‘ਆਪ’ ਦੀ ਸ਼ੈਲੀ ਓਬਰਾਏ ਦਿੱਲੀ ਦੀ ਮੇਅਰ ਬਣੀ, ਭਾਜਪਾ ਦੀ ਰੇਖਾ ਗੁਪਤਾ ਨੂੰ 34 ਵੋਟਾਂ ਨਾਲ ਹਰਾਇਆ

ਨਵੀਂ ਦਿੱਲੀ, 22 ਫਰਵਰੀ – ਆਮ ਆਦਮੀ ਪਾਰਟੀ ਉਮੀਦਵਾਰ ਸ਼ੈਲੀ ਓਬਰਾਏ ਤੇ ਆਲੇ ਮੁਹੰਮਦ ਇਕਬਾਲ ਕ੍ਰਮਵਾਰ ਦਿੱਲੀ ਦੇ ਮੇਅਰ ਤੇ ਡਿਪਟੀ ਮੇਅਰ ਚੁਣੇ ਗਏ ਹਨ। ਓਬਰਾਏ ਦਿੱਲੀ ਦੇ ਏਕੀਕ੍ਰਿਤ ਨਗਰ ਨਿਗਮ ਦੇ ਪਹਿਲੇ ਮੇਅਰ ਹਨ। ਓਬਰਾਏ ਨੇ ਮੇਅਰ ਦੇ ਅਹੁਦੇ ਲਈ ਭਾਜਪਾ ਦੀ ਰੇਖਾ ਗੁਪਤਾ ਨੂੰ 34 ਵੋਟਾਂ ਦੇ ਫ਼ਰਕ ਨਾਲ ਹਰਾਇਆ। ਮੇਅਰ ਦੀ ਚੋਣ ਲਈ ਕੁੱਲ 266 ਵੋਟਾਂ ਪਈਆਂ ਜਿਨ੍ਹਾਂ ਵਿਚੋਂ ਓਬਰਾਏ ਨੂੰ 150 ਵੋਟਾਂ ਪਈਆਂ ਜਦੋਂਕਿ ਗੁਪਤਾ ਦੇ ਹਿੱਸੇ 116 ਵੋਟਾਂ ਆਈਆਂ। ਉਧਰ ਇਕਬਾਲ ਨੇ ਡਿਪਟੀ ਮੇਅਰ ਦੀ ਚੋਣ ਵਿੱਚ ਭਾਜਪਾ ਦੇ ਕਮਲ ਬਾਗੜੀ ਨੂੰ 31 ਵੋਟਾਂ ਨਾਲ ਸ਼ਿਕਸਤ ਦਿੱਤੀ। ਇਕਬਾਲ ਨੂੰ ਬਾਗੜੀ (116) ਦੇ ਮੁਕਾਬਲੇ 147 ਵੋਟਾਂ ਪਈਆਂ।
ਵੋਟਿੰਗ ਦਾ ਅਮਲ ਸਿਵਿਕ ਸੈਂਟਰ ਵਿੱਚ ਸਿਰੇ ਚੜ੍ਹਿਆ। ਦਿੱਲੀ ਨੂੰ ਅੱਜ ਚੌਥੀ ਕੋਸ਼ਿਸ਼ ਦੌਰਾਨ ਨਵਾਂ ਮੇਅਰ ਮਿਲਿਆ ਹੈ। ਇਸ ਤੋਂ ਪਹਿਲਾਂ ਮੇਅਰ ਦੀ ਚੋਣ ਲਈ ਤਿੰਨ ਵਾਰ ਸਦਨ ਜੁੜਿਆ, ਪਰ ਨਾਮਜ਼ਦ ਮੈਂਬਰਾਂ ਨੂੰ ਦਿੱਤੇ ਵੋਟਿੰਗ ਦੇ ਅਧਿਕਾਰ ਨੂੰ ਲੈ ਕੇ ਸਦਨ ਵਿੱਚ ਰੌਲਾ ਰੱਪਾ ਪੈਂਦਾ ਰਿਹਾ ਤੇ ਚੋਣ ਅਮਲ ਸਿਰੇ ਨਹੀਂ ਚੜ੍ਹ ਸਕਿਆ। ਪਿਛਲੇ ਹਫ਼ਤੇ ਸਿਖਰਲੀ ਕੋਰਟ ਦੇ ਹੁਕਮਾਂ ਮਗਰੋਂ ਦਿੱਲੀ ਦੇ ਉਪ ਰਾਜਪਾਲ ਵੀ.ਕੇ.