ਸਿੱਖ ਵਾਤਾਵਰਣ ਦਿਹਾੜੇ ਦੀ ਹੋਈ ਸ਼ੁਰੂਆਤ

ਨਵੀਂ ਦਿੱਲੀ, 13 ਮਾਰਚ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਈ.ਐਚ.ਫਾਊਨਡੇਸ਼ਨ ਕੱਲਕਤਾ, ਅਰਥ ਡੇ ਨੈਟਵਰਕ ਕੱਲਕਤਾ ਅਤੇ ਭਾਰਤੀ ਸਰਬ ਧਰਮ ਸੰਸਦ ਵੱਲੋਂ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸਿੱਖ ਵਾਤਾਵਰਣ ਦਿਹਾੜੇ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਕਮੇਟੀ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੇ ਅਤੇ ਆਈ.ਐਮ.ਐਚ. ਫਾਊਨਡੇਸ਼ਨ ਦੇ ਪ੍ਰਧਾਨ ਸ. ਸਤਨਾਮ ਸਿੰਘ ਆਹਲੂਵਾਲਿਆਂ, ਅਰਥ ਡੇ ਫਾਊਨਡੇਸ਼ਨ ਦੀ ਡਾਇਰੈਕਟਰ ਸ੍ਰੀਮਤੀ ਕਰੁਣਾ ਏ. ਸਿੰਘ, ਅਤੇ ਅਨਿਲ ਅਰੋੜਾ ਨੇ ਬੂਟੇ ਲਗਾ ਕੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਇੱਕ ਕਦਮ ਚੁੱਕਿਆ। ਇਸ ਦੇ ਨਾਲ ਹੀ ਭਾਰਤੀ ਸਰਬ ਧਰਮ ਸੰਸਦ ਦੇ ਸੰਸਥਾਪਕ ਗੋਸਵਾਮੀ ਸ਼ੁਸ਼ੀਲ ਜੀ ਮਹਾਰਾਜ ਅਹਿੰਸਾ ਵਿਸ਼ਵ ਭਾਰਤੀ ਦੇ ਸੰਯੋਜਕ ਆਚਾਰਿਆਂ ਡਾ. ਲੋਕੇਸ਼ ਮੁਨੀ ਅਤੇ ਆਲ ਇੰਡੀਆ ਇਮਾਮ ਐਸੋਸਿਏਸ਼ਨ ਦੇ ਪ੍ਰਧਾਨ ਡਾ. ਉਮਰ ਅਹਿਮਦ ਇਲਿਆਸੀ ਜੀ ਨੇ ਵੀ ਮਾਨਵਤਾ ਦੀ ਸੇਵਾ ਲਈ ਬੂਟੇ ਲਗਾ ਕੇ ਇਸ ਮੁਹਿੰਮ ਨੂੰ ਹੋਰ ਅੱਗੇ ਵਧਾਇਆ।
ਆਪਣੇ ਬਿਆਨ ‘ਚ ਸ. ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਸਿੱਖ ਵਾਤਾਵਰਣ ਦਿਹਾੜਾ ਜੋ ਕਿ 14 ਮਾਰਚ ਨੂੰ ਮਨਾਇਆ ਜਾਂਦਾ ਹੈ, ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਵਾਤਾਵਰਣ ਨੂੰ ਖੁਸ਼ਹਾਲ ਬਣਾਉਣ ਲਈ ਆਪਣੇ ਸਮੇਂ ‘ਚ ਜਾਗਰੂਕਤਾ ਸੰਸਾਰ ‘ਚ ਲਿਆਂਦੀ ਸੀ। ਜਿਸ ਦੀ ਅੱਜ 500 ਸਾਲ ਬਾਅਦ ਵੀ ਦੁਨੀਆਂ ਭਰ ‘ਚ ਲੋੜ ਪੈ ਰਹੀ ਹੈ। ਸ. ਜੀ.