ਦਿੱਲੀ ਹਾਈ ਕੋਰਟ ਨੇ ਕਕਾਰਾਂ ਸਣੇ ਸਿੱਖ ਵਿਦਿਆਰਥੀਆਂ ਨੂੰ ਨੀਟ ਪ੍ਰੀਖਿਆ ਦੇਣ ਦੀ ਦਿੱਤੀ ਮਨਜੂਰੀ

ਦਿੱਲੀ ਕਮੇਟੀ ਦੀ ਪਟੀਸ਼ਨ ਦੀ ਸੁਣਵਾਈ ਦੌਰਾਨ ਦਲੀਲਾਂ ‘ਤੇ ਭਾਰੀ ਪਏ ਕਕਾਰ
ਨਵੀਂ ਦਿੱਲੀ, 3 ਮਈ – ਮੁਕਾਬਲਾ ਪ੍ਰੀਖਿਆਵਾਂ ‘ਚ ਧਾਤੂ ਵਸਤੁਆਂ ਦੇ ਇਸਤੇਮਾਲ ‘ਤੇ ਰੋਕ ਦੇ ਬਾਵਜੂਦ ਸਿੱਖ ਵਿਦਿਆਰਥੀਆਂ ਨੂੰ ਕੜੇ-ਕ੍ਰਿਪਾਨ ‘ਤੇ ਲੱਗੀ ਰੋਕ ਦਾ ਸਾਹਮਣਾ ਹੁਣ 6 ਮਈ ਨੂੰ ਹੋਣ ਜਾ ਰਹੀ ਮੈਡੀਕਲ ਦਾਖਲਾ ਪ੍ਰੀਖਿਆ “ਨੀਟ” ‘ਚ ਨਹੀਂ ਕਰਨਾ ਪਵੇਗਾ। ਦਿੱਲੀ ਹਾਈ ਕੋਰਟ ਦੇ ਜੱਜ ਜਸਟਿਸ ਰਵਿੰਦਰ ਭੱਟ ਅਤੇ ਜਸਟਿਸ ਏ.ਕੇ. ਚਾਵਲਾ ਦੀ ਬੈਂਚ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਨੀਟ ਪ੍ਰੀਖਿਆ ‘ਚ ਸਿੱਖ ਵਿਦਿਆਰਥੀਆਂ ਨੂੰ ਕੜੇ-ਕ੍ਰਿਪਾਨ ਸਣੇ ਪ੍ਰੀਖਿਆ ਦੇਣ ਦੀ ਮਨਜੂਰੀ ਦਾ ਅੰਤ੍ਰਿਮ ਆਦੇਸ਼ ਦਿੱਤਾ।
ਦਰਅਸਲ ਪਿੱਛਲੇ ਵਰ੍ਹੇ ਸੀ.ਬੀ.ਐੱਸ.ਈ. ਵੱਲੋਂ ਆਯੋਜਿਤ ਕੀਤੀ ਗਈ ਨੀਟ ਅਤੇ ਦਿੱਲੀ ਸਰਕਾਰ ਦੀ ਡੀ.ਐੱਸ.ਐੱਸ.ਐੱਸ.ਬੀ. ਪ੍ਰੀਖਿਆ ‘ਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ ਦਾਖਲਾ ਦੇਣ ਤੋਂ ਪ੍ਰੀਖਿਆ ਕੇਂਦਰਾਂ ਨੇ ਮਨਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਦਿੱਲੀ ਕਮੇਟੀ ਨੇ ਦਿੱਲੀ ਹਾਈ ਕੋਰਟ ‘ਚ ਪਟੀਸ਼ਨ ਦਾਖਿਲ ਕੀਤੀ ਸੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਦਿੱਲੀ ਸਰਕਾਰ ਦੇ ਵਕੀਲ ਵੱਲੋਂ ਕੋਰਟ ‘ਚ ਦਾਖਿਲ ਕੀਤੇ ਗਏ ਹਲਫ਼ਨਾਮੇ ‘ਚ ਕੜੇ-ਕ੍ਰਿਪਾਨ ‘ਤੇ ਰੋਕ ਨੂੰ ਜ਼ਰੂਰੀ ਦੱਸਿਆ ਗਿਆ ਸੀ। ਪਰ ਬਾਅਦ ‘ਚ ਸਿੱਖਾਂ ਦੇ ਵਿਰੋਧ ਕਰਕੇ ਦਿੱਲੀ ਦੇ ਉਪ ਮੁਖਮੰਤਰੀ ਮਨੀਸ਼ ਸਿਸੋਦਿਆਂ ਨੇ ਡੀ.ਐੱਸ.ਐੱਸ.ਐੱਸ.ਬੀ. ਪ੍ਰੀਖਿਆ ‘ਚ ਅੱਗੇ ਤੋਂ ਇਹ ਰੋਕ ਹਟਾਉਣ ਦਾ ਆਦੇਸ਼ ਦਿੱਤਾ ਸੀ।
ਇਸ ਮਾਮਲੇ ‘ਚ ਅੱਜ ਸੀ.ਬੀ.ਐੱਸ.ਈ. ਨੇ ਵੀ ਆਪਣਾ ਜਵਾਬ ਦਾਖਿਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬੀਤੇ ਦਿਨੀਂ ਇੱਕ ਅੰਮ੍ਰਿਤਧਾਰੀ ਬੱਚੀ ਵੱਲੋਂ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸ਼ਿਕਾਇਤੀ ਪੱਤਰ ਦੇ ਕੇ ਨੀਟ ਪ੍ਰੀਖਿਆ ‘ਚ ਡ੍ਰੈਸ ਕੋਡ ਲਾਗੂ ਹੋਣ ਕਰਕੇ ਉਸ ਨੂੰ ਕਕਾਰ ਸਣੇ ਪ੍ਰੀਖਿਆ ਕੇਂਦਰ ‘ਚ ਦਾਖਿਲਾ ਨਾ ਮਿਲਣ ਦਾ ਖਦਸਾ ਜਤਾਇਆ ਗਿਆ ਸੀ। ਜਿਸ ਤੋਂ ਬਾਅਦ ਕਮੇਟੀ ਦੇ ਕਾਨੂੰਨੀ ਵਿਭਾਗ ਨੇ ਦਿੱਲੀ ਹਾਈ ਕੋਰਟ ‘ਚ ਇਸ ਮਾਮਲੇ ਨੂੰ ਛੇਤੀ ਸੁਣਨ ਦੀ ਅਰਜੀ ਲਗਾਈ ਸੀ। ਜਿਸ ਕਰਕੇ ਅੱਜ ਹੋਈ ਸੁਣਵਾਈ ਦੌਰਾਨ ਕਮੇਟੀ ਵੱਲੋਂ ਇਸ ਮਾਮਲੇ ‘ਚ ਪੇਸ਼ ਹੋਏ ਸੀਨੀਅਰ ਵਕੀਲ ਏ.ਪੀ.ਐੱਸ. ਆਹਲੂਵਾਲੀਆ ਅਤੇ ਵਕੀਲ ਐੱਸ.ਐੱਸ.ਆਹਲੂਵਾਲੀਆ ‘ਤੇ ਹਰਪੀ੍ਰਤ ਸਿੰਘ ਹੋਰਾ ਨੇ ਕਕਾਰਾਂ ਦੇ ਪੱਖ ‘ਚ ਦਲੀਲਾਂ ਰੱਖੀਆਂ।
ਫ਼ੈਸਲਾ ਆਉਣ ਉਪਰੰਤ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਕਾਰਾਂ ‘ਤੇ ਲੱਗੀ ਰੋਕ ਦੇ ਹੱਟਣ ਦਾ ਸੁਆਗਤ ਕੀਤਾ। ਪ੍ਰਧਾਨ ਜੀ.ਕੇ. ਨੇ ਜਾਣਕਾਰੀ ਦਿੱਤੀ ਕਿ ਕੋਰਟ ‘ਚ ਸੀ.ਬੀ.ਐੱਸ.ਈ. ਦੇ ਵਕੀਲ ਨੇ ਕਕਾਰਾ ਦੀ ਤੁਲਨਾਂ ਬਲੂਟੂਥ ਸਣੇ ਕਈ ਧਾਤੂ ਵਸਤੁਆਂ ਨਾਲ ਕਰਦੇ ਹੋਏ ਇਨ੍ਹਾਂ ਦੇ ਕਰਕੇ ਨਕਲ ਹੋਣ ਦਾ ਖਦਸਾ ਜਤਾਇਆ ਸੀ। ਪਰ ਮਾਨਯੋਗ ਜੱਜ ਸਾਹਿਬ ਨੇ ਸੀ.ਬੀ.ਐੱਸ.ਈ. ਦੇ ਵਕੀਲ ਨੂੰ ਕਿਹਾ ਕਿ ਕਕਾਰ ਧਾਰਮਿਕ ਅਧਿਕਾਰਾਂ ਦੇ ਤਹਿਤ ਆਉਂਦੇ ਹਨ। ਇਨ੍ਹਾਂ ‘ਤੇ ਰੋਕ ਲਗਾਉਣ ਦਾ ਕੋਈ ਕਾਨੂੰਨ ਵੀ ਮੌਜੂਦ ਨਹੀਂ ਹੈ। ਜਾਂ ਤਾਂ ਤੁਸੀਂ ਸਾਬਤ ਕਰੋ ਕਿ ਕਕਾਰਾਂ ਕਰਕੇ ਨਕਲ ਹੋ ਸਕਦੀ ਹੈ। ਸਿਰਫ਼ ਖਦਸੇ ਕਰਕੇ ਕਕਾਰਾਂ ‘ਤੇ ਰੋਕ ਨਹੀਂ ਲਗਾਈ ਜਾ ਸਕਦੀ। ਪ੍ਰਧਾਨ ਜੀ.ਕੇ. ਨੇ ਦੱਸਿਆ ਕਿ ਕੋਰਟ ਨੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਕਕਾਰਾਂ ਸਣੇ ਪ੍ਰੀਖਿਆ ਕੇਂਦਰ ‘ਚ ਦਾਖਿਲਾ ਲੈਣ ਲਈ 1 ਘੰਟਾ ਪਹਿਲੇ ਆਉਣ ਦਾ ਵੀ ਆਦੇਸ਼ ਦਿੱਤਾ ਹੈ। ਤਾਂਕਿ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਾ ਹੋਵੇ।
ਸਿਰਸਾ ਨੇ ਕਿਹਾ ਕਿ ਕੋਰਟ ਦਾ ਆਦੇਸ਼ ਸਿੱਖ ਵਿਦਿਆਰਥੀਆਂ ਲਈ ਰਾਹਤ ਦੇ ਨਾਲ ਇਸ ਗੱਲ ਦਾ ਵੀ ਸੁਨੇਹਾ ਦਿੰਦਾ ਹੈ ਕਿ ਕਕਾਰਾਂ ‘ਤੇ ਰੋਕ ਲਗਾਉਣ ਲਗਾਉਣਾਂ ਸੰਵਿਧਾਨ ਦੀ ਧਾਰਾ 25 ਤਹਿਤ ਸਿੱਖਾਂ ਨੂੰ ਮਿਲੇ ਮੁੱਢਲੇ ਧਾਰਮਿਕ ਆਧਿਕਾਰਾਂ ਦੀ ਅਵੱਗਿਆ ਹੈ। ਸਿਰਸਾ ਨੇ ਇਸ ਨੂੰ ਸਿੱਖ ਵਿਦਿਆਰਥੀਆਂ ਅਤੇ ਇਨਸਾਫ਼ ਦੀ ਵੱਡੀ ਜਿੱਤ ਦੱਸਿਆ।