ਇਮਲੀ

ਪਹਿਚਾਨ: ਇਸ ਨੂੰੰ ਸੰਸਕ੍ਰਿਤ ਵਿੱਚ ਅਭਿਲਕਾ, ਚਰਿਤਰਾ, ਗੁਰੂਪਤਰਾ ਕਹਿੰਦੇ ਹਨ। ਇਹ ਇੱਕ ਜਾਣਿਆ ਪਹਿਚਾਣਿਆ ਨਾਮ ਹੈ। ਇਸ ਦੇ ਦਰੱਖਤ ਸਾਰੇ ਦੇਸ਼ ਵਿਚ ਹਰ ਥਾਂ ਤੇ ਪਾਏ ਜਾਂਦੇ ਹਨ। ਇਸ ਦੇ ਪੱਤਿਆਂ ਦਾ ਸਾਈਜ ਸਰੀਂਹ ਦੇ ਪੱਤਿਆਂ ਵਾਂਗ ਤੇ ਆਂਵਲੇ ਦੇ ਦਰੱਖਤ ਦੇ ਪੱਤਿਆਂ ਵਰਗਾ ਹੁੰਦਾ ਹੈ। ਇਸ ਦੇ ਪੱਤਿਆਂ ਵਿੱਚੋਂ ਵਧੀਆ ਸੁਗੰਧ ਆਉਂਦੀ ਹੈ। ਇਸ ਦੇ ਦਰਖਤ ਤੇ ਲੰਮੀਆਂ ਫਲੀਆਂ ਲੱਗਦੀਆਂ ਹਨ। ਜੋ ਕੱਚੀਆਂ ਭੂਰੇ ਰੰਗ ਦੀਆਂ ਹੁੰਦੀਆਂ ਹਨ। ਪੱਕ ਜਾਣ ਤੇ ਗੂੜੇ ਭੂਰੇ -ਕਾਲੇ ਰੰਗ ਦੀਆਂ ਬਣ ਜਾਂਦੀਆਂ ਹਨ। ਪੱਕੀਆਂ ਫਲੀਆਂ ਦੇ ਉੱਪਰੋਂ ਛਿੱਲੜ ਉਤਾਰ ਕੇ ਅੰਦਰ ਦੇ ਗੁੱਦੇ ਨੂੰ ਵਰਤਿਆ ਜਾਂਦਾ ਹੈ। ਇਸੇ ਫਲ ਨੂੰ ਇਮਲੀ ਫਲ ਕਹਿੰਦੇ ਹਨ। ਇਸ ਦੇ ਵਿੱਚੋਂ ਭੂਰੇ ਰੰਗ ਦੀਆਂ ਚੌਰਸ ਤਰ੍ਹਾਂ ਦੀਆਂ ਮੋਟੀਆਂ ਗਿਟਕਾਂ ਵੀ ਨਿਕਲਦੀਆਂ ਹਨ। ਇਹਨਾਂ ਦੀ ਅੰਦਰਲੀ ਗਿਰੀ ਵੀ ਦਵਾਈਆਂ ਵਿੱਚ ਵਰਤੀ ਜਾਂਦੀ ਹੈ।
ਗੁਣ ਧਰਮ: ਪੱਕੀ ਹੋਈ ਇਮਲੀ ਖੱਟੀ, ਮਧੁਰ ਅਤੇ ਸਾਰਕ ਹੁੰਦੀ ਹੈ। ਇਹ ਹਾਜਮਾ ਦਰੁਸਤ ਕਰਨ ਲਈ ਵਰਤੀ ਜਾਂਦੀ ਹੈ। ਪੱਕੀ ਇਮਲੀ ਕਫ, ਵਾਤ, ਗਰਮੀ, ਰਕਤਵਿਕਾਰ, ਪਰਤੀਸ਼ੂਲ ਦੂਰ ਕਰਦੀ ਹੈ। ਦਰੱਖਤ ਦੀ ਛਿੱਲ ਮੂਤਰ ਰੋਗਾਂ ਵਿੱਚ ਸਹਾਈ ਹੈ। ਛਿੱਲ ਦਾ ਚੂਰਨ ਅਨੀਮੀਆ ਰੋਗ ਵਿੱਚ ਸਹਾਈ ਹੈ। ਇਸ ਦੇ ਫਲ ਦਾ ਰਸ ਪਾਣੀ ਵਿੱਚ ਘੋਲ ਕੇ ਪੀਣਾ ਦਿਲ ਨੂੰ ਤਾਕਤ ਦਿੰਦਾ ਹੈ।
ਵਰਤੋਂ ਢੰਗ: ਤਲੀਆਂ ਹੋਈਆਂ ਨਮਕੀਨ ਵਸਤਾਂ ਦੇ ਨਾਲ ਇਮਲੀ ਜ਼ਰੂਰ ਲੈਣੀ ਚਾਹੀਦੀ ਹੈ ਤਾਂ ਕਿ ਵਸਤ ਛੇਤੀ ਹਜ਼ਮ ਹੋ ਜਾਵੇ। ਤਲੀਆਂ ਚੀਜ਼ਾਂ ਜਿਵੇ ਪਕੌੜੇ, ਭੱਲੇ, ਸਮੋਸੇ, ਕਚੌਰੀਆ ਆਦਿ ਨਾਲ ਜੇਕਰ ਇਮਲੀ ਦਾ ਰਸ ਨਾਂ ਹੋਵੇ ਤਾ ਇਹ ਦਿਲ ਅਤੇ ਲੀਵਰ ਨੂੰ ਝਟਕਾ ਵੀ ਮਾਰ ਸਕਦੀਆ ਹਨ, ਜਿਸ ਨਾਲ ਪੀਲੀਆ ਰੋਗ ਹੋ ਜਾਂਦਾ ਹੈ। ਇਹ ਕਹਾਵਤ ਹੈ ਕਿ ਜਿਹੜਾ ਵਿਅਕਤੀ ਇਮਲੀ ਦੇ ਪਾਣੀ ਦਾ ਲਗਾਤਾਰ ਸੇਵਨ ਕਰਦਾ ਹੈ, ਉਸ ਨੂੰ ਕਦੇ ਵੀ ਪੀਲੀਆ, ਹੈਪੀਟਾਈਟਸ- ਬੀ ਆਦਿ ਰੋਗ ਨਹੀਂ ਹੁੰਦੇ। ਜਿਸ ਨੂੰ ਪੀਲੀਆ ਹੋ ਗਿਆ ਹੋਵੇ ਤਾਂ ਸਮਝ ਲਓ ਕਿ ਉਹ ਰੋਗੀ ਇਮਲੀ ਦਾ ਪਾਣੀ ਜਾਂ ਰਸ ਨਹੀਂ ਵਰਤਦਾ ਹੈ। ਇਹ ਕਹਾਵਤ ਗਲਤ ਹੈ ਕਿ ਇਮਲੀ ਤਾਂ ਇਸਤਰੀਆਂ ਦੇ ਖਾਣ ਵਾਲੀ ਵਸਤੂ ਹੈ, ਮਰਦ ਨਹੀ ਖਾਂਦੇ।
ਸਮੇਂ-ਸਮੇਂ ਹਰੇਕ ਫਲ ਦੀ ਆਪਣੀ ਅਹਿਮੀਅਤ ਹੁੰਦੀ ਹੈ। ਜਿਹੜਾ ਸ਼ਰਾਬ ਨਹੀਂ ਪੀਂਦਾ ਉਹ ਇਸਦੀ ਵਰਤੋਂ ਜਰੂਰ ਕਰੇ ਤਾਂ ਕਿ ਤਲੀਆਂ ਹੋਈਆਂ ਵਸਤਾਂ ਛੇਤੀ ਹਜ਼ਮ ਹੋ ਕੇ ਪੂਰਾ ਰਸ ਕੱਢਣ ਤੇ ਪੇਟ ਗੈਸ ਪੈਦਾ ਨਾਂ ਹੋ ਸਕੇ।