ਕੇ. ਅਤੇ ਹੋਰ ਆਏ ਧਰਮਾਂ ਦੇ ਆਗੂਆਂ ਨੇ ਜਿਥੇ ਵਾਤਾਵਰਨ ਨੂੰ ਖੂਬਸ਼ੂਰਤ ਬਣਾਉਣ ਲਈ ਪੌਧੇ ਲਗਾ ਕੇ ਇਹ ਵੀ ਫੈਸਲਾ ਲਿਆ ਕਿ ਅਸੀਂ ਪਲਾਸਟਿਕ ਵਸਤੂਆਂ ਦਾ ਬਾਈਕਾਟ ਕਰਾਂਗੇ। ਜਿਸ ਨਾਲ ਅੱਜ ਦੇ ਯੁੱਗ ‘ਚ ਬਹੁਤ ਪਲਾਸਟਿਕ ਦਾ ਪ੍ਰਯੋਗ ਕਰਨ ਤੋਂ ਬਾਅਦ ਉਸ ਨੂੰ ਸੁੱਟਣ ਨਾਲ ਵਾਤਾਵਰਨ ‘ਤੇ ਬੁਰਾ ਅਸਰ ਪੈ ਰਿਹਾ ਹੈ। ਪਲਾਸਟਿਕ ਦੀ ਵੀ ਰੀ-ਸਾਇਕਿਲਿੰਗ ਲਈ ਲੋਕਾਂ ਨੂੰ ਜਾਗਰੂਕ ਕਰਾਉਣ ਲਈ ਸਭ ਤੋਂ ਪਹਿਲੀ ਪਹਿਲ ਸਕੂਲੀ ਬੱਚਿਆਂ ਨੂੰ ਫਿਲਮਾਂ ਰਾਹੀਂ ਇਹ ਦੱਸਿਆ ਜਾਵੇਗਾ ਕਿ ਪਲਾਸਟਿਕ ਦਾ ਉਪਯੋਗ ਨਾ ਕੀਤਾ ਜਾਵੇ, ਸਗੋਂ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਨੂੰ ਸੁੰਦਰ ਬਣਾਇਆ ਜਾਵੇ। ਫਲਾਂ ਦੇ ਬੂਟੇ ਲਗਾਓ ਜਿਸ ਨਾਲ ਪੇਂਡੂ ਲੋਕਾਂ ਦਾ ਘਰ ਦਾ ਗੁਜਾਰਾ ਚਲ ਸਕੇ ਅਤੇ ਵਾਤਾਵਰਨ ਵੀ ਖ਼ੂਬਸ਼ੂਰਤ ਬਣੇ। ਇਸ ਲੜੀ ਵਿੱਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਬ੍ਰਾਂਚ ‘ਚ ੫ ਬੂਟੇ ਲਗਾਏ ਗਏ ਤੇ ਬੱਚਿਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਗਿਆ। ਸਕੂਲ ਦੇ ਮੈਨੇਜਰ ਸ. ਕੁਲਮੋਹਨ ਸਿੰਘ ਅਤੇ ਵਾਇਸ ਪ੍ਰਿੰਸੀਪਲ ਹਰਬੰਸ ਕੌਰ ਵਾਲੀਆਂ ਨੇ ਇਸ ਕੰਮ ਲਈ ਇਨ੍ਹਾਂ ਸੰਸਥਾਂਵਾਂ ਦੀ ਸਲਾਘਾ ਕੀਤੀ।
ਇਸ ਤੋਂ ਇਲਾਵਾ ਇਨ੍ਹਾਂ ਦੋਵੇਂ ਪ੍ਰੋਗਰਾਮਾਂ ਦਾ ਆਯੋਜਨ ਸ. ਪਰਮਜੀਤ ਸਿੰਘ ਚੰਢੋਕ ਅੰਤ੍ਰਿੰਗ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂਬਰ ਸ. ਵਿਕਰਮ ਸਿੰਘ ਰੋਹਿਣੀ ਅਤੇ ਸ. ਹਰਮੀਤ ਸਿੰਘ ਅੰਮ੍ਰਿਤਸਰ ਨੇ ਕੀਤਾ।