ਉੱਤਰੀ ਭਾਰਤ ਵਿੱਚ ਧੂੜ ਭਰੀ ਹਨੇਰੀ

ਨਵੀਂ ਦਿੱਲੀ, 7 ਮਈ – ਪੱਛਮੀ ਗੜਬੜ ਕਾਰਨ ਉੱਤਰੀ ਭਾਰਤ ਵਿੱਚ ਮੌਸਮ ਦੀ ਖ਼ਰਾਬੀ ਦਾ ਅਸਰ ਦਿੱਲੀ, ਚੰਡੀਗੜ੍ਹ ਤੇ ਪੰਜਾਬ-ਹਰਿਆਣਾ ਦੇ ਕੁੱਝ ਹਿੱਸਿਆਂ ਵਿੱਚ ਵੀ ਦੇਖਣ ਨੂੰ ਮਿਲਿਆ। ਉੱਤਰੀ ਭਾਰਤ ਵਿੱਚ ਜ਼ੋਰਦਾਰ ਧੂੜ ਭਰੀ ਹਨੇਰੀ ਕਾਰਨ ਜਨਜੀਵਨ ਉੱਤੇ ਮਾੜਾ ਅਸਰ ਪਿਆ। ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ਵਿੱਚ ਕਈ ਥਾਈਂ ਬਿਜਲੀ ਸਪਲਾਈ ਵੀ ਠੱਪ ਹੋ ਗਈ ਤੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਮਜਬੂਰ ਹੋਣਾ ਪਿਆ।
ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਖ਼ਬਰਦਾਰ ਕੀਤਾ ਹੈ ਕਿ 8 ਮਈ ਦਿਨ ਮੰਗਲਵਾਰ ਨੂੰ ਉੱਤਰੀ ਭਾਰਤ ਵਿੱਚ ਮੌਸਮ ਬੁਰੀ ਤਰ੍ਹਾਂ ਖ਼ਰਾਬ ਰਹੇਗਾ ਅਤੇ ਕਈ ਥਾਈਂ ਹਨੇਰੀ-ਝੱਖੜ ਆ ਸਕਦੇ ਹਨ ਅਤੇ 50 ਤੋਂ 70 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਵਿਭਾਗ ਨੇ ਨਾਰੰਗੀ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਮਾੜੇ ਮੌਸਮ ਦਾ ਅਸਰ ਦਿੱਲੀ, ਹਰਿਆਣਾ, ਚੰਡੀਗੜ੍ਹ, ਪੰਜਾਬ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੱਛਮੀ ਉੱਤਰ ਪ੍ਰਦੇਸ਼ ਤੋਂ ਇਲਾਵਾ ਸਿੱਕਮ ਤੇ ਪੱਛਮੀ ਬੰਗਾਲ ਤੱਕ ਪਵੇਗਾ। ਇਨ੍ਹਾਂ ਸੂਬਿਆਂ ਵਿੱਚ ਕਈ ਥਾਈਂ ਝੱਖੜ ਆ ਸਕਦੇ ਹਨ। ਗੌਰਤਲਬ ਹੈ ਕਿ ਵਿਭਾਗ ਵੱਲੋਂ ਬਹੁਤ ਜ਼ਿਆਦਾ ਖ਼ਤਰੇ ਲਈ ਲਾਲ, ਜ਼ਿਆਦਾ ਖ਼ਤਰੇ ਲਈ ਨਾਰੰਗੀ, ਖ਼ਤਰੇ ਲਈ ਪੀਲੀ ਤੇ ਘੱਟ ਖ਼ਤਰੇ ਲਈ ਹਰੀ ਚਿਤਾਵਨੀ ਜਾਰੀ ਕੀਤੀ ਜਾਂਦੀ ਹੈ।
ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਮ੍ਰਿਤਯੁੰਜੈ ਮੋਹਾਪਾਤਰਾ ਨੇ ਕਿਹਾ ਕਿ ਇਸ ਕਾਰਨ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼ ਤੇ ਹਰਿਆਣਾ ਦੇ ਆਸਮਾਨ ਵਿੱਚ ਵਾਵਰੋਲੇ ਵਾਲੀ ਸਥਿਤੀ ਬਣੀ ਹੋਈ ਹੈ। ਧੂੜ ਭਰੀ ਹਨੇਰੀ ਕਾਰਨ aੁੱਤਰੀ ਭਾਰਤ ਵਿੱਚ ਹਲਕੀ ਬਾਰਸ਼ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ, ‘ਇਸ ਦੌਰਾਨ ਝੱਖੜ ਦੀ ਸ਼ਿੱਦਤ 2 ਮਈ ਨੂੰ ਆਏ ਝੱਖੜ ਨਾਲੋਂ ਘੱਟ ਰਹਿਣ ਦੇ ਆਸਾਰ ਹਨ’। ਜ਼ਿਕਰਯੋਗ ਹੈ ਕਿ ਉਸ ਦਿਨ ਆਏ ਧੂੜ ਭਰੇ ਝੱਖੜ ਕਾਰਨ ਰਾਜਸਥਾਨ ਤੇ ਯੂਪੀ ਵਿੱਚ 100 ਤੋਂ ਵੱਧ ਜਾਨਾਂ ਗਈਆਂ ਅਤੇ 200 ਤੋਂ ਵੱਧ ਜ਼ਖ਼ਮੀ ਹੋਏ ਸਨ। ਉਨ੍ਹਾਂ ਕਿਹਾ ਕਿ ਪੰਜਾਬ, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਪੱਛਮੀ ਮੱਧ ਪ੍ਰਦੇਸ਼, ਪੂਰਬੀ ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ, ਸਾਹਿਲੀ ਤੇ ਦੱਖਣੀ ਅੰਦਰੂਨੀ ਕਰਨਾਟਕ ਤੇ ਕੇਰਲ ਵਿੱਚ ਧੂੜ ਭਰੀਆਂ ਹਨੇਰੀਆਂ ਆ ਸਕਦੀਆਂ ਹਨ।