ਉਲੰਪਿਕ ‘ਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਸਵਰਨ ਸਿੰਘ ਦਾ ਮਾਨਸਾ ਪਹੁੰਚਣ ‘ਤੇ ਭਰਵਾਂ ਸਵਾਗਤ

ਮਾਨਸਾ, 20 ਅਗਸਤ (ਏਜੰਸੀ) – ਲੰਡਨ ਉਲੰਪਿਕ ਦੌਰਾਨ ਕਿਸ਼ਤੀ ਚਾਲਕ ਮੁਕਾਬਲੇ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਮਾਨਸਾ ਜ਼ਿਲ੍ਹੇ ਦੇ ਜੰਮਪਲ ਸਵਰਨ ਸਿੰਘ ਵਿਰਕ ਨੇ ਦਾਅਵਾ ਕੀਤਾ ਹੈ ਕਿ ਉਹ ਅਗਲੀਆਂ ਉਲੰਪਿਕ ਖੇਡਾਂ ਦੌਰਾਨ ਦੇਸ਼ ਲਈ ਸੋਨੇ ਦਾ ਤਗਮਾ ਹਾਸਲ ਕਰਨਗੇ।
ਉਲੰਪਿਕ ਖੇਡਾਂ ਤੋਂ ਵਾਪਸ ਪਰਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਦਲੇਲ ਵਾਲਾ ਦੇ ਸਵਰਨ ਸਿੰਘ ਦਾ ਇਥੇ ਪ੍ਰਸ਼ਾਸਨ ਅਤੇ ਖੇਡ ਪ੍ਰੇਮੀਆਂ……. ਵਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ। ਕੁਆਟਰ ਫਾਈਨਲ ਤੱਕ ਪਹੁੰਚਣ ਵਾਲੇ ਸਵਰਨ ਦੇ ਪਿੰਡ ਵਾਸੀ ਬੇਸ਼ੱਕ ਇਸ ਕਾਰਗੁਜ਼ਾਰੀ ਤੋਂ ਬਾਗੋ-ਬਾਗ ਸਨ, ਪਰ ਉਨ੍ਹਾਂ ਦੇ ਚਿਹਰਿਆਂ ‘ਤੇ ਇਸ ਗੱਲੋਂ ਭਾਰੀ ਨਿਰਾਸ਼ਾ ਦਾ ਆਲਮ ਸੀ ਕਿ ਪੰਜਾਬ ਸਰਕਾਰ ਨੇ ਵੱਡੀ ਇਨਾਮੀ ਰਾਸ਼ੀ ਦੇਣ ਦੀ ਥਾਂ ਸਿਰਫ਼ ੨੧ ਹਜ਼ਾਰ ਰੁਪਏ ਉਸ ਦੀ ਝੋਲੀ ਪਾਏ ਹਨ।
ਸਵਰਨ ਸਿੰਘ ਨੂੰ ਖੇਡ ਪ੍ਰੇਮੀਆਂ ਵਲੋਂ ਰੇਲਵੇ ਸਟੇਸ਼ਨ ਤੋਂ ਫੁੱਲਾਂ ਨਾਲ ਲੱਦ ਕੇ ਇੱਕ ਖੁੱਲ੍ਹੀ ਜੀਪ ਰਾਹੀਂ ਇੱਥੇ ਬੱਚਤ ਭਵਨ ਵਿੱਚ ਲਿਆਂਦਾ ਗਿਆ, ਜਿੱਥੇ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਨੌਜਵਾਨ ਖਿਡਾਰੀ ਦਾ ਭਰਵਾਂ ਸਵਾਗਤ ਕੀਤਾ ਗਿਆ। ਉਧਰ ਸ਼ਹਿਰ ਵਾਸੀਆਂ ਵਲੋਂ ਥਾਂ-ਥਾਂ ਇਸ ਖਿਡਾਰੀ ਦਾ ਮਾਣ-ਸਨਮਾਨ ਕੀਤਾ।
ਪ੍ਰਸ਼ਾਸਨ ਵਲੋਂ ਕੀਤੇ ਇੱਕ ਸੰਖੇਪ ਸਮਾਗਮ ਦੌਰਾਨ ਸੀਨੀਅਰ ਪੁਲੀਸ ਕਪਤਾਨ ਡਾ. ਨਰਿੰਦਰ ਭਾਰਗਵ ਨੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਵਰਨ ਸਿੰਘ ਦੀ ਖੇਡ ਕਾਰਗੁਜ਼ਾਰੀ, ਜਿੱਥੇ ਨੌਜਵਾਨਾਂ ਦੀ ਖੇਡ ਪ੍ਰਤਿਭਾ ਨੂੰ ਹੋਰ ਨਿਖਾਰੇਗੀ, ਉਥੇ ਉਸ ਦੀ ਇਹ ਖੇਡ ਕਲਾ ਉਨ੍ਹਾਂ ਨੌਜਵਾਨਾਂ ਲਈ ਚੈਲੰਜ ਹੋਵੇਗੀ, ਜੋ ਆਪਣੀਆਂ ਖੂਬਸੂਰਤ ਜਵਾਨੀਆਂ ਨਸ਼ਿਆਂ ਵਿੱਚ ਗਾਲ ਰਹੇ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਅਗਲੀਆਂ ਉਲੰਪਿਕ ਖੇਡਾਂ ਵਿਚੋਂ ਸਵਰਨ ਸਿੰਘ ਸੋਨੇ ਦਾ ਤਗਮਾ ਲੈ ਕੇ ਵਾਪਸ ਪਰਤਣਗੇ।
ਮਾਨਸਾ ਦੇ ਐਸ. ਡੀ. ਐਮ. ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੀਆਂ ਖੇਡ ਸਰਗਰਮੀਆਂ ਨੂੰ ਪ੍ਰਫੁੱਲਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਨੌਜਵਾਨ ਵਰਗ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆਂ ਵਰਗੀਆਂ ਲਾਹਨਤਾਂ ਦਾ ਤਿਆਗ ਕਰਕੇ ਖੇਡਾਂ ਦੇ ਖੇਤਰ ਵਿੱਚ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ।
ਯੂਥ ਡਿਵੈਲਪਮੈਂਟ ਬੋਰਡ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਉਹ ਜ਼ਿਲ੍ਹੇ ਅੰਦਰ ਇੱਕ ਵਿਸ਼ੇਸ਼ ਮੁਹਿੰਮ ਚਲਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਉਲੰਪਿਕ ਖੇਡਾਂ ਵਿੱਚ ਨਾਮ ਰੋਸ਼ਨ ਕਰਨ ਵਾਲੇ ਸਵਰਨ ਸਿੰਘ ਨੂੰ ਇਨਾਮੀ ਰਾਸ਼ੀ ਅਤੇ ਹੋਰ ਖੇਡ ਸਹੂਲਤਾਂ ਲਈ ਨੌਜਵਾਨਾਂ ਦਾ ਵਫ਼ਦ ਜਲਦੀ ਹੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਮਿਲੇਗਾ ਅਤੇ ਜ਼ਿਲ੍ਹੇ ਅੰਦਰ ਖੇਡ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕੀਤੇ ਜਾਣਗੇ।
ਰੂਰਲ ਕਲੱਬਜ਼ ਐਸੋਸੀਏਸ਼ਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਖੇਡ ਨਕਸ਼ੇ ‘ਚ ਸਹੂਲਤਾਂ ਪੱਖੋਂ ਸਭ ਤੋਂ ਫਾਡੀ ਜ਼ਿਲ੍ਹੇ ਦੇ ਖਿਡਾਰੀ ਸਵਰਨ ਸਿੰਘ ਵਿਰਕ ਨੇ ਆਪਣੀ ਖੇਡ ਪ੍ਰਤਿਭਾ ਨਾਲ ਇਸ ਜ਼ਿਲ੍ਹੇ ਦਾ ਨਾਮ ਦੁਨੀਆ ਵਿੱਚ ਰੋਸ਼ਨ ਕੀਤਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਵਰਨ ਸਿੰਘ ਸਮੇਤ ਉਨ੍ਹਾਂ ਸਾਰੇ ਖਿਡਾਰੀਆਂ ਨੂੰ ਵੱਡੀ ਇਨਾਮੀ ਰਾਸ਼ੀ ਅਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ, ਜਿਨ੍ਹਾਂ ਨੇ ਉਲੰਪਕ ਵਿੱਚ ਪ੍ਰਵੇਸ਼ ਕਰਕੇ ਚੰਗੀ ਕਾਰਗੁਜ਼ਾਰੀ ਵਿਖਾਈ।
ਇਸ ਮੌਕੇ ਗੁਰਮੀਤ ਸਿੰਘ ਗਿੱਲ, ਪ੍ਰੇਮ ਕੁਮਾਰ ਅਰੋੜਾ, ਬਲਕਾਰ ਸਿੰਘ ਦਲੇਲ ਵਾਲਾ, ਸਰਪੰਚ ਗੁਰਜੰਟ ਸਿੰਘ, ਸਾਬਕਾ ਸਰਪੰਚ ਮੱਖਣ ਸਿੰਘ, ਮਨਪ੍ਰੀਤ ਸਿੰਘ, ਦਵਿੰਦਰ ਸਿੰਘ, ਬਲਵੰਤ ਸਿੰਘ ਭੀਖੀ ਨੇ ਵੀ ਸੰਬੋਧਨ ਕੀਤਾ।