ਜਰਈ ਸੰਕਟ ਦੇ ਹੱਲ ਲਈ ਜਨਤਕ ਟਾਕਰਾ ਜ਼ਰੂਰੀ : ਡਾ. ਪੀ. ਸਾਈਨਾਥ ਅਤੇ ਪ੍ਰੋ. ਸੁਖਪਾਲ

ਦੇਸ਼ ਭਗਤ ਯਾਦਗਾਰ ਹਾਲ ‘ਚ ਹੋਈ ਵਿਚਾਰ-ਚਰਚਾ
ਜਲੰਧਰ, 6 ਮਈ – ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ 5 ਮਈ ਨੂੰ ਕਾਰਲ ਮਾਰਕਸ ਦੀ ਦੋ ਸੌ ਸਾਲਾ ਵਰ੍ਹੇ ਗੰਢ (5 ਮਈ 1818-2018) ਨੂੰ ਸਮਰਪਤ ਵਿਚਾਰ-ਚਰਚਾ ਨੂੰ ਪ੍ਰਮੁੱਖ ਤੌਰ ‘ਤੇ ਮੁਲਕ ਦੇ ਮੰਨੇ-ਪ੍ਰਮੰਨੇ ਪੱਤਰਕਾਰ ਡਾ. ਪੀ. ਸਾਈਨਾਥ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪ੍ਰੋ. ਸੁਖਪਾਲ ਨੇ ‘ਜਰਈ ਸੰਕਟ ਅਤੇ ਇਸ ਦਾ ਸੰਭਾਵੀ ਹੱਲ’ ਵਿਸ਼ੇ ਉੱਪਰ ਬੋਲਦਿਆਂ ਕਰਜ਼ੇ, ਖ਼ੁਦਕੁਸ਼ੀਆਂ, ਖੇਤੀ ਦੀ ਤਬਾਹੀ, ਬੇਰੁਜ਼ਗਾਰੀ ਆਦਿ ਨੂੰ ਸਾਮਰਾਜੀ ਆਰਥਕ ਨੀਤੀਆਂ ਦੀ ਪੈਦਾਇਸ਼ ਦੱਸਦਿਆਂ ਖ਼ਬਰਦਾਰ ਕੀਤਾ ਕਿ ਖ਼ੁਦਕੁਸ਼ੀਆਂ ਦਾ ਮੁਲਕ ‘ਚ ਹੜ੍ਹ ਆ ਜਾਏਗਾ, ਅਜਿਹੀ ਵਿਸਫੋਟਕ ਸਥਿਤੀ ਹੈ ਸਾਡੇ ਸਮਾਜ ਦੀ ਜੋ ਅਸੀਂ ਜ਼ਮੀਨੀ ਪੱਧਰ ‘ਤੇ ਸਰਵੇਖਣ ਕਰਕੇ ਨੋਟ ਕੀਤੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਜੁਆਇੰਟ ਸਕੱਤਰ ਡਾ. ਪਰਮਿੰਦਰ, ਡਾ. ਪੀ. ਸਾਈਨਾਥ, ਡਾ. ਸੁਖਪਾਲ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਵਿਚਾਰ-ਚਰਚਾ ਸਮੇਂ ਮੰਚ ‘ਤੇ ਸ਼ਸੋਭਤ ਸਨ। ਉਨ੍ਹਾਂ ਸਮੇਤ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ, ਖ਼ਜ਼ਾਨਚੀ ਰਣਜੀਤ ਸਿੰਘ ਔਲਖ, ਹਰਵਿੰਦਰ ਭੰਡਾਲ, ਸੁਰਿੰਦਰ ਕੁਮਾਰੀ ਕੋਛੜ, ਹਰਬੀਰ ਕੌਰ ਬੰਨੋਆਣਾ, ਬਲਬੀਰ ਕੌਰ ਬੁੰਡਾਲਾ, ਜਗਰੂਪ ਨੇ ਪੀ. ਸਾਈਨਾਥ ਅਤੇ ਸੁਖਪਾਲ ਨੂੰ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ। ਡਾ. ਪਰਮਿੰਦਰ ਨੇ ਵਿਦਵਾਨਾਂ ਅਤੇ ਵਿਸ਼ੇ ਬਾਰੇ ਜਾਣ-ਪਹਿਚਾਣ ਕਰਾਈ।
ਡਾ. ਪੀ. ਸਾਈਨਾਥ ਨੇ ਵਿਚਾਰ-ਚਰਚਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਡੀਆਂ ਜਰਈ ਖੇਤਰ ਨਾਲ ਸਬੰਧਤ ਯੂਨੀਵਰਸਿਟੀਆਂ ਖੇਤੀ ਵਿਕਾਸ, ਜਾਂ ਕਿਸਾਨ ਹਿੱਤ ਲਈ ਨਹੀਂ ਸਗੋਂ ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ਿਆਂ ‘ਚ ਵਾਧੇ ਲਈ ਖੋਜ ਕਰ ਰਹੇ ਹਨ।
ਪੀ. ਸਾਈਨਾਥ ਨੇ ਕਿਹਾ ਕਿ ਖੇਤੀ ਖੇਤਰ ‘ਚ ਆ ਰਿਹਾ ਤਬਾਹੀ ਦਾ ਮੰਜ਼ਰ ਮਹਿਜ਼ ਜਰਈ ਸੰਕਟ ਹੀ ਨਹੀਂ ਸਗੋਂ ਸਮਾਜਕ, ਸਭਿਆਚਾਰਕ ਸੰਕਟ ਹੈ ਸਿਰਫ਼ ਖ਼ੁਦਕੁਸ਼ੀਆਂ ਨਾਲ ਕਿੰਨੇ ਕਿਸਾਨ ਮਜ਼ਦੂਰ ਮਰ ਗਏ। ਇਹੋ ਅੰਕੜੇ ਗਿਣਨ ਦਾ ਵੇਲਾ ਨਹੀਂ ਸਗੋਂ ਇਹ ਨਾਪਣ ਦਾ ਵੇਲਾ ਹੈ ਕਿ ਨਵੀਆਂ ਨੀਤੀਆਂ ਨੇ ਇਨਸਾਨੀਅਤ ਕਿੰਨੀ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਹਰ 32 ਮਿੰਟ ਬਾਅਦ ਮੁਲਕ ‘ਚ ਇੱਕ ਕਿਸਾਨ ਮਜ਼ਦੂਰ ਖ਼ੁਦਕੁਸ਼ੀ ਕਰ ਰਿਹਾ ਹੈ। ਅਸੀਂ ਬਹੁਤ ਵੱਡਾ ਹਿੱਸਾ ਖ਼ਾਮੋਸ਼ ਬੈਠੇ ਹਾਂ। ਇਹ ਚੁੱਪ ਜੇ ਨਾ ਤੋੜੀ ਤਾਂ ਪੂਰੇ ਮੁਲਕ ਅੰਦਰ ਧੀਆਂ ਦੀਆਂ ਡੋਲੀਆਂ ਅਤੇ ਬਾਬਲ ਦੀਆਂ ਅਰਥੀਆਂ ਸਾਥ ਸਾਥ ਹੀ aੁੱਠਣਗੀਆਂ। ਉਨ੍ਹਾਂ ਕਿਹਾ ਕਿ ਹਰ ਸਾਲ 30 ਲੱਖ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਗਿਰ ਰਹੇ ਹਨ। ਸਿੱਖਿਆ, ਸਿਹਤ, ਰੁਜ਼ਗਾਰ, ਕੁਦਰਤੀ ਸਰੋਤ ਸਭ ਕੁੱਝ ਮੁੱਠੀ ਭਰ ਉਨ੍ਹਾਂ ਲੋਕਾਂ ਕੋਲ ਹੈ ਜਿਹੜੇ ਆਰਥਕ, ਧਾਰਮਕ ਮੂਲਵਾਦੀ ਹਨ ਜੋ ਨੀਤੀਆਂ ਘੜਨ ‘ਚ ਫ਼ੈਸਲਾਕੁਨ ਕੇਂਦਰਾਂ ਉੱਪਰ ਕਾਬਜ਼ ਹਨ। ਉਨ੍ਹਾਂ ਕਿਹਾ ਕਿ ਮਾਰਕਸ ਨੇ ਠੀਕ ਕਿਹਾ ਕਿ ਸਰਕਾਰ, ਪੂੰਜੀਪਤੀ ਜਗਤ ਦੀ ਕਾਰਜ ਕਰਨੀ ਹੁੰਦੀ ਹੈ। ਉਨ੍ਹਾਂ ਸੱਦਾ ਦਿੱਤਾ ਕਿ ਅਜਾਰੇਦਾਰੀ ਖ਼ਿਲਾਫ਼ ਜਨਤਕ ਪ੍ਰਤਿਰੋਧ ਲੋੜੀਂਦਾ ਹੈ।
ਡਾ. ਪੀ. ਸਾਈਨਾਥ ਨੇ ਸੱਦਾ ਦਿੱਤਾ ਕਿ ਜਰਈ ਖੇਤਰ ਦਾ ਸੰਕਟ ਹੰਢਾ ਰਹੇ ਲੋਕਾਂ ਨੂੰ ਪਾਰਲੀਮੈਂਟ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਹਕੀਕੀ ਤਸਵੀਰ ਰੱਖਣ ਦਾ ਮੌਕਾ ਮੰਗਣ ਅਤੇ ਲੱਖਾਂ ਲੋਕਾਂ ਨੂੰ ਉੱਠ ਖੜ੍ਹੇ ਹੋਣ ਦੀ ਲੋੜ ਹੈ। ਉਹ ਖ਼ੁਦ ਆਪਣੀ ਸਮੱਸਿਆ ਦੇ ਹੱਲ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਜਰਈ ਸੰਕਟ, ਖੇਤੀ ਸੰਕਟ ਹੀ ਨਹੀਂ ਜੀਵਨ ਸੰਕਟ ਹੈ।
ਵਿਚਾਰ-ਚਰਚਾ ‘ਚ ਦੂਜੇ ਬੁਲਾਰੇ ਡਾ. ਸੁਖਪਾਲ ਨੇ ਕਿਹਾ ਕਿ ਸਾਡੀ ਖੇਤੀ ਸਾਡੀਆਂ ਫ਼ਸਲਾਂ ਦੇ ਹਜ਼ਾਰਾਂ ਸਾਲ ਦਾ ਜੋ ਇਤਿਹਾਸ ਹੈ ਉਸ ਨੂੰ ਵਿਕਸਤ ਕਰਨ ਦੀ ਬਜਾਏ ਜੋ ਬਾਹਰੋਂ ਬੀਜ, ਦਵਾਈਆਂ, ਖਾਦਾਂ, ਨਸਲਾਂ ਲਿਆ ਕੇ ਸਾਡੀ ਮਿੱਟੀ ਨਾਲ ਜੁੜੇ ਵਰਤਾਰਿਆਂ ਦਾ ਗੱਲ ਘੁੱਟਿਆ ਗਿਆ। ਅਜੇਹੀਆਂ ਨਵੀਆਂ ਨੀਤੀਆਂ ਨੇ ਖੇਤੀ ਖੇਤਰ ਨੂੰ ਤਬਾਹੀ ਦੇ ਮੂੰਹ ਧੱਕ ਦਿੱਤਾ। ਨਤੀਜੇ ਵਜੋਂ ਕਰਜ਼ੇ ਅਤੇ ਖੁਦਕੁਸ਼ੀਆਂ ਦੀ ਕਾਲੀ ਰੁੱਤ ਨੇ ਸਾਡੇ ਚੌਗਿਰਦੇ ਨੂੰ ਘੇਰ ਲਿਆ।
ਡਾ. ਸੁਖਪਾਲ ਨੇ ਕਿਹਾ ਕਿ ਹਰੇਕ ਸਾਲ ਛੜੱਪੇ ਮਾਰ ਕੇ ਵਧਦਾ ਕਿਸਾਨੀ ਕਰਜ਼ਾ ਹੁਣ ਇੱਕ ਲੱਖ ਕਰੋੜ ਤੱਕ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਵਿਆਹਾਂ ਆਦਿ ‘ਤੇ ਫ਼ਜ਼ੂਲ ਖ਼ਰਚੀ ਨੂੰ ਹੀ ਕਰਜ਼ੇ ਦਾ ਇੱਕੋ ਇਕ ਕਾਰਨ ਦੱਸਣਾ, ਅਸਲ ਕਾਰਨ ਤੋਂ ਧਿਆਨ ਪਾਸੇ ਕਰਨਾ ਹੈ। ਉਨ੍ਹਾਂ ਤੱਥਾਂ ਸਹਿਤ ਦੱਸਿਆ ਕਿ ਜਿਹੜਾ ਸੂਬਿਆਂ ਵਿੱਚ ਲੋਕ ਬਹੁਤ ਸਾਦੇ ਵਿਆਹ ਕਰਦੇ ਹਨ, ਸ਼ਰਾਬ ਦੇ ਪਿਆਕੜ ਵੀ ਨਹੀਂ ਉਨ੍ਹਾਂ ਸੂਬਿਆਂ ਦੇ ਕਿਸਾਨਾਂ ਮਜ਼ਦੂਰਾਂ ਸਿਰ ਵੀ ਬੇਹਿਸਾਬ ਕਰਜ਼ਾ ਹੈ ਅਤੇ ਖ਼ੁਦਕੁਸ਼ੀਆਂ ਕਾਰਨ ਸਿਵਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਡਾ. ਸੁਖਪਾਲ ਨੇ ਕਿਹਾ ਕਿ ਮੈਂ ਹਜ਼ਾਰਾਂ ਘਰਾਂ ਤੱਕ ਜਾ ਕੇ ਕਰਜ਼ਾ ਅਤੇ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦਾ ਸਰਵੇ ਕੀਤਾ। ਉਨ੍ਹਾਂ ਘਰਾਂ ‘ਚ ਵੱਸਦੇ ਦਰਦਾਂ ਦੇ ਦਰਿਆ ਹਲੂਣ ਕੇ ਰੱਖ ਦਿੰਦੇ ਨੇ ਕਿ ਕਿਵੇਂ ਲੋਕ-ਵਿਰੋਧੀ ਪ੍ਰਬੰਧ ਨੇ ਘਰਾਂ ਨੂੰ ਸਿਵਿਆਂ ‘ਚ ਬਦਲ ਕੇ ਰੱਖ ਦਿੱਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜੋਕਾ ਪ੍ਰਬੰਧ ਬਦਲੇ ਬਿਨਾ ਜਰਈ ਸੰਕਟ ਦਾ ਬੁਨਿਆਦੀ ਹੱਲ ਸੰਭਵ ਨਹੀਂ।
ਵਿਚਾਰ-ਚਰਚਾ ਦਾ ਆਗਾਜ਼ ਡਾ. ਨਵਸ਼ਰਨ ਨੇ ਕੀਤਾ। ਉਨ੍ਹਾਂ ਕਿਹਾ ਕਿ ਜਰਈ ਸੰਕਟ ‘ਚ ਨਪੀੜੀ ਜਾ ਰਹੀ ਔਰਤ ਦੀ ਦਸ਼ਾ ਅਤੇ ਉਸ ਦੀ ਮੁਕਤੀ ਦੀ ਦਿਸ਼ਾ ਉੱਪਰ ਵੀ ਵਧੇਰੇ ਧਿਆਨ ਦੇਣ ਦੀ ਲੋੜ ਹੈ। ਸੁਆਲ ਕਰਨ ਵਾਲਿਆਂ ਵਿੱਚ ਸੁਰਿੰਦਰ ਕੁਮਾਰੀ ਕੋਛੜ, ਸੁਖਦਰਸ਼ਨ ਨੱਤ, ਪਵਨ ਟਿੱਬਾ, ਦਾਤਾਰ ਸਿੰਘ, ਸਤਨਾਮ ਸਿੰਘ ਅਜਨਾਲਾ, ਸੁਖਦੇਵ ਸਿੰਘ ਕੋਕਰੀ ਕਲਾਂ, ਹਰਮੇਸ਼ ਮਾਲੜੀ, ਰਜਿੰਦਰ ਸਿੰਘ ਮਝੈਲ, ਡਾ. ਕੁਲਦੀਪ ਸਿੰਘ, ਡਾ. ਮੋਹਨ ਸਿੰਘ, ਦੀਪ ਦਿਲਬਰ, ਕੇਸਰ, ਸੁਰਿੰਦਰ ਖੀਵਾ, ਡਾ. ਸੈਲੇਸ਼ ਅਤੇ ਸੁਮੀਤ ਸਿੰਘ ਆਦਿ ਸ਼ਾਮਲ ਸਨ।
ਸੁਆਲ-ਜੁਆਬ ਦੇ ਸੈਸ਼ਨ ‘ਚ ਡਾ. ਪੀ. ਸਾਈਨਾਥ ਨੇ ਕਿਹਾ ਕਿ ਔਰਤ ਨੂੰ ਕਿਸਾਨ ਹੀ ਨਹੀਂ ਮੰਨਿਆ ਜਾ ਰਿਹਾ। ਜਦੋਂ ਕਿ ਔਰਤ ਦੇ ਸਿਰ ਚੌਤਰਫ਼ਾ ਸੰਕਟ ਅਤੇ ਤਣਾਅ ਵਧ ਰਿਹਾ ਹੈ। ਔਰਤ ਨੂੰ ਕਿਸਾਨ ਨਾ ਮੰਨਣ ਕਾਰਨ ਖ਼ੁਦਕੁਸ਼ੀਆਂ ਦੇ ਅੰਕੜੇ ‘ਚ ਔਰਤ ਦਾ ਜ਼ਿਕਰ ਤੱਕ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਦੁਨੀਆ ਦਾ ਪੂੰਜੀਵਾਦੀ ਇੱਕ ਵੀ ਅਜੇਹਾ ਦੇਸ਼ ਨਹੀਂ ਜਿੱਥੇ ਖੇਤੀ ਬਿਨਾਂ ਸਬਸਿਡੀ ਦੇ ਚੱਲ ਰਹੀ ਹੋਵੇ। ਉਨ੍ਹਾਂ ਕਿਹਾ ਕਿ ਖੇਤੀ ਸੰਕਟ ਨੂੰ ਆਰਜ਼ੀ ਰਾਹਤ ਦੇਣ ਲਈ ਖੇਤੀ ਨੂੰ ਪਬਲਿਕ ਸੈਕਟਰ ਐਲਾਨ ਕੇ ਮਦਦ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਇਸ ਸਮੇਂ ਕੋਈ ਵੀ ਇਕੱਲਾ ਇਕਹਿਰਾ ਮਿਹਨਤਕਸ਼ ਵਰਗ ਜੱਦੋ-ਜਹਿਦ ਨੂੰ ਜਿੱਤ ਤੱਕ ਨਹੀਂ ਲਿਜਾ ਸਕਦਾ ਇਸ ਲਈ ਸਾਂਝੇ ਉੱਦਮ ਦੀ ਲੋੜ ਹੈ।
ਡਾ. ਸੁਖਪਾਲ ਨੇ ਸੁਆਲਾਂ ਦੇ ਜੁਆਬ ਦਿੰਦਿਆਂ ਕਿਹਾ ਕਿ ਬਿਨਾ ਸ਼ੱਕ ਜਰਈ ਸਮੱਸਿਆ ਦਾ ਪੱਕਾ ਹੱਲ ਸਮਾਜਕ ਤਬਦੀਲੀ ਨਾਲ ਜੁੜਿਆ ਹੈ। ਵਿਚਾਰ-ਚਰਚਾ ‘ਚ ਮੰਚ ਸੰਚਾਲਨ ਦੀ ਭੂਮਿਕਾ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਨਿਭਾਈ।