ਆਮਦਨ ਕਰ ਵਿਭਾਗ ਦੇ ਵੱਲੋਂ ਤਾਪਸੀ, ਅਨੁਰਾਗ ਤੇ ਵਿਕਾਸ ਦੇ ਘਰਾਂ ‘ਤੇ ਛਾਪੇ

ਮੁੰਬਈ, 3 ਮਾਰਚ – ਆਮਦਨ ਕਰ ਵਿਭਾਗ ਨੇ ਟੈਕਸ ਚੋਰੀ ਦੇ ਮਾਮਲੇ ਵਿੱਚ ਅੱਜ ਬਾਲੀਵੁੱਡ ਦੀਆਂ ਹਸਤੀਆਂ ਤਾਪਸੀ ਪੰਨੂ, ਅਨੁਰਾਗ ਕਸ਼ਯਪ, ਪ੍ਰੋਡਿਊਸਰ ਮਧੂ ਮੰਟੇਨਾ ਅਤੇ ਵਿਕਾਸ ਬਹਿਲ ਦੇ ਘਰਾਂ ਵਿੱਚੇ ਛਾਪੇ ਮਾਰੀ ਕੀਤੀ। ਖ਼ਬਰਾਂ ਮੁਤਾਬਿਕ ਆਮਦਨ ਕਰ ਵਿਭਾਗ ਨੇ ਇਨ੍ਹਾਂ ਲੋਕਾਂ ਦੇ ਘਰ ਸਹਿਤ 22 ਠਿਕਾਣਿਆਂ ਉੱਤੇ ਛਾਪੇ ਮਾਰੇ। ਜ਼ਿਕਰਯੋਗ ਹੈ ਕਿ ਆਮਦਨ ਕਰ ਵਿਭਾਗ ਫੈਂਟਮ ਫਿਲਮਜ਼ ਨਾਲ ਜੁੜੇ ਲੋਕਾਂ ਦੀ ਜਾਂਚ ਕਰ ਰਹੀ ਹੈ, ਫੈਂਟਮ ਫਿਲਮਜ਼ ਉੱਤੇ ਦੋਸ਼ ਹੈ ਕਿ ਉਸ ਨੇ ਟੈਕਸ ਦੀ ਚੋਰੀ ਕੀਤੀ ਸੀ।
ਇਸ ਦੇ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਤਿੰਨੇ ਤਾਪਸੀ, ਅਨੁਰਾਗ ਤੇ ਵਿਕਾਸ ਸੋਸ਼ਲ ਮੀਡੀਆ ‘ਤੇ ਸਰਕਾਰ ਦੀ ਨੀਤੀਆਂ ਖ਼ਿਲਾਫ਼ ਖੁੱਲ੍ਹ ਕੇ ਬੋਲਦੇ ਹਨ ਤੇ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ। ਛਾਪਿਆਂ ਦਾ ਵਿਰੋਧ ਕਰਦਿਆਂ ਮਹਾਰਾਸ਼ਟਰ ਦੇ ਮੰਤਰੀ ਅਤੇ ਰਾਸ਼ਟਰੀ ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਨਵਾਬ ਮਲਿਕ ਨੇ ਕਿਹਾ ਕਿ, ”ਸਰਕਾਰ ਵਿਰੋਧੀ ਰੁਖ਼ ਅਪਣਾਉਣ ਅਤੇ ਸ਼ਾਸਨ ਦੀਆਂ ਨੀਤੀਆਂ ਵਿਰੁੱਧ ਬੋਲਣ ਵਾਲਿਆਂ ਖ਼ਿਲਾਫ਼ ਈਡੀ, ਸੀਬੀਆਈ ਅਤੇ ਆਮਦਨ ਕਰ ਵਿਭਾਗ ਵਰਗੀਆਂ ਕੇਂਦਰੀ ਏਜੰਸੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ।”
ਉੱਧਰ ਸੰਯੁਕਤ ਕਿਸਾਨ ਮੋਰਚੇ ਨੇ ਬਾਲੀਵੁੱਡ ਅਦਾਕਾਰ ਤਾਪਸੀ ਪੰਨੂ ਦੇ ਹਵਾਲੇ ਨਾਲ ਮੁੰਬਈ ਤੇ ਹੋਰਨਾਂ ਥਾਵਾਂ ਉੱਪਰ ਕੇਂਦਰੀ ਏਜੰਸੀਆਂ ਜਾਂ ਵਿਭਾਗਾਂ ਵੱਲੋਂ ਆਏ ਦਿਨ ਕਿਸਾਨ ਹਮਾਇਤੀਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਉਂਦੇ ਹੋਏ ਕੇਂਦਰ ਸਰਕਾਰ ਦੀ ਮੋਰਚੇ ਪ੍ਰਤੀ ਨਰਾਜ਼ਗੀ ਨੂੰ ਗ਼ਲਤ ਤਰੀਕੇ ਨਾਲ ਜ਼ਾਹਿਰ ਕਰਨ ਦਾ ਜ਼ਰ੍ਹੀਆ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਕਿਸਾਨਾਂ ਦੇ ਹਮਾਇਤੀ ਆੜ੍ਹਤੀਆਂ ਉੱਪਰ ਛਾਪੇਮਾਰੀ ਦੀ ਸਖ਼ਤ ਨਿਖੇਧੀ ਕੀਤੀ ਗਈ ਸੀ। ਮੋਰਚੇ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਲਈ ਕੌਮੀ ਤੇ ਕੌਮਾਂਤਰੀ ਹਸਤੀਆਂ ਦਾ ਵੀ ਧੰਨਵਾਦ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਆਪਣੇ ਟੀਚੇ ਲਈ ਦ੍ਰਿੜ੍ਹ ਹਨ। ਮੋਰਚੇ ਦੇ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਵੀ ਬਜਾਏ ਕਿਸਾਨਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਲਗਾਤਾਰ ਛਾਪੇ ਮਾਰ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ।