ਉਦਘਾਟਨੀ ਮੈਚ ‘ਚ ਮੇਜ਼ਬਾਨ ਰੂਸ ਦੀ ਸਾਊਦੀ ਅਰਬ ਉੱਤੇ 5-0 ਨਾਲ ਧਮਾਕੇਦਾਰ ਜਿੱਤ

ਮਾਸਕੋ, 15 ਜੂਨ -ਇੱਥੇ 14 ਜੂਨ ਨੂੰ 21ਵੇਂ ਫੀਫਾ ਵਰਲਡ ਕੱਪ ਦੇ ਉਦਘਾਟਨੀ ਮੈਚ ਵਿੱਚ ਮੇਜ਼ਬਾਨ ਰੂਸ ਨੇ ਸਾਊਦੀ ਅਰਬ ਉੱਤੇ 5-0 ਨਾਲ ਧਮਾਕੇਦਾਰ ਜਿੱਤ ਦਰਜ ਕੀਤੀ।
ਲੁਜ਼ਨਿਕੀ ਸਟੇਡੀਅਮ ਵਿਖੇ ਗਰੁੱਪ ‘ਏ’ ਦੇ ਹੋਏ ਮੁਕਾਬਲੇ ਵਿੱਚ ਮੇਜ਼ਬਾਨ ਰੂਸ ਲਈ 12ਵੇਂ ਮਿੰਟ ‘ਚ ਪਹਿਲਾ ਗੋਲ ਯੂਰੀ ਗਜ਼ਿੰਸਕੀ ਨੇ ਕੀਤਾ। ਡੈਨਿਸ ਚੈਰੀਸ਼ੇਵ ਨੇ ਅੱਧੇ ਸਮੇਂ ਤੋਂ ਠੀਕ ਪਹਿਲਾਂ ਗੋਲ ਦਾਗ਼ ਕੇ ਸਕੋਰ 2-0 ਕਰ ਦਿੱਤਾ। ਆਰਟੇਮ ਦਜ਼ਯੁਬਾ ਨੇ 71ਵੇਂ ਮਿੰਟ ਵਿੱਚ ਤੀਜਾ, ਚੇਰੀਸ਼ੇਵ ਨੇ ਇੰਜਰੀ ਟਾਈਮ ਦੇ ਸਮੇਂ 91 ਮਿੰਟ ਵਿੱਚ ਚੌਥਾ ਅਤੇ ਗੋਲੋਵਿਨ ਨੇ 94 ਮਿੰਟ ਵਿੱਚ ਆਖ਼ਰੀ ਪੰਜਵਾਂ ਗੋਲ ਕਰਕੇ ਰੂਸ ਨੂੰ 5-0 ਨਾਲ ਜਿੱਤ ਦਿਵਾਈ।
ਫੀਫਾ ਵਿਸ਼ਵ ਕੱਪ ਵਿੱਚ ਸਭ ਤੋਂ ਹੇਠਲੀ ਦਰਜਾਬੰਦੀ ਨਾਲ ਉੱਤਰੇ ਮੇਜ਼ਬਾਨ ਰੂਸ ਨੇ ਟੂਰਨਾਮੈਂਟ ਦਾ ਧਮਾਕੇਦਾਰ ਆਗਾਜ਼ ਕੀਤਾ। ਗੌਰਤਲਬ ਹੈ ਕਿ ਰੂਸ 2008 ਤੋਂ ਕਿਸੇ ਵੀ ਵਰਲਡ ਕੱਪ ਵਿੱਚ ਗਰੁੱਪ ਗੇੜ ਤੋਂ ਅੱਗੇ ਨਹੀਂ ਵਧ ਸਕਿਆ, ਪਰ ਹੁਣ ਉਸ ਲਈ ਸੰਭਾਵਨਾਵਾਂ ਬਣਦੀਆਂ ਵਿਖਾਈ ਦੇ ਰਹੀਆਂ ਹਨ। ਵਿਸ਼ਵ ਦਰਜਾਬੰਦੀ ਵਿੱਚ ਰੂਸ ਜਿੱਥੇ 67ਵੇਂ ਸਥਾਨ ‘ਤੇ ਹੈ, ਉੱਥੇ ਸਾਊਦੀ ਅਰਬ ਦੀ ਦਰਜਾਬੰਦੀ ੬4ਵੀਂ ਹੈ। ਉਦਘਾਟਨੀ ਮੈਚ ‘ਚ ਸਾਊਦੀ ਅਰਬ ਨੇ ਵੀ ਚੰਗੀ ਖੇਡ ਵਿਖਾਈ, ਪਰ ਉਸ ਦੇ ਖਿਡਾਰੀ ਰੂਸੀ ਖਿਡਾਰੀਆਂ ਦੇ ਜੋਸ਼ ਅੱਗੇ ਟਿੱਕ ਨਹੀਂ ਸਕੇ।
ਇਸ ਜਿੱਤ ਨਾਲ ਰੂਸ ਨੇ ਵਰਲਡ ਕੱਪ ਦੇ ਉਦਘਾਟਨੀ ਮੈਚ ਵਿੱਚ ਸਰਵੋਤਮ ਪ੍ਰਦਰਸ਼ਨ ਦੀ ਬਰਾਬਰੀ ਕਰ ਲਈ। ਬ੍ਰਾਜ਼ੀਲ ਨੇ 1954 ਵਿੱਚ ਮੈਕਸੀਕੋ ਨੂੰ 5-0 ਗੋਲਾਂ ਨਾਲ ਹਰਾਇਆ ਸੀ। ਪੰਜਵੀਂ ਵਾਰ ਵਿਸ਼ਵ ਕੱਪ ਵਿੱਚ ਖੇਡ ਰਹੇ ਸਾਊਦੀ ਅਰਬ ਨੇ ਵਰਲਡ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਦੋ ਕੋਚਾਂ ਨੂੰ ਬਰਖ਼ਾਸਤ ਕੀਤਾ ਹੈ ਅਤੇ ਟੂਰਨਾਮੈਂਟ ਵਿੱਚ ਉਸ ਦੀ ਸ਼ੁਰੂਆਤ ਖ਼ਰਾਬ ਰਹੀ ਹੈ। ਰੂਸ ਨੇ 2002 ਮਗਰੋਂ ਵਿਸ਼ਵ ਵਿੱਚ ਆਪਣਾ ਪਹਿਲਾ ਮੈਚ ਜਿੱਤਿਆ ਹੈ। ਰੂਸ ਨੇ ਇਸ ਜਿੱਤ ਨਾਲ ਵਿਸ਼ਵ ਕੱਪ ਦਾ ਇਤਿਹਾਸ ਬਰਕਰਾਰ ਰੱਖਿਆ, ਜਿਸ ਵਿੱਚ ਕੋਈ ਵੀ ਮੇਜ਼ਬਾਨ ਟੀਮ ਉਦਘਾਟਨੀ ਮੈਚ ਨਹੀਂ ਹਾਰੀ। ਮੇਜ਼ਬਾਨ ਟੀਮਾਂ ਨੇ ਹੁਣ ਤੱਕ ਉਦਘਾਟਨੀ ਮੈਚਾਂ ਵਿੱਚ ਸੱਤ ਜਿੱਤਾਂ ਹਾਸਲ ਕੀਤੀਆਂ ਹਨ ਅਤੇ ਤਿੰਨ ਮੈਚ ਡਰਾਅ ਰਹੇ ਹਨ।