ਇੰਗਲੈਂਡ ‘ਚ ਡੈਲਟਾ ਵੇਰੀਐਂਟ ਪਲੱਸ ਦੇ ਕੇਸਾਂ ਵਿੱਚ ਵਾਧਾ

ਲੰਡਨ, 19 ਅਕਤੂਬਰ – ਇੰਗਲੈਂਡ ‘ਚ ਕੋਰੋਨਾਵਾਇਰਸ ਦੇ ਡੈਲਟਾ ਵੇਰੀਐਂਟ ਪਲੱਸ ਦੇ ਕੇਸ ਲਗਾਤਾਰ ਵਧ ਰਹੇ ਹਨ। ਇੱਥੇ ਪਿਛਲੇ ਇੱਕ ਦਿਨ ਵਿੱਚ 50 ਹਜ਼ਾਰ ਕੇਸ ਸਾਹਮਣੇ ਆਏ ਹਨ। ਇਹ ਗਿਣਤੀ ਉਸ ਵੇਲੇ ਵਧੀ ਹੈ ਜਦੋਂ ਦੇਸ਼ ਦੇ 50 ਫੀਸਦੀ ਲੋਕਾਂ ਨੂੰ ਕੋਰੋਨਾ ਰੋਕੂ ਟੀਕਿਆਂ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹਨ ਤੇ ਉਨ੍ਹਾਂ ਨੂੰ ਬੂਸਟਰ ਡੋਜ਼ ਲਾਈ ਜਾ ਰਹੀ ਹੈ।
ਦੇਸ਼ ਦੀ ਸਿਹਤ ਸੁਰੱਖਿਆ ਏਜੰਸੀ (ਐੱਚਐੱਸਏ) ਨੇ ਆਪਣੇ ਨਵੀਨਤਮ ਤਕਨੀਕੀ ਜਾਣਕਾਰੀ ਦਸਤਾਵੇਜ਼ ਵਿੱਚ ਕਿਹਾ ਕਿ, ”ਡੈਲਟਾ ਦੇ ਨਵੇਂ ਉਪ-ਸਵਰੂਪਾਂ ਦੀ ਨੇਮੀ ਤੌਰ ‘ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਸਾਹਮਣੇ ਆਇਆ ਇੱਕ ਉਪ-ਸਵਰੂਪ AY.4.2 ਹੈ”।
ਸਿਹਤ ਸੁਰੱਖਿਆ ਏਜੰਸੀ ਨੇ ਕਿਹਾ ਕਿ ਇੰਗਲੈਂਡ ਵਿੱਚ ਡੈਲਟਾ ਦਾ ਇੱਕ ਨਵਾਂ ਉਪ-ਸਵਰੂਪ ਫੈਲ ਰਿਹਾ ਹੈ ਜਿਸ ਨੂੰ AY.4.2 ਨਾਮ ਦਿੱਤਾ ਗਿਆ ਹੈ ਅਤੇ ਇਸ ਦੀ ਨਿਗਰਾਨੀ ਅਤੇ ਸਮੀਖਿਆ ਕੀਤੀ ਜਾ ਰਹੀ ਹੈ। ਡੈਲਟਾ ਦੇ E484K ਅਤੇ E484Q ਉਤਪਰਿਵਰਤਨ ਨਾਮ ਜੁੜੇ ਕੁੱਝ ਨਵੇਂ ਮਾਮਲੇ ਵੀ ਆ ਰਹੇ ਹਨ।