ਇਮਲੀ ਦੇ ਪੱਤਿਆਂ ਦੀ ਚਟਨੀ ਬਣਾ ਕੇ ਖਾਣ ਨਾਲ ਭੁੱਖ ਜ਼ਿਆਦਾ ਲੱਗਦੀ ਹੈ। ਇੱਕ ਕਿੱਲੋ ਇਮਲੀ ਦਾ ਪੁਣ ਛਾਣ ਕੇ ਕੱਢਿਆ ਰਸ, ਦੋ ਕਿੱਲੋ ਪਾਣੀ ਪਾ ਕੇ ਚੁੱਲੇ ਤੇ ਚੜਾ ਦਿਓ। ਜਦੋਂ ਅੱਧਾ ਪਾਣੀ ਰਹਿ ਜਾਵੇ ਤਾਂ ਉਸ ਵਿੱਚ ਦੋ ਸੇਰ ਸ਼ੱਕਰ ਮਿਲਾ ਦਿਓ । ਅੱਗ ਤੇ ਕਾੜ੍ਹ ਕੇ ਸ਼ਰਬਤ ਬਣਾ ਕੇ ਕੱਚ ਦੇ ਬਰਤਨ ਵਿੱਚ ਪਾ ਕੇ ਰੱਖੋ। ਹਰ ਰੋਜ ੨੦ ਗਰਾਮ ਰਸ ਨੂੰ ਪਾਣੀ ਵਿੱਚ ਪਾ ਕੇ ਪੀਓ, ਕਬਜ਼ ਵਾਲੇ ਰਾਤ ਸਮੇਂ ਅਤੇ ਪਿੱਤ-ਰੋਗ ਵਾਲੇ ਸਵੇਰ ਵੇਲੇ ਪੀਣ ਤਾਂ ਰੋਗ ਵਿੱਚ ਫਾਇਦਾ ਹੁੰਦਾ ਹੈ।
ਪਿੱਤ-ਰੋਗ ਦੇ ਇਲਾਜ ਲਈ ਇਮਲੀ ਦੇ ਦਰੱਖਤ ਦੇ ਫੁੱਲਾਂ ਦਾ ਅੱਧਾ ਬਰਤਨ ਕੱਚ ਦਾ ਭਰੋ, ਫਿਰ ਉਪਰ ਮਿਸ਼ਰੀ ਪਾ ਦਿਓ। ੮ ਦਿਨ ਤੱਕ ਹਰ ਰੋਜ ਧੁੱਪ ਵਿਚ ਰੱਖੋ। ਇਸ ਤਰ੍ਹਾਂ ਵਧੀਆ ਗੁਲਕੰਦ ਤਿਆਰ ਹੋਵੇਗੀ। ਜਿਸ ਦੀ ਵਰਤੋ ਕਰਨ ਨਾਲ ਪਿੱਤ-ਰੋਗ ਖਤਮ ਹੋ ਜਾਂਦਾ ਹੈ।  ਪੁਰਾਣੀ ਇਮਲੀ ਅਤੇ ਲਸਣ ਦੀ ਗਿਰੀ ਬਰਾਬਰ ਮਾਤਰਾ ਵਿੱਚ ਮਿਲਾ ਕੇ ਛੋਟੀਆਂ (ਕਾਲੀ ਮਿਰਚ ਬਰਾਬਰ) ਗੋਲੀਆਂ ਕਰ ਲਓ। ਤਿੰਨ ਗੋਲੀਆਂ ਪੰਦਰਾਂ ਪੰਦਰਾਂ ਮਿੰਟਾਂ ਬਾਅਦ ਪਿਆਜ ਦੇ ਰਸ ਨਾਲ ਲੈਣ ਨਾਲ ਹੈਜਾ ਠੀਕ ਹੋ ਜਾਂਦਾ ਹੈ।