ਇੱਕ ਰੋਜ਼ਾ ਕ੍ਰਿਕਟ: ਭਾਰਤ ਨੇ ਨਿਊਜ਼ੀਲੈਂਡ ਨੂੰ ਤੀਜੇ ਅਤੇ ਆਖਰੀ ਮੈਚ ਵਿੱਚ 90 ਦੌੜਾਂ ਨਾਲ ਹਰਾ ਕੇ ਲੜੀ 3-0 ਨਾਲ ਜਿੱਤੀ

ਇੰਦੌਰ, 24 ਜਨਵਰੀ – ਭਾਰਤ ਨੇ ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੇ ਸੈਂਕੜਿਆਂ ਸਦਕਾ ਅੱਜ ਇੱਥੇ ਇੱਕ ਰੋਜ਼ਾ ਲੜੀ ਦੇ ਤੀਜੇ ਅਤੇ ਆਖਰੀ ਮੈਚ ਵਿੱਚ ਨਿਊਜ਼ੀਲੈਂਡ ਨੂੰ 90 ਦੌੜਾਂ ਨਾਲ ਹਰਾ ਕੇ ਲੜੀ 3-0 ਨਾਲ ਆਪਣੇ ਨਾਮ ਕਰ ਲਈ। ਇਸ ਮਗਰੋਂ ਭਾਰਤੀ ਟੀਮ ਆਈਸੀਸੀ ਟੀਮ ਰੈਂਕਿੰਗ ਵਿੱਚ ਸਿਖਰ ’ਤੇ ਪਹੁੰਚ ਗਈ ਹੈ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਨਿਰਧਾਰਤ 50 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ’ਤੇ 385 ਦੌੜਾਂ ਬਣਾਈਆਂ। ਇਸ ਵਿੱਚ ਗਿੱਲ ਨੇ 112, ਕਪਤਾਨ ਸ਼ਰਮਾ ਨੇ 101, ਹਾਰਦਿਕ ਪੰਡਿਆ ਨੇ 54, ਵਿਰਾਟ ਕੋਹਲੀ ਨੇ 36 ਅਤੇ ਸ਼ਾਰਦੁਲ ਠਾਕੁਰ ਨੇ 25 ਦੌੜਾਂ ਦਾ ਯੋਗਦਾਨ ਪਾਇਆ।
ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਟੀਮ 41.2 ਓਵਰਾਂ ਵਿੱਚ 295 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਲਈ ਡੇਵੋਨ ਕਾਨਵੇਅ ਨੇ 138 ਦੌੜਾਂ ਬਣਾਈਆਂ ਪਰ ਹੋਰ ਕਿਸੇ ਵੀ ਬੱਲੇਬਾਜ਼ ਨੇ ਉਸ ਦਾ ਸਾਥ ਨਹੀਂ ਦਿੱਤਾ। ਭਾਰਤ ਵੱਲੋਂ ਸ਼ਾਰਦੁਲ ਠਾਕੁਰ ਤੇ ਕੁਲਦੀਪ ਯਾਦਵ ਨੇ ਤਿੰਨ-ਤਿੰਨ, ਯੁਜ਼ਵੇਂਦਰ ਚਹਿਲ ਨੇ ਦੋ ਅਤੇ ਹਾਰਦਿਕ ਪੰਡਿਆ ਤੇ ਉਮਰਾਨ ਮਲਿਕ ਨੇ ਇੱਕ-ਇੱਕ ਵਿਕਟ ਲਈ।