ਬਿਹਾਰ: ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਵਜ਼ਾਰਤ ‘ਚ 31 ਨਵੇਂ ਮੰਤਰੀ ਸ਼ਾਮਲ

ਪਟਨਾ, 16 ਅਗਸਤ – ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਆਪਣੀ ਨਵੀਂ ਵਜ਼ਾਰਤ ਦਾ ਵਿਸਥਾਰ ਕਰਦੇ ਹੋਏ 31 ਨਵੇਂ ਮੰਤਰੀਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਹੈ। ਇਨ੍ਹਾਂ ਵਿੱਚੋਂ 16 ਮੰਤਰੀ ਮਹਾਗੱਠਬੰਧਨ ਦੇ ਅਹਿਮ ਭਾਈਵਾਲ ਆਰਜੇਡੀ ਤੋਂ ਹਨ। ਨਵੀਂ ਵਜ਼ਾਰਤ ਵਿੱਚ ਘੱਟਗਿਣਤੀ ਸਣੇ ਸਮਾਜ ਦੇ ਸਾਰੇ ਵਰਗਾਂ ਨੂੰ ਲੋੜੀਂਦੀ ਨੁਮਾਇੰਦਗੀ ਦੇਣ ਦਾ ਦਾਅਵਾ ਕੀਤਾ ਗਿਆ ਹੈ। ਉਂਜ ਬਹੁਗਿਣਤੀ ਯਾਦਵ ਤੇ ਮੁਸਲਿਮ ਚਿਹਰਿਆਂ ਦੀ ਹੈ। ਵਜ਼ਾਰਤ ਵਿੱਚ 11 ਮੰਤਰੀ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜੇਡੀਯੂ ਨਾਲ ਸਬੰਧਤ ਹਨ ਜਦੋਂਕਿ ਕਾਂਗਰਸ ਦੇ ਦੋ, ਇਕ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀ ਹਿੰਦੁਸਤਾਨ ਅਵਾਮ ਮੋਰਚਾ (ਐੱਚਏਐੱਮ) ਤੇ ਇਕ ਆਜ਼ਾਦ ਵਿਧਾਇਕ ਹੈ। ਰਾਜਪਾਲ ਫਾਗੂ ਚੌਹਾਨ ਨੇ ਨਵੇਂ ਮੰਤਰੀਆਂ ਨੂੰ ਇਥੇ ਰਾਜ ਭਵਨ ਵਿੱਚ ਹਲਫ਼ ਦਿਵਾਇਆ। ਮੰਤਰੀਆਂ ਨੇ ਪੰਜ-ਪੰਜ ਤੇ ਛੇ-ਛੇ ਦੇ ਬੈਚਾਂ ਵਿੱਚ ਸਹੁੰ ਚੁੱਕੀ। ਹਲਫ਼ਦਾਰੀ ਸਮਾਗਮ ਵਿੱਚ ਨਿਤੀਸ਼ ਕੁਮਾਰ ਤੇ ਉਪ ਮੁੱਖ ਮੰਤਰੀ ਤੇਜਸਵੀ ਪ੍ਰਸਾਦ ਯਾਦਵ, ਜਿਨ੍ਹਾਂ 10 ਅਗਸਤ ਨੂੰ ਹਲਫ਼ ਲਿਆ, ਵੀ ਮੌਜੂਦ ਸਨ। ਅੱਜ ਹਲਫ਼ ਲੈਣ ਵਾਲਿਆਂ ਵਿੱਚ ਆਰਜੇਡੀ ਆਗੂ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਤੇ ਦੂਜੀ ਵਾਰ ਵਿਧਾਇਕ ਬਣੇ ਤੇਜ ਪ੍ਰਤਾਪ ਸਿੰਘ ਵੀ ਸ਼ਾਮਲ ਸਨ। ਤੇਜ ਪ੍ਰਤਾਪ ਦੇ ਨਾਲ ਪਹਿਲੇ ਗੇੜ ਵਿੱਚ ਪਾਰਟੀ ਦੇ ਬਜ਼ੁਰਗ ਆਗੂ ਆਲੋਕ ਮਹਿਤਾ, ਜੇਡੀਯੂ ਦੇ ਵਿਜੈ ਕੁਮਾਰ ਚੌਧਰੀ, ਬਿਜੇਂਦਰ ਯਾਦਵ ਤੇ ਕਾਂਗਰਸ ਦੇ ਮੁਹੰਮਦ ਅਫ਼ਾਕ ਆਲਮ ਨੇ ਵੀ ਸਹੁੰ ਚੁੱਕੀ। ਨਵੀਂ ਕੈਬਨਿਟ ਵਿੱਚ ਯਾਦਵਾਂ ਤੇ ਮੁਸਲਿਮਾਂ ਨੂੰ ਤਰਜੀਹ ਦਿੱਤੀ ਗਈ ਹੈ। ਹਲਫ਼ ਲੈਣ ਵਾਲੇ ਮੰਤਰੀਆਂ ਵਿੱਚ ਤਿੰਨ ਮਹਿਲਾਵਾਂ ਵੀ ਹਨ। ਇਨ੍ਹਾਂ ਵਿਚੋਂ ਸ਼ੀਲਾ ਕੁਮਾਰੀ ਤੇ ਲੈਸ਼ੀ ਸਿੰਘ ਜੇਡੀਯੂ ਤੋਂ ਜਦੋਂਕਿ ਅਨੀਤਾ ਦੇਵੀ ਆਰਜੇਡੀ ਤੋਂ ਹੈ। ਨਿਤੀਸ਼ ਵਜ਼ਾਰਤ ਵਿੱਚ ਲਾਲੂ ਪ੍ਰਸਾਦ ਦੇ ਦੋ ਪੁੱਤਰਾਂ ਤੇ ਜੇਡੀਯੂ ਦੇ ਬਿਜੇਂਦਰ ਯਾਦਵ ਸਣੇ ਕੁੱਲ ਸੱਤ ‘ਯਾਦਵ’ ਹਨ। ਪੰਜ ਮੁਸਲਿਮ ਚਿਹਰਿਆਂ ਵਿੱਚ ਜ਼ਮਾ ਖ਼ਾਨ (ਜੇਡੀਯੂ), ਮੁਹੰਮਦ ਅਫ਼ਾਕ ਆਲਮ (ਕਾਂਗਰਸ) ਤੇ ਮੁਹੰਮਦ ਸ਼ਮੀਮ, ਮੁਹੰਮਦ ਇਸਰਾਈਲ ਮਨਸੂਰੀ ਤੇ ਸ਼ਾਹਨਵਾਜ਼ ਆਲਮ ਸਾਰੇ (ਆਰਜੇਡੀ) ਸ਼ਾਮਲ ਹਨ। ਇਸੇ ਤਰ੍ਹਾਂ ਭੂਮੀਹਾਰ, ਰਾਜਪੂਤ ਤੇ ਬ੍ਰਾਹਮਣ ਵਰਗਾਂ ਨਾਲ ਸਬੰਧਤ ਵਿਧਾਇਕਾਂ ਨੂੰ ਵੀ ਨਵੀਂ ਵਜ਼ਾਰਤ ਵਿੱਚ ਮੌਕਾ ਦਿੱਤਾ ਗਿਆ ਹੈ।