ਇੰਗਲੈਂਡ ਨੇ ਨਿਊਜ਼ੀਲੈਂਡ ਤੋਂ ਪੰਜ ਵੰਨਡੇ ਮੈਚਾਂ ਦੀ ਸੀਰੀਜ਼ 3-2 ਤੋਂ ਜਿੱਤੀ 

ਇੰਗਲੈਂਡ ਨੇ ਬਲੈਕ ਕੈਪ ਨੂੰ ਪੰਜਵਾਂ ਵੰਨਡੇ ਮੈਚ 7 ਵਿਕਟਾਂ ਨਾਲ ਹਰਾਇਆ
ਕ੍ਰਾਈਸਟਚਰਚ, 10 ਮਾਰਚ – ਇੱਥੇ ਹੈਗਲੀ ਓਵਲ ਸਟੇਡੀਅਮ ਵਿਖੇ ਖੇਡੇ ਗਏ ਸੀਰੀਜ਼ ਦੇ ਪੰਜਵੇਂ ਤੇ ਆਖ਼ਰੀ ਫ਼ੈਸਲਾਕੁਨ ਮੈਚ ਮਹਿਮਾਨ ਟੀਮ ਇੰਗਲੈਂਡ ਨੇ ਬਾਜ਼ੀ ਮਾਰਦੇ ਹੋਏ ਮੇਜ਼ਬਾਨ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ 3-2 ਤੋਂ ਆਪਣੇ ਨਾਮ ਕਰ ਲਈ।
ਮਹਿਮਾਨ ਟੀਮ ਇੰਗਲੈਂਡ ਨੇ ਆਪਣੇ ਖਿਡਾਰੀ ਜੌਨੀ ਬੇਅਰਸਟੋ ਦੇ 60 ਗੇਂਦਾਂ ‘ਤੇ 104 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਦੇ ਦਮ ਉੱਤੇ ਮੇਜ਼ਬਾਨ ਨਿਊਜ਼ੀਲੈਂਡ ਨੂੰ ਪੰਜਵੇਂ ਅਤੇ ਆਖ਼ਰੀ ਵੰਨਡੇ ਮੈਚ ਵਿੱਚ 17.2 ਓਵਰ ਰਹਿੰਦਿਆਂ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ ‘ਤੇ ਕਬਜ਼ਾ ਕੀਤਾ। ਇਸ ਦੇ ਨਾਲ ਹੀ ਜੌਨੀ ਬੇਅਰਸਟੋ (58 ਗੇਂਦਾਂ ‘ਚ 100 ਦੌੜਾਂ) ਵੰਨਡੇ ਕ੍ਰਿਕੇਟ ਵਿੱਚ ਆਪਣੇ ਦੇਸ਼ ਲਈ ਤੀਜਾ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਬਣ ਗਏ। ਉਨ੍ਹਾਂ ਤੋਂ ਪਹਿਲੇ ਇੰਗਲੈਂਡ ਦੇ ਕ੍ਰਿਕਟ ਖਿਡਾਰੀ ਮੋਇਨ ਅਲੀ (53 ਗੇਂਦਾਂ ‘ਚ 100 ਦੌੜਾਂ)  ਜੋਸ ਬਟਲਰ (46 ਗੇਂਦਾਂ ‘ਚ 100 ਦੌੜਾਂ) ਹਨ।
ਟਾਸ ਜਿੱਤ ਕੇ ਇੰਗਲੈਂਡ ਨੇ ਮੇਜ਼ਬਾਨ ਟੀਮ ਨਿਊਜ਼ੀਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੀਵੀ ਟੀਮ 49.5 ਓਵਰ ਵਿੱਚ 223 ਦੌੜਾਂ ਉੱਤੇ ਸਿਮਟ ਗਈ। ਕੀਵੀ ਟੀਮ ਲਈ ਬੱਲੇਬਾਜ਼ ਮਿਸ਼ੇਲ ਸੇਂਟਨਰ ਨੇ ਅਰਧ ਸੈਂਕੜੇ ਨਾਲ 67 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਸੇਂਟਨਰ ਦੇ ਲਾਭਦਾਇਕ ਅਰਧ ਸ਼ੈਂਕੜੇ ਦੀ ਮਦਦ ਨਾਲ ਨਿਊਜ਼ੀਲੈਂਡ ਦੀ ਟੀਮ 49.5 ਓਵਰ ਵਿੱਚ 223 ਦੌੜਾਂ ਉੱਤੇ ਸਿਮਟ ਗਈ। ਨਿਊਜ਼ੀਲੈਂਡ ਵੱਲੋਂ ਮਿਲੇ 224 ਦੌੜਾਂ ਦੇ ਇਸ ਟੀਚੇ ਨੂੰ ਇੰਗਲੈਂਡ ਨੇ 3 ਵਿਕਟ ਦੇ ਨੁਕਸਾਨ ਉੱਤੇ 32.4 ਓਵਰਾਂ ਵਿੱਚ 229 ਦੌੜਾਂ ਬਣਾ ਕੇ ਹਾਸਲ ਕਰ ਲਿਆ।
ਇੰਗਲੈਂਡ ਗੇਂਦਬਾਜ਼ ਕ੍ਰਿਸ ਵੋਕੇਸ ਅਤੇ ਆਦਿਲ ਰਾਸ਼ਿਦ ਨੇ 3-3, ਟੋਮ ਕੁੱਰਨ ਨੇ 2, ਮਾਰਕ ਵੁੱਡ ਤੇ ਮੋਇਨ ਅਲੀ ਨੇ 1-1 ਵਿਕਟ ਲਿਆ। ਮਹਿਮਾਨ ਟੀਮ ਦੇ ਗੇਂਦਬਾਜ਼ਾਂ ਦੇ ਸਾਹਮਣੇ ਕੀਵੀ ਟੀਮ ਦੇ ਬੱਲੇਬਾਜ਼ ਬੇਬਸ ਨਜ਼ਰ ਆਏ ਅਤੇ ਨਿਊਜ਼ੀਲੈਂਡ ਨੇ 100 ਦਾ ਸਕੋਰ ਪਾਰ ਕਰਨ ਤੋਂ ਪਹਿਲਾਂ ਹੀ ਆਪਣੇ 6 ਬੱਲੇਬਾਜ਼ਾਂ ਦੇ ਵਿਕਟ ਗੁਆ ਦਿੱਤੇ। ਇਸ ਦੇ ਬਾਅਦ ਹੈਨਰੀ ਨਿਕੋਲਸ (55) ਨੇ ਅਰਧ ਸੈਂਕੜੇ ਦੀ ਪਾਰੀ ਖੇਡ ਕੇ ਨਿਊਜ਼ੀਲੈਂਡ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਟਾਮ ਕੁੱਰਨ ਨੇ ਪਵੇਲੀਅਨ ਦਾ ਰਸਤਾ ਵਿਖਾਇਆ। ਨਿਕੋਲਸ 177 ਦੇ ਸਕੋਰ ਉੱਤੇ ਕੁੱਰਨ ਦੀ ਗੇਂਦ ਉੱਤੇ ਇਯੋਨ ਮੋਰਗਨ ਦੇ ਹੱਥੋਂ ਆਊਟ ਹੋ ਗਏ। ਨਿਊਜ਼ੀਲੈਂਡ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਮਿਸ਼ੇਲ ਸੇਂਟਨਰ ਨੂੰ ਵੋਕਸ ਨੇ ਆਊਟ ਕੀਤਾ। ਸੇਂਟਨਰ 9ਵੇਂ ਵਿਕਟ ਦੇ ਰੂਪ ਵਿੱਚ ਪਵੇਲੀਅਨ ਵਾਪਸ ਪਰਤੇ। ਉਨ੍ਹਾਂ ਨੇ 71 ਗੇਂਦਾਂ ਦਾ ਸਾਹਮਣਾ ਕਰਦੇ ਹੋਏ 4 ਚੌਕੇ ਅਤੇ 2 ਛੱਕਿਆਂ ਦੇ ਨਾਲ 67 ਦੌੜਾਂ ਦੀ ਪਾਰੀ ਖੇਡੀ। ਇਸ ਦੇ ਬਾਅਦ ਵੋਕਸ ਨੇ ਟਿਮ ਸਾਉਥੀ (10) ਨੂੰ ਅਤੇ ਕੁੱਰਨ ਨੇ ਈਸ਼ ਸੋਢੀ (5) ਨੂੰ ਆਊਟ ਕਰ ਨਿਊਜ਼ੀਲੈਂਡ ਦੀ ਪਾਰੀ 223 ਦੌੜਾਂ ਉੱਤੇ ਸਮੇਟ ਦਿੱਤੀ।
ਟੀਚੇ ਦਾ ਪਿੱਛਾ ਕਰਨ ਉੱਤਰੀ ਇੰਗਲੈਂਡ ਦੀ ਟੀਮ ਨੂੰ ਜਿੱਤ ਲਈ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ। ਸਲਾਮੀ ਬੱਲੇਬਾਜ਼ ਜੌਨੀ ਬੇਅਰਸਟੋ ਅਤੇ ਐਲੇਕਸ ਹੇਲਸ (61) ਨੇ 155 ਦੌੜਾਂ ਦੀ ਸ਼ਾਨਦਾਰ ਸਾਂਝੇ ਕਰ ਟੀਮ ਦੀ ਜਿੱਤ ਦੀ ਨੀਂਹ ਰੱਖ ਦਿੱਤੀ। ਬੇਅਰਸਟੋ ਨੇ ਆਪਣੀ ਪਾਰੀ ਵਿੱਚ 60 ਗੇਂਦਾਂ ਦਾ ਸਾਹਮਣਾ ਕਰ 9 ਚੌਕੇ ਅਤੇ 6 ਛੱਕੇ ਜੜੇ। ਹੇਲਸ ਨੇ 74 ਗੇਂਦਾਂ ਉੱਤੇ 9 ਚੌਕੇ ਲਗਾਏ। ਇਸ ਦੇ ਬਾਅਦ ਜੋ ਰੂਟ (ਨਾਬਾਦ 23) ਅਤੇ ਬੈਨ ਸਟੋਕਸ (ਨਾਬਾਦ 26) ਨੇ ਟੀਮ ਨੂੰ ਟੀਚੇ ਤੱਕ ਪਹੁੰਚਾਇਆ। ਕੀਵੀ ਟੀਮ ਵੱਲੋਂ ਗੇਂਦਬਾਜ਼ ਟਰੈਂਟ ਬੋਲਟ, ਮਿਸ਼ੇਲ ਸੇਂਟਨਰ ਤੇ ਈਸ਼ ਸੋਢੀ ਨੇ 1-1 ਵਿਕਟ ਲਿਆ।

ਹੁਣ ਦੋਨਾਂ ਦੇਸ਼ਾਂ ਦੇ ਵਿੱਚ ਦੋ ਟੈੱਸਟ ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਹੈ, ਜਿਸ ਦਾ ਪਹਿਲਾ ਟੈੱਸਟ ਮੈਚ 22 ਤੋਂ 26 ਮਾਰਚ ਤੱਕ ਆਕਲੈਂਡ ਦੇ ਈਡਨ ਪਾਰਕ ਸਟੇਡੀਅਮ ਵਿਖੇ ਦਿਨ ਰਾਤ ਨੂੰ ਗੁਲਾਬੀ ਬਾਲ ਨਾਲ ਖੇਡਿਆ ਜਾਏਗਾ। ਜਦੋਂ ਕਿ ਦੂਜਾ ਟੈੱਸਟ ਮੈਚ 30 ਮਾਰਚ ਤੋਂ 3 ਅਪ੍ਰੈਲ ਤੱਕ ਕ੍ਰਾਈਸਟਚਰਚ ਦੇ ਹੈਗਲ ਓਵਲ ਸਟੇਡੀਅਮ ਵਿਖੇ ਹੋਵੇਗਾ।