ਇਰਾਕ ‘ਚ ਜੂਨ ਮਹੀਨੇ ਭਾਰੀ ਖ਼ੂਨ-ਖ਼ਰਾਬਾ

ਬਗਦਾਦ  – ਸੰਯੁਕਤ ਰਾਸ਼ਟਰ ਮੁਤਾਬਿਕ ਇਰਾਕੀਆਂ ਲਈ ਪਿਛਲਾ ਜੂਨ ਮਹੀਨਾ ਇਸ ਸਾਲ ਦੌਰਾਨ ਸਭ ਤੋਂ ਵੱਧ ਭਿਆਨਕ ਸਾਬਤ ਹੋਇਆ ਹੈ। ਇਸਲਾਮੀ ਦਹਿਸ਼ਤਗਰਦਾਂ ਤੇ ਇਰਾਕੀ ਫ਼ੌਜ ਵਿੱਚ ਛਿੜੀ ਜੰਗ ਕਾਰਨ 1531 ਆਮ ਨਾਗਰਿਕ ਤੇ 886 ਸੁਰੱਖਿਆ ਜਵਾਨ ਮਾਰੇ ਗਏ ਹਨ। ਇਸਲਾਮੀ ਦਹਿਸ਼ਤਗਰਦਾਂ ਨੇ ਇਰਾਕ ਦਾ ਉੱਤਰ ਤੇ ਪੱਛਮ ਵਿੱਚ ਵੱਡਾ ਹਿੱਸਾ ਕਬਜ਼ੇ ਵਿੱਚ ਲੈ ਕੇ ਅਤੇ ਸੀਰੀਆ ਦੇ ਕੁਝ ਹਿੱਸੇ ਨੂੰ ਇਸ ਨਾਲ ਜੋੜ ਕੇ ਇਸਲਾਮਿਕ ਸਟੇਟ ਦੇ ਗਠਨ ਦਾ ਐਲਾਨ ਕਰ ਦਿੱਤਾ ਹੈ।
ਇਰਾਕ ਸਰਕਾਰ ਲਈ 1 ਜੁਲਾਈ ਦਾ ਦਿਨ ਹੋਰ ਮੁਸੀਬਤ ਲੈ ਕੇ ਆਇਆ ਜਦੋਂ ਨਵੀਂ ਚੁਣੀ ਸੰਸਦ ਦੇ ਪਹਿਲੇ ਸੈਸ਼ਨ ਦੇ ਪਹਿਲੇ ਹੀ ਦਿਨ ਨਵੇਂ ਸਪੀਕਰ ਦੀ ਚੋਣ ਉੱਪਰ ਸਮਝੌਤਾ ਨਹੀਨ ਹੋ ਸਕਿਆ ਜਿਸ ਕਾਰਨ ਸੈਸ਼ਨ ਅਣਮਿਥੇ ਸਮੇਂ ਲਈ ਉਠਾ ਦਿੱਤਾ ਗਿਆ ਹੈ। ਕਾਰਜਕਾਰੀ ਸਪੀਕਰ ਮਹਿਦੀ ਅਲ-ਹਫੀਦ ਨੇ ਕਾਨੂੰਨ ਸਾਜ਼ਾਂ ਨੂੰ ਦੱਸਿਆ ਕਿ ਸਪੀਕਰ ਦੇ ਨਾਮ ਉੱਪਰ ਸਹਿਮਤੀ ਨਾ ਬਣਨ ਅਤੇ ਨਾ ਹੀ ਕੋਰਮ ਪੂਰਾ ਹੋਣ ਕਾਰਨ ਸੈਸ਼ਨ ਅਣਮਿਥੇ ਸਮੇਂ ਲਈ ਉਠਾ ਦਿੱਤਾ ਹੈ। ਇਰਾਕ ਵਿੱਚ ਤਾਇਨਾਤ ਸੰਯੁਕਤ ਰਾਸ਼ਟਰ ਮਿਸ਼ਨ ਅਨੁਸਾਰ ਪਿਛਲੇ ਜੂਨ ਮਹੀਨੇ ਵਿੱਚ ਲੜਾਈ ਦੌਰਾਨ ਜ਼ਖਮੀਆਂ ਦੀ ਗਿਣਤੀ 2287 ਹੈ। ਇਨ੍ਹਾਂ ਵਿੱਚੋਂ 1763 ਸਿਵਲੀਅਨ ਹਨ। ਇਨ੍ਹਾਂ ਵਿੱਚ ਇਰਾਕ ਦੇ ਅਨਬਾਰ ਸੂਬੇ ‘ਚ ਇਸਲਾਮੀ ਦਹਿਸ਼ਤਗਰਦਾਂ ਵੱਲੋਂ ਕੁਝ ਸ਼ਹਿਰਾਂ ‘ਤੇ ਕਬਜ਼ੇ ਸਮੇਂ ਮਾਰੇ ਜਾਂ ਜ਼ਖਮੀ ਹੋਏ ਲੋਕ ਸ਼ਾਮਲ ਨਹੀਨ ਹਨ। ਇਸ ਸਾਲ ਹੀ ਮਈ ਵਿੱਚ 799 ਇਰਾਕੀ ਮਾਰੇ ਗਏ ਸਨ ਜਦੋਂ ਕਿ ਅਪ੍ਰੈਲ ਵਿੱਚ ੭੫੦ ਮੌਤਾਂ ਹੋਈਆਂ ਸਨ। ਇਹ ਹੱਤਿਆਵਾਂ ਪਿਛਲੇ ਸਾਲ ਦੇ ਕਿਸੇ ਵੀ ਮਹੀਨੇ ਨਾਲੋਂ ਵੱਧ ਹਨ।