ਦਾਰਾ ਸਿੰਘ ਦੀ ਹਾਲਤ ਮਾੜੀ, ਵੈਂਟੀਲੇਟਰ ‘ਤੇ ਰੱਖਿਆ

ਮੁੰਬਈ – 8 ਜੁਲਾਈ ਨੂੰ ਸਾਬਕਾ ਪਹਿਲਵਾਨ ਅਤੇ ਫਿਲਮ ਅਦਾਕਾਰ 83 ਸਾਲਾ ਰੁਸਤਮੇ-ਏ-ਹਿੰਦ ਦਾਰਾ ਸਿੰਘ ਨੂੰ ਦਿਲ ਦਾ ਦੌਰਾ ਪੈਣ ਕਾਰਨ ਸਥਾਨਕ ਕੋਕਿਲਾ ਬੇਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਖ਼ਬਰ ਮਿਲਣ ਤੱਕ ਦਾਰਾ ਸਿੰਘ ਦੀ ਹਾਲਤ ਨਾਜ਼ਕ ਬਣੀ ਹੋਈ ਹੈ ਤੇ ਜੀਵਨ ਰੱਖਿਅਕ ਪ੍ਰਣਾਲੀ (ਵੈਂਟੀਲੇਟਰ) ‘ਤੇ ਰੱਖਿਆ ਗਿਆ ਹੈ। ਡਾਕਟਰਾਂ ਅਨੁਸਾਰ ਦਾਰਾ ਸਿੰਘ ਦੇ ਦਿਮਾਗ ‘ਚ ਖੂਨ ਦਾ ਗਤਲਾ ਬਣ ਗਿਆ ਜਿਸ ਕਾਰਨ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਸੀ। ਜਿਸ ਕਰਕੇ ਉਨ੍ਹਾਂ ਦੇ ਸਰੀਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਦਾਰਾ ਸਿੰਘ ਨੇ ਲਗਭਗ 100 ਫਿਲਮਾਂ ‘ਚ ਕੰਮ ਕੀਤਾ ਹੈ। ਛੋਟੇ ਪਰਦੇ ਦੇ ਪ੍ਰਸਿੱਧ ਸੀਰੀਅਲ ‘ਰਮਾਇਣ’ ਵਿੱਚ ਹਨੂਮਾਨ ਦੀ ਯਾਦਗਾਰ ਭੂਮਿਕਾ ਨਿਭਾਉਣ ਵਾਲੇ ਦਾਰਾ ਸਿੰਘ ਨੇ ‘ਕਿੰਗ ਕਾਂਗ’ ਅਤੇ ‘ਫੌਲਾਦ’ ਵਰਗੀਆਂ ਫਿਲਮਾਂ ‘ਚ ਕੰਮ ਕੀਤਾ।
ਦਾਰਾ ਸਿੰਘ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜਿੱਲ੍ਹੇ ਦੇ ਪਿੰਡ ਧਰਮੁ ਚੱਕ ‘ਚ ੧੯ ਨਵੰਬਰ 1928 ਨੂੰ ਹੋਇਆ। ਬਚਪਨ ਤੋਂ ਹੀ ਕੁਸ਼ਤੀ ਦਾ ਸ਼ੋਕ ਹੋਣ ਕਰਕੇ ਸਾਲ 1954 ਵਿੱਚ ਕੌਮੀ ਕੁਸ਼ਤੀ ਦਾ ਖ਼ਿਤਾਬ ਜਿਤਿਆ। ਉਨ੍ਹਾਂ 1983 ਵਿੱਚ ਕੁਸ਼ਤੀ ਤੋਂ ਸਨਿਆਸ ਲੈ ਲਿਆ। ਦਾਰਾ ਸਿੰਘ ਨੇ ਬਾਲੀਵੁੱਡ ਫਿਲਮ ‘ਜਬ ਵੀ ਮੇਟ’ ਵਿੱਚ ਆਖਰੀ ਵਾਰ ਕੰਮ ਕੀਤਾ ਸੀ।