ਏਸ਼ਿਆਈ ਖੇਡਾਂ ਪੁਰਸ਼ ਹਾਕੀ: ਭਾਰਤ ਨੇ ਜਾਪਾਨ ਨੂੰ 4-2 ਨਾਲ ਹਰਾਇਆ

ਹਾਂਗਜ਼ੂ, 28 ਸਤੰਬਰ – ਇਥੇ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਨੌਜਵਾਨ ਸਟਰਾਈਕਰ ਅਭਿਸ਼ੇਕ ਵੱਲੋਂ ਕੀਤੇ 2 ਗੋਲਾਂ ਦੀ ਬਦੌਲਤ ਸਾਬਕਾ ਚੈਂਪੀਅਨ ਤੇ ਸੋਨ ਤਗਮਾ ਜੇਤੂ ਜਾਪਾਨ ਨੂੰ 4-2 ਨਾਲ ਹਰਾ ਦਿੱਤੀ ਹੈ। ਭਾਰਤ ਨੇ ਇਸ ਤੀਜੀ ਜਿੱਤ ਨਾਲ ਪੁਰਸ਼ ਹਾਕੀ ਦੇ ਮੁਕਾਬਲਿਆਂ ਵਿੱਚ ਸੈਮੀ ਫਾਈਨਲ ਵਿੱਚ ਥਾਂ ਬਣਾਉਣ ਲਈ ਵੱਡਾ ਕਦਮ ਪੁੱਟਿਆ ਹੈ।
ਭਾਰਤ ਲਈ ਅਭਿਸ਼ੇਕ ਨੇ 13ਵੇਂ ਤੇ 48ਵੇਂ ਮਿੰਟ ਵਿੱਚ 2 ਮੈਦਾਨੀ ਗੋਲ ਕੀਤੇ। ਹੋਰਨਾਂ ਖਿਡਾਰੀਆਂ ਵਿੱਚੋਂ ਮਨਦੀਪ ਨੇ 24ਵੇਂ ਤੇ ਅਮਿਤ ਰੋਹੀਦਾਸ ਨੇ 34ਵੇਂ ਮਿਟ ਵਿੱਚ ਟੀਮ ਲਈ ਗੋਲ ਕੀਤਾ।
ਜਾਪਾਨ ਦੀ ਟੀਮ ਚੌਥੇ ਤੇ ਮੈਚ ਦੇ ਆਖਰੀ ਕੁਆਰਟਰ ਵਿੱਚ ਜ਼ੋਰਦਾਰ ਖੇਡ ਦਿਖਾਉਂਦਿਆਂ 57ਵੇਂ (ਜੈਂਕੀ ਮਿਤਾਨੀ) ਤੇ 60ਵੇਂ (ਰਯੋਸੀ ਕਾਟੋ) ਮਿੰਟ ਵਿੱਚ 2 ਗੋਲ ਕਰਕੇ ਹਾਰ ਦੇ ਅੰਤਰ ਨੂੰ ਘਟਾਉਣ ਵਿੱਚ ਸਫ਼ਲ ਰਹੀ। ਭਾਰਤ ਜੋ ਆਲਮੀ ਦਰਜਾਬੰਦੀ ਵਿੱਚ ਤੀਜੇ ਸਥਾਨ ’ਤੇ ਹੈ ਨੇ ਪੂਰੇ ਮੈਚ ਦੌਰਾਨ ਆਪਣਾ ਦਬਦਬਾ ਬਣਾਈ ਰੱਖਿਆ।
ਭਾਰਤ ਪੂਲ ‘ਏ’ ਦੇ ਆਪਣੇ ਅਗਲੇ ਮੁਕਾਬਲੇ ਵਿੱਚ 30 ਸਤੰਬਰ ਦਿਨ ਸ਼ਨਿਚਰਵਾਰ ਨੂੰ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਭਿੱੜੇਗਾ।