਅਤੇ ਉਨ੍ਹਾਂ ਵੱਲੋਂ ਆਪਣੇ ਗ੍ਰਹਿ ਵਿਖੇ ਪਾਪਾਟੋਏਟੋਏ ‘ਚ ਸਥਾਪਿਤ ਕੀਤੇ ਦਫ਼ਤਰ ਦੀ ਪਹਿਲੀ ਵਰ੍ਹੇਗੰਢ ਪੂਰੀ ਹੋਣ ‘ਤੇ ਵਧਾਈਆਂ ਦਿੱਤੀਆਂ ਅਤੇ ਸਨਮਾਨਿਤ ਕੀਤਾ।
ਜ਼ਿਕਰਯੋਗ ਹੈ ਕਿ 30 ਸਾਲਾਂ ਵਿੱਚ ਨਿਊਜ਼ੀਲੈਂਡ ‘ਚ ਜਾਰਜੀਆ ਦਾ ਸ੍ਰੀ ਜਗਜੀਤ ਸਿੰਘ ਨੂੰ ਪਹਿਲਾ ਆਨਰੇਰੀ ਕੌਂਸਲੇਟ ਬਣਾਇਆ ਗਿਆ ਹੈ। ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧ ਹਨ ਅਤੇ ਇਨ੍ਹਾਂ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਇਹ ਪਿਛਲੇ ਸਾਲ 14 ਜੁਲਾਈ 2021 ਨੂੰ ਨਿਯੁਕਤੀ ਕੀਤੀ ਗਈ ਹੈ। ਇਸ ਨਿਯੁਕਤੀ ਦੀ ਖ਼ਾਸ ਗੱਲ ਇਹ ਹੈ ਕਿ ਭਾਰਤੀ ਮੂਲ ਦੇ ਪੰਜਾਬੀ ਸ੍ਰੀ ਜਗਜੀਤ ਸਿੰਘ ਨੂੰ ਜਾਰਜੀਆ ਨੇ ਪਹਿਲੇ ਆਨਰੇਰੀ ਕੌਂਸਲੇਟ ਹੋਣ ਦਾ ਮਾਣ ਬਖ਼ਸ਼ਿਆ ਹੈ, ਜੋ ਸਮੁੱਚੇ ਪੰਜਾਬੀ ਤੇ ਭਾਰਤੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।
ਜਾਰਜੀਆ ਦੇ ਆਨਰੇਰੀ ਕੌਂਸਲੇਟ ਸ੍ਰੀ ਜਗਜੀਤ ਸਿੰਘ ਨੂੰ ਆਕਲੈਂਡ ਸਿੱਖ ਸੁਸਾਇਟੀ ਦੇ ਚੇਅਰਮੈਨ ਸ. ਪ੍ਰਿਥੀਪਾਲ ਸਿੰਘ ਬਸਰਾ, ਸੰਸਥਾਪਕ ਮੈਂਬਰ ਸ. ਬੇਅੰਤ ਸਿੰਘ ਜਾਡੋਰ, ਪ੍ਰਧਾਨ ਮਨਜੀਤ ਸਿੰਘ ਬਾਠ, ਸਕੱਤਰ ਰਾਜ ਬੇਦੀ ਨੇ ਵਧਾਈਆਂ ਦਿੱਤੀਆਂ।
ਸ. ਪ੍ਰਿਥੀਪਾਲ ਬਸਰਾ ਨੇ ਦੋਵੇਂ ਦੇਸ਼ਾਂ ਨਿਊਜ਼ੀਲੈਂਡ ਅਤੇ ਜਾਰਜੀਆ ਦੇ ਵਿੱਚ ਭਾਈਚਾਰਿਆਂ ਪ੍ਰਤੀ ਜਾਰਜੀਆ ਦੇ ਆਨਰੇਰੀ ਕੌਂਸਲੇਟ ਸ੍ਰੀ ਜਗਜੀਤ ਸਿੰਘ ਦੀ ਵਚਨਬੱਧਤਾ ਅਤੇ ਯੋਗਦਾਨ ਨੂੰ ਸਵੀਕਾਰ ਕੀਤਾ ਅਤੇ ਗੁਰਦੁਆਰਾ ਸਾਹਿਬ ਵਿੱਚ ਬੈਠੇ ਸਾਰੇ ਸ਼ਰਧਾਲੂਆਂ ਨੂੰ ਜਾਰਜੀਆ ਬਾਰੇ ਵਧੇਰੇ ਜਾਣਕਾਰੀ ਲਈ ਕੌਂਸਲੇਟ ਦੇ ਦਫ਼ਤਰ ਨਾਲ ਜੁੜਨ ਦਾ ਸੁਨੇਹਾ ਦਿੱਤਾ। ਸਕੱਤਰ ਰਾਜ ਬੇਦੀ ਨੇ ਜਗਜੀਤ ਸਿੰਘ ਦੀ ਬਹੁ-ਪੱਖੀ ਸਮਰੱਥਾ, ਜਨੂਨ, ਪੇਸ਼ੇ ਅਤੇ ਸਮਾਜ ਭਲਾਈ ਵਿੱਚ ਯੋਗਦਾਨ ਦਾ ਜ਼ਿਕਰ ਕੀਤਾ। ਜਾਰਜੀਆ ਦੇ ਆਨਰੇਰੀ ਕੌਂਸਲੇਟ ਸ੍ਰੀ ਜਗਜੀਤ ਸਿੰਘ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਂਤੀ ਫੈਲਾਉਣ ਅਤੇ ਪ੍ਰੇਰਣਾਦਾਇਕ ਭਾਸ਼ਣ ਦੇਣ ਲਈ ਵੀ ਸਨਮਾਨਿਤ ਕੀਤਾ ਗਿਆ ਹੈ।
ਜਾਰਜੀਆ ਦੇ ਆਨਰੇਰੀ ਕੌਂਸਲੇਟ ਸ੍ਰੀ ਜਗਜੀਤ ਸਿੰਘ ਨੇ ਇਸ ਸਨਮਾਨ ਲਈ ਆਕਲੈਂਡ ਸਿੱਖ ਸੁਸਾਇਟੀ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਜੀਵਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਚਾਰ ਅਹਿਮ ਸਵਾਲਾਂ ਦੀ ਵਿਆਖਿਆ ਕੀਤੀ।
ਆਨਰੇਰੀ ਕੌਂਸਲੇਟ ਸ੍ਰੀ ਜਗਜੀਤ ਸਿੰਘ ਨੇ ਵੀ ਖ਼ੂਬਸੂਰਤ ਦੇਸ਼ ਜਾਰਜੀਆ ਦੀ ਸੁੰਦਰਤਾ ਬਾਰੇ ਸਾਰੇ ਹਾਜ਼ਰ ਸੰਗਤਾਂ ਨੂੰ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਕਿਹਾ ਕਿ, ‘ਜਾਰਜੀਆ ਇੱਕ ਸੁੰਦਰ ਦੇਸ਼ ਹੈ ਅਤੇ ਉੱਥੇ ਜ਼ਰੂਰ ਜਾਣਾ ਚਾਹੀਦਾ ਹੈ’।
ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਉਨ੍ਹਾਂ ਦੇ ਨਾਲ ਸ਼੍ਰੀਮਤੀ ਨਮੁਲਾਉਲੂ ਐਨੀ ਸਿੰਘ ਡਿਪਟੀ ਚੇਅਰਪਰਸਨ ਦੱਖਣੀ ਹੱਬ ਨਿਊਜ਼ੀਲੈਂਡ ਲੇਬਰ ਪਾਰਟੀ ਅਤੇ ਮੈਨੁਰੇਵਾ ਲੇਬਰ ਲੋਕਲ ਬੋਰਡ ਦੀ ਉਮੀਦਵਾਰ ਦੇ ਇਲਾਵਾ ਸ਼੍ਰੀਮਤੀ ਨਿੰਮੀ ਬੇਦੀ ਇਮੀਗ੍ਰੇਸ਼ਨ ਸਲਾਹਕਾਰ ਅਤੇ ਕਮਿਊਨਿਟੀ ਕੋਆਰਡੀਨੇਟਰ, ਸ. ਹਰਜੀਤ ਸਿੰਘ (ਕਿਊ.ਐੱਸ.ਐਮ.), ਪਰਮਜੀਤ ਸਿੰਘ ਢੱਟ, ਨਿਊਜ਼ੀਲੈਂਡ ਫ਼ਸਟ ਪਾਰਟੀ ਦੇ ਸਾਬਕਾ ਲਿਸਟ ਐਮਪੀ ਸ੍ਰੀ ਮਹੇਸ਼ ਬਿੰਦਰਾ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਵਧਾਈਆਂ ਦਿੱਤੀਆਂ ਗਈਆਂ ਅਤੇ ਜਾਰਜੀਆ ਦੇ ਆਨਰੇਰੀ ਕੌਂਸਲੇਟ ਸ੍ਰੀ ਜਗਜੀਤ ਸਿੰਘ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ।