ਵੈਲਿੰਗਟਨ ਵਿਖੇ ਭਾਰਤੀ ਹਾਈ ਕਮਿਸ਼ਨ ‘ਚ 76ਵਾਂ ਸੁਤੰਤਰਤਾ ਦਿਵਸ ਤਿਰੰਗਾ ਲਹਿਰਾ ਕੇ ਅਤੇ ਰੰਗਾ ਰੰਗ ਪ੍ਰੋਗਰਾਮ ਕਰਕੇ ਮਨਾਇਆ ਗਿਆ

ਵੈਲਿੰਗਟਨ, 15 ਅਗਸਤ – ਇੱਥੇ ਭਾਰਤੀ ਹਾਈ ਕਮਿਸ਼ਨ ਨੇ ਅੱਜ 76ਵੇਂ ਸੁਤੰਤਰਤਾ ਦਿਵਸ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਚੈਂਸਰੀ ਦੇ ਮੁਖੀ ਅਤੇ ਕਾਰਜਕਾਰੀ ਚਾਰਜ ਡੀ’ ਅਫੇਅਰਜ਼ ਮੁਕੇਸ਼ ਘੀਆ ਦੁਆਰਾ ਤਿਰੰਗਾ ਲਹਿਰਾਇਆ ਗਿਆ ਅਤੇ ਜਿਸ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ। ਇਹ ਸਮਾਗਮ ਹਾਈ ਕਮਿਸ਼ਨ ਆਫ਼ ਇੰਡੀਆ ਦੀ ਨਵੀਂ ਬਣੀ ਬਿਲਡਿੰਗ ਵਿੱਚ ਆਯੋਜਿਤ ਕੀਤਾ ਗਿਆ।
ਇਸ ਮੌਕੇ ਪਹੁੰਚੇ ਪਤਵੰਤੇ ਸੱਜਣਾਂ, ਜਿਨ੍ਹਾਂ ਵਿੱਚ ਨਿਊਜ਼ੀਲੈਂਡ ਦੇ ਸਾਬਕਾ ਗਵਰਨਰ-ਜਨਰਲ ਆਨੰਦ ਸਤਿਆਨੰਦ ਤੇ ਨਿਊਜ਼ੀਲੈਂਡ ਪੁਲਿਸ ਦੇ ਉੱਚ ਅਧਿਕਾਰੀ ਅਤੇ ਭਾਰਤੀ ਤੇ ਹੋਰ ਭਾਈਚਾਰੇ ਦੇ ਮਹਿਮਾਨ ਸ਼ਾਮਲ ਸਨ। ਹਾਈ ਕਮਿਸ਼ਨ ਦੇ ਆਡੀਟੋਰੀਅਮ ਵਿੱਚ ਇੱਕ ਘੰਟੇ ਤੱਕ ਚੱਲੇ ਸਭਿਆਚਾਰਕ ਪ੍ਰੋਗਰਾਮ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਮਹਿਮਾਨ ਪਹੁੰਚੇ ਹੋਏ ਸਨ।
ਸ੍ਰੀ ਘੀਆ ਨੇ ਹਾਜ਼ਰ ਸੱਜਣਾਂ ਨੂੰ ਸੰਬੋਧਨ ਵੀ ਕੀਤਾ ਅਤੇ ਆਜ਼ਾਦੀ ਦੀ ਪੂਰਵ ਸੰਧਿਆ ‘ਤੇ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਰਾਸ਼ਟਰ ਨੂੰ ਦਿੱਤੇ ਸੁਨੇਹੇ ਨੂੰ ਪੜ੍ਹ ਕੇ ਸੁਣਾਇਆ। ਸ੍ਰੀ ਘੀਆ ਨੇ ਪਰਵਾਸੀ ਭਾਰਤੀਆਂ ਨੂੰ ਭਾਰਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਤੇ ਪ੍ਰੇਰਿਤ ਕਰਨ ਲਈ 2015 ਵਿੱਚ ਸ਼ੁਰੂ ਕੀਤੀ ਆਨਲਾਈਨ ਕਵਿਜ਼ ਦੇ ਵੈਲਿੰਗਟਨ ਤੋਂ ਜੇਤੂਆਂ ਨੂੰ ਤਗਮੇ ਦਿੱਤੇ। ਵੈਲਿੰਗਟਨ ਤੋਂ ਦੋ ਜੇਤੂ ਵਿੱਚ ਸਿਮਰਨ ਸੰਧੂ (ਜੋ ਪ੍ਰਾਇਮਰੀ ਇੰਡਸਟਰੀਜ਼ ਮੰਤਰਾਲੇ ਵਿੱਚ ਕੰਮ ਕਰਦੇ ਹਨ) ਅਤੇ ਦੂਜੇ ਇਸ਼ਾਂਤ ਘੁਲਿਆਨੀ (ਭਾਰਤੀ ਹਾਈ ਕਮਿਸ਼ਨ ਦੇ ਸਟਾਫ਼ ਮੈਂਬਰ ਹਨ) ਸ਼ਾਮਿਲ ਸਨ।
ਇਸ ਤੋਂ ਬਾਅਦ ਨਾਚ ਅਤੇ ਸੰਗੀਤ ਦਾ ਇੱਕ ਸਭਿਆਚਾਰਕ ਪ੍ਰੋਗਰਾਮ ਹੋਇਆ, ਜਿਸ ਵਿੱਚ ਹਾਈ ਕਮਿਸ਼ਨ ਦੇ ਦੂਜੇ ਸਕੱਤਰ (ਸੱਭਿਆਚਾਰ) ਦੁਰਗਾ ਦਾਸ ਵੱਲੋਂ ਕਵਿਤਾ ਪਾਠ ਸ਼ਾਮਲ ਕੀਤਾ ਗਿਆ ਸੀ।