21ਵੇਂ ਫੀਫਾ ਫੁੱਟਬਾਲ ਵਰਲਡ ਕੱਪ ਦਾ ਉਦਘਾਟਨ, 15 ਜੁਲਾਈ ਨੂੰ ਫਾਈਨਲ ਮੁਕਾਬਲਾ ਖੇਡਿਆ ਜਾਏਗਾ

ਮਾਸਕੋ, 15 ਜੂਨ – 14 ਜੂਨ ਨੂੰ ਇੱਥੇ ਦੇ ਲੁਜ਼ਨਿਕੀ ਸਟੇਡੀਅਮ ਵਿਖੇ 21ਵੇਂ ਫੀਫਾ ਫੁੱਟਬਾਲ ਵਰਲਡ ਕੱਪ ਦਾ ਉਦਘਾਟਨ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਕੀਤਾ। ਅੱਜ ਤੋਂ ਇਸ ਵਰਲਡ ਕੱਪ ਉੱਤੇ ਆਪਣਾ ਕਬਜ਼ਾ ਕਰਨ ਲਈ ਅਗਲੇ ਇੱਕ ਮਹੀਨੇ ਤੱਕ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀਆਂ 32 ਟੀਮਾਂ ਰੂਸ ਦੇ 11 ਸ਼ਹਿਰਾਂ ਅਤੇ 12 ਗਰਾਊਂਡ ਵਿੱਚ 64 ਮੁਕਾਬਲੇ ਖੇਡਣਗੀਆਂ ਅਤੇ ਫਾਈਨਲ ਮੁਕਾਬਲਾ 15 ਜੁਲਾਈ ਨੂੰ ਹੋਵੇਗਾ।
ਉਦਘਾਟਨੀ ਮੈਚ ਮੇਜ਼ਬਾਨ ਰੂਸ ਅਤੇ ਸਾਊਦੀ ਅਰਬ ਦੀ ਟੀਮ ਵਿਚਾਲੇ ਖੇਡਿਆ ਗਿਆ। ਮੇਜ਼ਬਾਨ ਰੂਸ ਨੇ ਪਹਿਲਾ ਮੈਚ ਸਾਊਦੀ ਅਰਬ ਨੂੰ 5-0 ਗੋਲਾਂ ਨਾਲ ਹਰਾ ਕੇ ਜਿੱਤ ਲਿਆ। ਵਰਲਡ ਕੱਪ ਟੂਰਨਾਮੈਂਟ ਦਾ ਪਲੇਠਾ ਗੋਲ ਰੂਸ ਦੇ ਯੂਰੀ ਲਾਜ਼ਿੰਸਕੀ ਨੇ 21ਵੇਂ ਮਿੰਟ ਵਿੱਚ ਕੀਤਾ।
ਪਹਿਲੇ ਮੈਚ ਤੋਂ ਪਹਿਲਾਂ ਲੁਜ਼ਨਿਕੀ ਸਟੇਡੀਅਮ ਵਿੱਚ ਵਰਲਡ ਕੱਪ ਟਰਾਫ਼ੀ ਨੁਮਾਇਸ਼ ਲਈ ਰੱਖੀ ਗਈ। ਸਪੇਨ ਦੇ ਸਾਬਕਾ ਗੋਲਕੀਪਰ ਇਕੇਰ ਸੇਸਿਲਾਸ ਨੇ ਟਰਾਫ਼ੀ ਨੂੰ ਹੱਥਾਂ ਵਿੱਚ ਫੜਿਆ ਹੋਇਆ ਸੀ। ਸਟੇਡੀਅਮ ਵਿੱਚ ਮੌਜੂਦ ਦਰਸ਼ਕਾਂ ਨੇ ਤਾੜੀਆਂ ਨਾਲ ਇਸ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਸਟੇਡੀਅਮ ਰੰਗ ਬਿਰੰਗੀਆਂ ਪੁਸ਼ਾਕਾਂ ਵਿੱਚ ਫੁੱਟਬਾਲ ਪ੍ਰੇਮੀਆਂ ਦੀ ਵੱਡੀ ਗਿਣਤੀ ਨੱਚਦੀ ਗਾਉਂਦੀ ਨਜ਼ਰ ਆਈ। ਉਦਘਾਟਨ ਸਮਾਰੋਹ ਵਿੱਚ ਬਰਤਾਨੀਆ ਦੇ ਪੌਪ ਸਟਾਰ ਰੌਬੀ ਵਿਲੀਅਮਜ਼ ਨੇ ‘ਲੇਟ ਮੀ ਇੰਟਰਟੇਨ ਯੂ’ ਪੇਸ਼ ਕੀਤਾ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਫੀਫਾ ਪ੍ਰਮੁੱਖ ਜਿਆਨੀ ਇਨਫਾਂਤਿਨੋ ਨੇ ਟੂਰਨਾਮੈਂਟ ਦੀ ਸ਼ੁਰੂਆਤ ਦਾ ਰਸਮੀ ਐਲਾਨ ਕੀਤਾ। ਰੂਸੀ ਸੰਗੀਤਕਾਰ ਪਿਯੋਤਰ ਚਾਇਕੋਵਸਕੀ ਦੀ ਧੁਨ ‘ਤੇ ਉਦਘਾਟਨੀ ਸਮਾਰੋਹ ਵਿੱਚ ਪੂਰਾ ਸਟੇਡੀਅਮ ‘ਰੂਸ ਰੂਸ’ ਨਾਲ ਗੂੰਜ ਉੱਠਿਆ। ਪੂਤਿਨ ਨੇ ਇਸ ਮੌਕੇ ਕਿਹਾ ਕਿ, “ਮੈਂ ਤੁਹਾਨੂੰ ਸਾਰਿਆਂ ਨੂੰ ਦੁਨੀਆ ਦੀ ਇਸ ਸਭ ਤੋਂ ਮਹੱਤਵਪੂਰਨ ਚੈਂਪੀਅਨਸ਼ਿਪ ਦੇ ਸ਼ੁਰੂਆਤ ਦੀ ਵਧਾਈ ਦਿੰਦਾ ਹਾਂ”। ਰੂਸ ਨੇ ਇਸ ਵਰਲਡ ਕੱਪ ਟੂਰਨਾਮੈਂਟ ‘ਤੇ 13 ਅਰਬ ਡਾਲਰ ਖ਼ਰਚ ਕੀਤੇ ਹਨ।