ਸਕਸੈਨਾ ਨੇ ਮੇਅਰ ਦੀ ਚੋਣ ਲਈ ਦਿੱਲੀ ਨਗਰ ਨਿਗਮ ਦੇ ਨਵੇਂ ਚੁਣੇ ਮੈਂਬਰਾਂ ਦਾ ਇਜਲਾਸ ਸੱਦਣ ਦੀ ਪ੍ਰਵਾਨਗੀ ਦੇ ਦਿੱਤੀ ਸੀ। ਸਿਖਰਲੀ ਕੋਰਟ ਨੇ 17 ਫਰਵਰੀ ਨੂੰ ਜਾਰੀ ਹੁਕਮਾਂ ਵਿੱਚ ਐੱਮਸੀਡੀ ਦੀ ਪਹਿਲੀ ਮੀਟਿੰਗ ਸੱਦਣ ਦੇ 24 ਘੰਟਿਆਂ ਅੰਦਰ ਮੇਅਰ, ਡਿਪਟੀ ਮੇਅਰ ਤੇ ਸਟੈਂਡਿੰਗ ਕਮੇਟੀ ਦੇ ਹੋਰਨਾਂ ਮੈਂਬਰਾਂ ਦੀ ਚੋਣ ਲਈ ਤਰੀਕ ਨਿਰਧਾਰਿਤ ਕਰਨ ਸਬੰਧੀ ਨੋਟਿਸ ਜਾਰੀ ਕਰਨ ਲਈ ਕਿਹਾ ਸੀ। ਕੋਰਟ ਨੇ ਇਹ ਹੁਕਮ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਮੇਅਰ ਦੇ ਅਹੁਦੇ ਲਈ ਉਮੀਦਵਾਰ ਸ਼ੈਲੀ ਓਬਰਾਏ ਵੱਲੋਂ ਦਾਇਰ ਪਟੀਸ਼ਨ ’ਤੇ ਦਿੱਤੇ ਸਨ। ਸਿਖਰਲੀ ਕੋਰਟ ਨੇ ਉਦੋਂ ਇਹ ਗੱਲ ਵੀ ਕਹੀ ਸੀ ਕਿ ਉਪ ਰਾਜਪਾਲ ਵੱਲੋਂ ਐੱਮਸੀਡੀ ਵਿੱਚ ਨਾਮਜ਼ਦ ਕੀਤੇ ਮੈਂਬਰ ਮੇਅਰ ਦੀ ਚੋਣ ਮੌਕੇ ਵੋਟ ਨਹੀਂ ਪਾ ਸਕਣਗੇ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ‘ਆਪ’ ਕੌਂਸਲਰ ਸ਼ੈਲੀ ਓਬਰਾਏ ਦੀ ਜਿੱਤ ’ਤੇ ਦਿੱਲੀ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਕੇਜਰੀਵਾਲ ਨੇ ਭਾਜਪਾ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਨਤਾ ਦੀ ਜਿੱਤ ਹੋਈ ਅਤੇ ਗੁੰਡੇ ਹਾਰ ਗਏ। ਕੇਜਰੀਵਾਲ ਨੇ ਬਿਨਾਂ ਕਿਸੇ ਦਾ ਨਾਂ ਲਏ ਹਿੰਦੀ ਵਿੱਚ ਟਵੀਟ ਕੀਤਾ, ‘‘ਗੁੰਡੇ ਹਾਰ ਗਏ, ਜਨਤਾ ਜਿੱਤ ਗਈ। ਦਿੱਲੀ ਨਗਰ ਨਿਗਮ ਵਿੱਚ ਦਿੱਲੀ ਦੀ ਜਨਤਾ ਜਿੱਤ ਗਈ ਤੇ ਗੁੰਡਾਗਰਦੀ ਹਾਰ ਗਈ। ਸ਼ੈਲੀ ਓਬਰਾਏ ਦੇ ਮੇਅਰ ਚੁਣੇ ਜਾਣ ’ਤੇ ਦਿੱਲੀ ਦੇ ਲੋਕਾਂ ਨੂੰ ਵਧਾਈ’’ ।
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਓਬਰਾਏ ਤੇ ਪਾਰਟੀ ਵਰਕਰਾਂ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਸਿਸੋਦੀਆ ਨੇ ਇਕ ਟਵੀਟ ਵਿੱਚ ਕਿਹਾ, ‘‘ਗੁੰਡੇ ਹਾਰ ਗਏ, ਲੋਕ ਜਿੱਤ ਗਏ। ‘ਆਪ’ ਉਮੀਦਵਾਰ ਦੇ ਦਿੱਲੀ ਨਗਰ ਨਿਗਮ ਦਾ ਮੇਅਰ ਬਣਨ ’ਤੇ ਸਾਰੇ ਪਾਰਟੀ ਵਰਕਰਾਂ ਨੂੰ ਵਧਾਈ। ਇਕ ਵਾਰ ਫਿਰ ਦਿੱਲੀ ਦੇ ਲੋਕਾਂ ਨੂੰ ਵਧਾਈਆਂ। ਸ਼ੈਲੀ ਓਬਰਾਏ ਨੂੰ ‘ਆਪ’ ਦੀ ਪਹਿਲੀ ਮੇਅਰ ਬਣਨ ’ਤੇ ਵਧਾਈ’’।
ਮੇਅਰ ਦੀ ਚੋਣ ਵਿੱਚ ਗਣਿਤ ‘ਆਪ’ ਦੇ ਪੱਖ ਵਿੱਚ ਸੀ। ‘ਆਪ’ ਉਮੀਦਵਾਰ ਨੂੰ ਕੁੱਲ 274 ਵੋਟਾਂ ’ਚੋਂ 150 ਤੇ ਭਾਜਪਾ ਨੂੰ 113 ਵੋਟਾਂ ਮਿਲੀਆਂ। ਆਜ਼ਾਦ ਕੌਂਸਲਰਾਂ ਦੀਆਂ ਦੋ ਵੋਟਾਂ ਸਨ। ਹਾਲਾਂਕਿ ਓਬਰਾਏ ਨੂੰ ਉਸ ਦੀ ਪਾਰਟੀ ਦੀਆਂ ਸਾਰੀਆਂ ਵੋਟਾਂ ਮਿਲੀਆਂ ਜਦੋਂ ਕਿ ਭਾਜਪਾ ਨੂੰ ਉਸ ਦੀ ਕੁੱਲ ਤਾਕਤ ਦੇ ਮੁਕਾਬਲੇ ਤਿੰਨ ਵੋਟਾਂ ਵਾਧੂ ਮਿਲੀਆਂ। ਚੁਣੇ ਗਏ ਕੌਂਸਲਰਾਂ ਦੀਆਂ 250 ਵੋਟਾਂ, ਸੱਤ ਭਾਜਪਾ ਲੋਕ ਸਭਾ ਮੈਂਬਰ ਤੇ ਦਿੱਲੀ ਤੋਂ ‘ਆਪ’ ਦੇ ਤਿੰਨ ਰਾਜ ਸਭਾ ਮੈਂਬਰ ਤੇ 14 ਵਿਧਾਇਕਾਂ, ਜਿਨ੍ਹਾਂ ਵਿੱਚ ‘ਆਪ’ ਦੇ 13 ਅਤੇ ਭਾਜਪਾ ਦਾ ਇੱਕ ਮੈਂਬਰ ਸ਼ਾਮਲ ਸਨ। ਐੱਮਸੀਡੀ ਹਾਊਸ ਵਿੱਚ ਕਾਂਗਰਸ ਦੇ 9 ਕੌਂਸਲਰ ਹਨ। ਚੋਣ ਨਤੀਜਿਆਂ ਦਾ ਐਲਾਨ ਕਰਦਿਆਂ ਪ੍ਰੀਜ਼ਾਈਡਿੰਗ ਅਫਸਰ ਅਤੇ ਭਾਜਪਾ ਕੌਂਸਲਰ ਸੱਤਿਆ ਸ਼ਰਮਾ ਨੇ ਵੋਟਿੰਗ ਪ੍ਰਕਿਰਿਆ ਤੋਂ ਗੈਰਹਾਜ਼ਰ ਰਹਿਣ ਵਾਲੇ ਅੱਠ ਕੌਂਸਲਰਾਂ ਦੇ ਨਾਵਾਂ ਦਾ ਐਲਾਨ ਕੀਤਾ। ਇਹ ਸਾਰੇ ਕੌਂਸਲਰ ਕਾਂਗਰਸ ਦੇ ਸਨ। ਕਾਂਗਰਸੀ ਕੌਂਸਲਰਾਂ ਦੀ ਮਜਬੂਰੀ ਸੀ ਕਿ ਉਹ ਭਾਜਪਾ ਨੂੰ ਵੋਟ ਨਹੀਂ ਪਾ ਸਕਦੇ ਹਨ ਤੇ ‘ਆਪ’ ਤਾਂ ਦਿੱਲੀ ਵਿੱਚ ਸਫਲ ਹੀ ਕਾਂਗਰਸ ਦੇ ਵੋਟ ਬੈਂਕ ਨੂੰ ਖੋਰਾ ਲਾ ਕੇ ਹੋਈ ਹੈ। ਭਾਜਪਾ ਉਮੀਦਵਾਰ ਰੇਖਾ ਗੁਪਤਾ ਨੂੰ 116 ਵੋਟਾਂ ਮਿਲੀਆਂ ਜੋ ਉਨ੍ਹਾਂ ਦੀ ਪਾਰਟੀ ਦੀਆਂ ਕੁੱਲ ਵੋਟਾਂ ਤੋਂ ਤਿੰਨ ਵੱਧ ਹਨ।