ਨਿਸ਼ਾਨੇਬਾਜ਼ੀ ਵਰਲਡ ਕੱਪ: ਐਸ਼ਵਰੀ ਪ੍ਰਤਾਪ ਸਿੰਘ ਨੇ ਸੋਨ ਤਗਮਾ ਜਿੱਤਿਆ

ਕਾਹਿਰਾ, 23 ਫਰਵਰੀ – ਓਲੰਪੀਅਨ ਐਸ਼ਵਰੀ ਪ੍ਰਤਾਪ ਸਿੰਘ ਤੋਮਰ ਨੇ ਅੱਜ ਇੱਥੇ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਰਲਡ ਕੱਪ ਵਿੱਚ ਪੁਰਸ਼ਾਂ ਦੀ ਵਿਅਕਤੀਗਤ 50 ਮੀਟਰ ਰਾਈਫਲ ਥਰੀ ਪੁਜ਼ੀਸ਼ਨ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ।
ਭਾਰਤ ਨੇ ਇਸ ਮੁਕਾਬਲੇ ਵਿੱਚ ਹੁਣ ਤੱਕ ਚਾਰ ਸੋਨ ਤਗਮਿਆਂ ਸਮੇਤ ਛੇ ਤਗਮੇ ਜਿੱਤਦਿਆਂ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ।
ਪਿਛਲੇ ਸਾਲ ਚਾਂਗਵੋਨ ਵਰਲਡ ਕੱਪ ਵਿੱਚ ਵੀ ਸੋਨ ਤਗ਼ਮਾ ਜਿੱਤਣ ਵਾਲੇ 22 ਸਾਲਾ ਤੋਮਰ ਨੇ ਫਾਈਨਲ ਵਿੱਚ ਆਸਟਰੀਆ ਦੇ ਅਲੈਕਜੈਂਡਰ ਸ਼ਮਿਰਲ ’ਤੇ 16-2 ਤੋਂ ਸੌਖਿਆ ਹੀ ਜਿੱਤ ਦਰਜ ਕੀਤੀ। ਤੋਮਰ ਨੇ ਰੈਂਕਿੰਗ ਰਾਊਂਡ ਵਿੱਚ 406.4 ਅੰਕ ਬਣਾ ਕੇ ਦੂਜਾ ਸਥਾਨ ਕੀਤਾ ਸੀ, ਜਦਕਿ ਸ਼ਮਿਰਲ 407.9 ਅੰਕਾਂ ਨਾਲ ਪਹਿਲੇ ਸਥਾਨ ’ਤੇ ਰਿਹਾ ਸੀ। ਇਸ ਤੋਂ ਪਹਿਲਾ ਭਾਰਤੀ ਨਿਸ਼ਾਨੇਬਾਜ਼ ਨੇ ਕੁਆਲੀਫਾਈ ਦੌਰ ਵਿੱਚ 588 ਅੰਕ ਬਣਾ ਕੇ ਪਹਿਲਾ ਸਥਾਨ ਹਾਸਲ ਕਰ ਲਿਆ ਸੀ। ਇਸ ਮੁਕਾਬਲੇ ਵਿੱਚ ਭਾਗ ਲੈ ਰਹੇ ਇੱਕ ਹੋਰ ਭਾਰਤੀ ਅਖਿਲ ਸ਼ੈਰੇਨ ਨੇ ਕੁਆਲੀਫਿਕੇਸ਼ਨ ਵਿੱਚ 587 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਸੀ।