ਲਖੀਮਪੁਰ ਖੀਰੀ ਹਿੰਸਾ: ਕਿਸਾਨਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖ਼ਾਸਤ ਤੇ ਗ੍ਰਿਫ਼ਤਾਰ ਕਰਨ ਨੂੰ ਲੈ ਕੇ ਦੇਸ਼ ਭਰ ‘ਚ ਰੇਲਾਂ ਰੋਕੀਆਂ

ਨਵੀਂ ਦਿੱਲੀ, 18 ਅਕਤੂਬਰ – ਅੱਜ ਸੰਯੁਕਤ ਕਿਸਾਨ ਮੋਰਚੇ ਦੇ ‘ਰੇਲ ਰੋਕੋ’ ਸੱਦੇ ‘ਤੇ ਦੇਸ਼ ਭਰ ਵਿੱਚ ਅੰਦੋਲਨਕਾਰੀ ਕਿਸਾਨਾਂ ਨੇ ਸਵੇਰੇ 10 ਵਜੇ ਤੋਂ 4 ਵਜੇ ਤੱਕ ਛੇ ਘੰਟਿਆਂ ਲਈ ਰੇਲਵੇ ਟਰੈਕਾਂ ਤੇ ਪਲੇਟਫ਼ਾਰਮਾਂ ‘ਤੇ ਸ਼ਾਂਤਮਈ ਢੰਗ ਨਾਲ ਧਰਨੇ ਲਾਏ। ਮੋਰਚੇ ਨੇ ਮੰਗ ਕੀਤੀ ਕਿ ਲਖੀਮਪੁਰ ਖੀਰੀ ਵਿੱਚ 4 ਕਿਸਾਨਾਂ ਦੇ ਕਤਲੇਆਮ ਲਈ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਮੋਦੀ ਵਜ਼ਾਰਤ ‘ਚੋਂ ਬਰਖ਼ਾਸਤ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ ਕਿਉਂਕਿ ਉਨ੍ਹਾਂ ਦੇ ਅਹੁਦੇ ‘ਤੇ ਬਣੇ ਰਹਿਣ ਤੱਕ ਲਖੀਮਪੁਰ ਖੀਰੀ ਹਿੰਸਾ ਕੇਸ ‘ਚ ਇਨਸਾਫ਼ ਮਿਲਣਾ ਮੁਸ਼ਕਲ ਹੈ। ਇਸ ਦੌਰਾਨ ਯੂਪੀ ਤੇ ਮੱਧ ਪ੍ਰਦੇਸ਼ ਸਮੇਤ ਹੋਰ ਕਈ ਥਾਵਾਂ ‘ਤੇ ਕਿਸਾਨਾਂ ਨੇ ਗ੍ਰਿਫ਼ਤਾਰੀਆਂ ਵੀ ਦਿੱਤੀਆਂ। ਮੀਂਹ ਦੇ ਬਾਵਜੂਦ ਕਿਸਾਨ ਰੇਲ ਪਟੜੀਆਂ ‘ਤੇ ਡਟੇ ਰਹੇ। ਮੋਰਚੇ ਨੇ ਚਿਤਾਵਨੀ ਦਿੱਤੀ ਕਿ ਜੇ ਲਖੀਮਪੁਰ ਖੀਰੀ ਕਤਲੇਆਮ ਵਿੱਚ ਇਨਸਾਫ਼ ਲਈ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਵਿਰੋਧ ਪ੍ਰਦਰਸ਼ਨ ਹੋਰ ਤੇਜ਼ ਕੀਤੇ ਜਾਣਗੇ। 26 ਨਵੰਬਰ ਨੂੰ ਮੋਰਚੇ ਦੇ ਸਾਲ ਪੂਰਾ ਹੋਣ ‘ਤੇ ਲਖਨਊ ਦੀ ਮਹਾਂਪੰਚਾਇਤ ਮਗਰੋਂ ਸੰਘਰਸ਼ ਦੇ ਅਗਲੇ ਪੜਾਅ ਦੀ ਰੂਪ-ਰੇਖਾ ਤੈਅ ਕੀਤੀ ਜਾਵੇਗੀ। ‘ਰੇਲ ਰੋਕੋ’ ਦੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਪੱਛਮੀ ਬੰਗਾਲ, ਰਾਜਸਥਾਨ, ਮੱਧ ਪ੍ਰਦੇਸ਼, ਕਰਨਾਟਕ, ਤੇਲੰਗਾਨਾ ਆਦਿ ਰਾਜਾਂ ਵਿੱਚ ਸਫਲ ਰਹਿਣ ਦੀਆਂ ਰਿਪੋਰਟਾਂ ਹਨ।
ਖ਼ਬਰਾਂ ਮੁਤਾਬਿਕ ਕਿਸਾਨਾਂ ਨੇ ਸਵੇਰੇ 10 ਵਜੇ ਤੋਂ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਿਸਾਨੀ ਝੰਡਿਆਂ ਸਮੇਤ ਰੇਲ ਪਟੜੀਆਂ ਉੱਪਰ ਧਰਨੇ ਦਿੱਤੇ। ਕਿਸਾਨਾਂ ਨੇ ਸ਼ਾਂਤਮਈ ਢੰਗ ਨਾਲ ਵੱਖ ਵੱਖ ਥਾਈਂ ਰੇਲਾਂ ਨੂੰ ਰੋਕੀ ਰੱਖਿਆ। ਮੋਰਚੇ ਨੇ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਮਰਦ ਤੇ ਔਰਤਾਂ ‘ਰੇਲ ਰੋਕੋ’ ਸੱਦੇ ਨੂੰ ਲਾਗੂ ਕਰਨ ਲਈ ਬਾਹਰ ਆਏ ਤੇ ਕਈ ਥਾਵਾਂ ‘ਤੇ ਭਾਰੀ ਮੀਂਹ ਦੇ ਬਾਵਜੂਦ ਕਿਸਾਨ ਡਟੇ ਰਹੇ। ਇਸ ਸੱਦੇ ਕਰਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ 290 ਤੋਂ ਜ਼ਿਆਦਾ ਰੇਲ ਗੱਡੀਆਂ ਪ੍ਰਭਾਵਿਤ ਹੋਣ ਤੇ 40 ਟਰੇਨਾਂ ਰੱਦ ਕੀਤੇ ਜਾਣ ਦੀਆਂ ਰਿਪੋਰਟਾਂ ਹਨ। ਉੱਤਰ ਪ੍ਰਦੇਸ਼ ਵਿੱਚ ਪੁਲੀਸ ਨੇ ਕਈ ਥਾਵਾਂ ‘ਤੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ। ਉੱਤਰ ਰੇਲਵੇ ਨੇ ਕਿਹਾ ਕਿ ਕਿਸਾਨ ਅੰਦੋਲਨ ਕਾਰਣ 50 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਤੇ 130 ਥਾਵਾਂ ਉੱਪਰ ਅੰਦੋਲਨ ਦਾ ਅਸਰ ਪਿਆ। ਮੋਰਚੇ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਪੁਲੀਸ ਨੇ ਗੁਨਾ, ਗਵਾਲੀਅਰ, ਰੀਵਾ, ਬਾਮਨੀਆ (ਝਬੂਆ ਵਿੱਚ) ਅਤੇ ਹੋਰ ਥਾਵਾਂ ‘ਤੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ। ਤੇਲੰਗਾਨਾ ਦੇ ਕਾਚੇਗੁੜਾ (ਹੈਦਰਾਬਾਦ) ਵਿੱਚ ਵੀ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਕੁਦਰਤੀ ਨਿਆਂ ਦੇ ਇੱਕ ਸਧਾਰਨ ਸਿਧਾਂਤ ਵਜੋਂ ਇਹ ਕਰਨ ਦੇ ਨਾਲ-ਨਾਲ ਨੈਤਿਕ ਜ਼ਿੰਮੇਵਾਰੀ ਵੀ ਨਿਭਾਉਣੀ ਪਵੇਗੀ, ਇਹ ਯਕੀਨੀ ਬਣਾਉਣ ਲਈ ਕਿ ਜਾਂਚ ਪ੍ਰਭਾਵਿਤ ਨਾ ਹੋਵੇ, ਲਖੀਮਪੁਰ ਖੀਰੀ ਕਤਲੇਆਮ ਦੇ ਅਸਲ ਦੋਸ਼ੀਆਂ ਤੇ ਸਾਜ਼ਿਸ਼ ਘਾੜਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਮੋਰਚੇ ਨੇ ਚਿਤਾਵਨੀ ਦਿੱਤੀ ਕਿ ਜੇ ਲਖੀਮਪੁਰ ਖੀਰੀ ਕਤਲੇਆਮ ਵਿੱਚ ਇਨਸਾਫ਼ ਲਈ ਉਸ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਵਿਰੋਧ ਪ੍ਰਦਰਸ਼ਨ ਹੋਰ ਤੇਜ਼ ਕੀਤੇ ਜਾਣਗੇ। ਦੇਸ਼ ਦੇ ਕਈ ਰਾਜਾਂ ਵਿੱਚ ਲਖੀਮਪੁਰ ਖੀਰੀ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਯਾਤਰਾਵਾਂ ਕੱਢੀਆਂ ਗਈਆਂ। ਮੱਧ ਪ੍ਰਦੇਸ਼ ਵਿੱਚ ਸ਼ਹੀਦ ਕਿਸਾਨ ਸ਼ਰਧਾਂਜਲੀ ਪਦਯਾਤਰਾ ਕੱਢੀ ਗਈ। ਉੱਤਰਾਖੰਡ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਵਿੱਚ ਵੀ ਸ਼ਹੀਦ ਕਲਸ਼ ਯਾਤਰਾਵਾਂ ਦਾ ਆਗਾਜ਼ ਕੀਤਾ ਗਿਆ।