ਇੰਗਲੈਂਡ ਸਰਕਾਰ ਵਿਦਿਆਰਥੀ ਵਿਜ਼ੇ ‘ਤੇ ਸਖ਼ਤ ਹੋਈ

ਲੰਡਨ – ਇੰਗਲੈਂਡ ਨੇ ਵਿਦਿਆਰਥੀ ਵਿਜ਼ਾ ਲੈ ਕੇ ਪੜਾਈ ਕਰਨ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ‘ਤੇ ਸ਼ਿਕੰਜਾ ਕਸਣ ਦੇ ਇਰਾਦੇ ਨਾਲ ਹੁਣ ਵਿਦਿਆਰਥੀ ਵੀਜ਼ਾ ਅਰਜ਼ੀਆਂ ਲਈ ਇੰਟਰਵਿਊ ਸਿਸਟਮ ਕਰਨ ਦਾ ਐਲਾਨ ਕੀਤਾ ਹੈ ਤਾਂ ਜੋ ਵਿਦਿਆਰਥੀ ਵਿਜ਼ਿਆਂ ਦੀ ਹੁੰਦੀ ਦੁਰਵਰਤੋਂ ਰੋਕੀ ਜਾ ਸਕੇ। ਗੌਰਤਲਬ ਹੈ ਕਿ ਜੇ ਇਮੀਗਰੇਸ਼ਨ ਅਫ਼ਸਰ ਨੂੰ ਵਿਦਿਆਰਥੀਆਂ ਦੀ ਅਸਲੀਅਤ ‘ਤੇ ਸ਼ੱਕ ਹੋਵੇ ਤਾਂ ਉਨ੍ਹਾਂ ਨੂੰ ਵੀਜ਼ੇ ਦੇਣ ਤੋਂ ਇਨਕਾਰ ਵੀ ਕਰ ਸਕਦਾ ਹੈ। ਇਸ ਨਵੇਂ ਸਿਸਟਮ ਬਾਰੇ ਭਾਰਤ, ਪਾਕਿਸਤਾਨ ਅਤੇ 11 ਦੇਸ਼ਾਂ ਵਿੱਚ ਇਕ ਪਾਇਲਟ ਸਕੀਮ ਵੀ ਚਲਾਈ ਗਈ ਹੈ ਜਿਸ ਤੋਂ ਪਤਾ ਲੱਗਿਆ ਹੈ ਕਿ ਕੁੱਝ ਬਿਨੈਕਾਰ ਦੁਭਾਸ਼ੀਏ ਦੀ ਮਦਦ ਤੋਂ ਬਿਨਾਂ ਅੰਗਰੇਜ਼ੀ ‘ਚ ਬੁਨਿਆਦੀ ਸਵਾਲਾਂ ਦੇ ਜਵਾਬ ਵੀ ਨਹੀਂ ਦੇ ਸਕਦੇ ਪਰ ਆਪਣੇ ਫਾਰਮਾਂ ਵਿੱਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਉਹ ਇੰਗਲੈਂਡ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਨ ਦੀ ਕਾਬਲੀਅਤ ਰੱਖਦੇ ਹੈ। ਇਸ ਪਾਇਲਟ ਪ੍ਰਾਜੈਕਟ ਅਧੀਨ ਦਸੰਬਰ 2011 ਤੋਂ ਫਰਵਰੀ 2012 ਦੌਰਾਨ 2300 ਤੋਂ ਵੱਧ ਵਿਦਿਆਰਥੀਆਂ ਦੀਆਂ ਇੰਟਰਵਿਊਜ਼ ਲਈਆਂ ਗਈਆਂ ਸਨ। ਇਸ ਤੋਂ ਗੱਲ ਸਾਹਮਣੇ ਆਈ ਹੈ ਕਿ ਜੇ ਕਰ ਸਾਰਿਆਂ ਦੀ ਇੰਟਰਵਿਊ ਕੀਤੀ ਜਾਵੇ ਤਾਂ ਮਿਆਂਮਾਰ ਤੋਂ 45 ਫੀਸਦੀ ਬਿਨੈਕਾਰਾਂ ਨੂੰ ਵੀਜ਼ੇ ਨਹੀਂ ਸਨ ਮਿਲਣੇ। ਇਹ ਦਰ ਭਾਰਤ ਲਈ 29 ਫੀਸਦੀ ਅਤੇ ਬੰਗਲਾਦੇਸ਼ ਲਈ 38 ਫੀਸਦ ਹੈ। ਮੌਜੂਦਾ ਪ੍ਰਣਾਲੀ ਦੇ ਤਹਿਤ ਇੰਗਲੈਂਡ ਬਾਰਡਰ ਏਜੰਸੀ ਦੇ ਅਫਸਰ ਵਿਦਿਆਰਥੀਆਂ ਦੀ ਭਰੋਸੇਯੋਗਤਾ ਬਾਰੇ ਗੰਭੀਰ ਸ਼ੰਕੇ ਹੋਣ ਦੇ ਬਾਵਜੂਦ ਕੁੱਝ ਅਰਜ਼ੀਆਂ ਨੂੰ ਰੱਦ ਨਹੀਂ ਸੀ ਕਰ ਸਕਦੇ।