ਇਕੱਲਤਾ……।

ਲੇਖਕ - ਸੁਰਮੁੱਖ ਸਿੰਘ ਗਿੱਲ, ਫ਼ਤਿਹਗੜ੍ਹ ਸਾਹਿਬ

ਬੀਆਬਾਨ ਵਿੱਚ ਇਕੱਲਾ ਵੀ ਨਾ ਹੋਵੇ ਰੁੱਖ ਬੰਦਿਆ ਇਕੱਲਿਆਂ ਦੀ ਕਾਹਦੀ ਜ਼ਿੰਦਗੀ ਅੱਜ ਕੱਲ੍ਹ ਮਾਨਸਿਕ ਤਣਾਅ ਦਾ ਕਾਰਣ ਮਨੁੱਖ ਦੀ ਇਕੱਲਿਆਂ ਰਹਿਣ ਦੀ ਜੀਵਨ ਸ਼ੈਲੀ ਹੈ। ਇਸੇ ਲਈ ਤਾਂ ਕਹਿੰਦੇ ਹਨ ਕਿ ਬ੍ਰਹਮਚਾਰੀ ਅਤੇ ਛੜੇ ਨਾਲੋਂ ਵਿਆਹੁਤਾ ਜੀਵਨ ਬਤੀਤ ਕਰਨ ਵਾਲੇ ਲੋਕ ਘੱਟ ਤਣਾਅ ਵਿੱਚ ਰਹਿੰਦੇ ਹਨ। ਗ੍ਰਹਿਸਤੀ ਜੀਵਨ ਸੁਖੀ ਜੀਵਨ ਹੈ ਵਿਆਹੇ ਲੋਕ ਕੰਮਕਾਰ ਵਿੱਚ ਦੂਜਿਆਂ ਨਾਲੋਂ ਜ਼ਿਆਦਾ ਕੁਸ਼ਲ ਹੁੰਦੇ ਹਨ ਇਕੱਲੇ ਰਹਿਣ ਵਾਲੇ ਲੋਕਾਂ ਦੀ ਅੰਦਰੂਨੀ ਪੀੜ ਕਈ ਵਾਰ ਕਿਸੇ ਬਿਮਾਰੀ ਵਿੱਚ ਬਦਲ ਜਾਂਦੀ ਹੈ ਮਨੁੱਖੀ ਸਾਇੰਸ ਨੇ ਤਾਂ ਇਹ ਸਿੱਧ ਕਿਤਾ ਹੈ ਕਿ ਲੰਮੀ ਉਮਰ ਜਿਊਣ ਲਈ ਥੋੜ੍ਹਾ ਖਾਣਾ, ਵਜ਼ਨ ਘਟਾਉਣਾ ਤੇ ਚੰਗੀ ਵਿਆਹੁਤਾ ਜਿਊਣਾ ਤਿੰਨੇ ਜ਼ਰੂਰੀ ਹਨ। ਇਕੱਲਤਾ ਹੰਢਾਉਣ ਵਾਲੇ ਲੋਕਾਂ ਵਿੱਚ ਵਿਆਹੇ ਲੋਕਾਂ ਦੇ ਮੁਕਾਬਲੇ ਮੌਤ ਦਰ ਢਾਈ ਗੁਣਾ ਵੱਧ ਪਾਈ ਜਾਂਦੀ ਹੈ। ਇਸ ਗੱਲ ਦਾ ਪੱਤਾ ਇਕੱਲੇ ਰਹਿਣ ਵਾਲੇ ਅਤੇ ਵਿਆਹੇ ਲੋਕਾਂ ਦੇ ਅੰਕੜਿਆਂ ਤੋਂ ਚੱਲਿਆ ਹੈ ਤਾਂ ਹੀ ਕਿਸੇ ਛੜੇ ਨੇ ਆਪਣੇ ਮਨ ਦਾ ਉਬਾਲ ਇਹ ਕਹਿ ਕਿ ਕੱਢਿਆ ਹੈ ਘਰ ਦੀ ਨਾਰ ਬਿਨਾ ਕਾਹਦੀ ਭਰਾਵੋ ਜੂਨ ਕਿਉਂ ਕਿ ਇਕੱਲੇ ਮਨੁੱਖ ਦੇ ਜੀਵਨ ਵਿੱਚ ਖ਼ਲਾਅ ਤੋਂ ਬਿਨਾ ਕੁੱਝ……..
ਇਕੱਲੇ ਰਹਿਣ ਵਾਲੇ ਅਤੇ ਬ੍ਰਹਮਚਾਰੀ ਦੀਆਂ ਲੋੜਾਂ ਵੀ ਘੱਟ ਹੁੰਦੀਆਂ ਹਨ ਇਸ ਕਾਰਨ ਸਰੀਰ ਦੀ ਹਿਲਜੁਲ ਵੀ ਘੱਟ ਹੁੰਦੀ ਹੈ। ਇਕੱਲੇ ਰਹਿਣ ਕਾਰਣ ਤਣਾਅ ਵੀ ਹੋ ਜਾਂਦਾ ਹੈ। ਦੂਜਾ ਹੋਰ ਵੀ ਕੋਈ ਉਸ ਦੀ ਪ੍ਰਵਾਹ ਨਹੀਂ ਕਰਦਾ, ਇਕੱਲੇ ਬੰਦੇ ਨੂੰ ਨਸ਼ੇ ਦੀ ਲਤ ਅਤੇ ਹੋਰ ਕਈ ਭੈੜੀਆਂ ਆਦਤਾਂ ਪੈ ਜਾਂਦੀਆਂ ਹਨ। ਇਕੱਲਪੁਣੇ ਵਿੱਚ ਇਨਸਾਨ ਮੋਬਾਈਲ ਵੀ ਜ਼ਿਆਦਾ ਵਰਤੋ ਕਰਦਾ ਹੈ, ਸੁਭਾਅ ਗ਼ੁੱਸਾ ਖੋਰਾ ਤੇ ਅੜੀਅਲ ਬਣ ਜਾਂਦਾ ਹੈ, ਮਨ ਵਿੱਚ ਹੀਣ ਭਾਵਨਾ ਘਰ ਕਰ ਜਾਂਦੀ ਹੈ, ਇਨਸਾਨ ਦੂਜਿਆਂ ਨਾਲ ਈਰਖਾ ਕਰਦਾ ਹੈ, ਮਨ ਵਿੱਚ ਕੁੜ੍ਹਦਾ ਰਹਿੰਦਾ ਹੈ, ਆਪ ਕੁੱਝ ਕਰਨ ਦੀ ਵਜਾਏ ਦੂਜਿਆਂ ਵਿੱਚ ਨੁਕਸ ਕੱਢਣ ਦਾ ਆਦੀ ਬਣ ਜਾਂਦਾ ਹੈ, ਇਕੱਲੇ ਰਹਿਣ ਵਾਲੇ ਲੋਕ ਆਪਣੀਆਂ ਇੱਛਾਵਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਕਿਸੇ ਵੀ ਮਨ ਦੀ ਇੱਛਾ ਨੂੰ ਲੋੜ ਤੋਂ ਵੱਧ ਦਬਾ ਕਿ ਰੱਖਣਾ ਵੀ ਗ਼ਲਤ ਹੈ।
ਵਿਆਹ ਜੀਵਨ ਬਿਨਾ ਸਾਵੀ ਪੱਧਰੀ ਜ਼ਿੰਦਗੀ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ। ਇਕੱਲਾ ਬੰਦਾ ਉਦੋਂ ਹੀ ਰਹਿੰਦਾ ਹੈ ਜਦੋਂ ਉਹ ਵਿਆਹਿਆ ਵਰ੍ਹਿਆ ਨਾ ਹੋਵੇ, ਘਰਵਾਲੀ ਗੁਜ਼ਰ ਹੋਵੇ ਜਾਂ ਛੜਾ ਰਹਿ ਗਿਆ ਹੋਵੇ, ਜਿਵੇਂ ਅੱਜਕੱਲ੍ਹ ਕੁੜੀਆਂ ਦੀ ਗਿਣਤੀ ਘੱਟ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਜ਼ਿਆਦਾ ਮੁੰਡੇ ਛੜੇ ਰਹਿਣਗੇ। ਸਮਾਜਕ ਤਾਣਾ-ਬਾਣਾ ਵਿਗੜੇਗਾ ਇਕੱਲਾ ਮਨ ਸ਼ੈਤਾਨ ਦੀ ਕੁੰਜੀ ਹੁੰਦਾ ਹੈ।
ਫਿਰ ਇਹ ਗ਼ੈਰ ਇਖ਼ਲਾਕੀ ਕੰਮ ਕਰਦਾ ਹੈ ਅਤੇ ਛਿੱਤਰ ਖਾਂਦਾ ਹੈ। ਕੋਈ ਛੇੜਛਾੜ ਕਰਦਾ ਹੈ ਫਿਰ ਕੁੜੀਆਂ ਤਾਂ ਕਹਿਣਗੀਆਂ ਹੀ ‘ਕਿੱਥੇ ਜਾਏਗਾ ਬੁਬਨਿਆ ਸਾਧਾ ਛੇੜ ਕਿ ਭਰਿੰਡ ਰੰਗੀਆਂ’ ਜਦੋਂ ਕਿ ਗ੍ਰਹਿਸਤੀ ਜੀਵਨ ਕਦੇ ਵੀ ਬਰਬਾਦੀ ਦਾ ਕਾਰਨ ਨਹੀਂ ਬਣਦਾ ਸਗੋਂ ਸਵੈ ਕਾਬੂ ਹੇਠ ਇੱਕ ਤਾਕਤ ਹੋ ਨਿੱਬੜਦਾ ਹੈ। ਸਿਰਫ਼ ਮਨੁੱਖ ਦੀ ਮੂਰਖਤਾ ਹੀ ਵਾਸਨਾ ਨੂੰ ਇੱਕ ਹਨੇਰੀ ਬਣਾਉਂਦੀ ਹੈ ਜਿਵੇਂ ਦਰਿਆਵਾਂ ਦੇ ਪਾਣੀ ਨੂੰ ਰੋਕ ਕਿ ਬੰਨ੍ਹ ਮਾਰ ਕੇ ਬਿਜਲੀ ਬਣਾਈ ਜਾ ਸਕਦੀ ਹੈ, ਨਹਿਰਾਂ ਰਾਹੀ ਖੇਤਾਂ ਨੂੰ ਪਾਣੀ ਲਾਇਆ ਜਾ ਸਕਦਾ ਹੈ, ਬਿਨਾ ਕਾਬੂ ਕੀਤਿਆਂ ਦਰਿਆਵਾਂ ਦਾ ਪਾਣੀ ਤਾਂ ਹੜ੍ਹ ਦਾ ਰੂਪ ਧਾਰਨ ਕਰਕੇ ਬਰਬਾਦੀ ਹੀ ਕਰੇਗਾ। ਇਸੇ ਤਰ੍ਹਾਂ ਵਿਆਹੁਤਾ ਜੀਵਨ ਮਨੁੱਖੀ ਵੇਗ ਨੂੰ ਰੋਕ ਕਿ ਉਸਾਰੂ ਪਾਸੇ ਲਾਉਂਦਾ ਹੈ ਜਦੋਂ ਕਿ ਇਕੱਲਤਾ ਦਾ ਸਮਾਜਿਕ ਸਰੋਕਾਰਾਂ ‘ਤੇ ਵੀ ਅਸਰ ਪੈਂਦਾ ਹੈ। ਸਮਾਜ ਏਕਤਾ ਤੋਂ ਅਨੇਕਤਾ ਵੱਲ ਵੱਧ ਰਿਹਾ ਹੈ ਇਨ੍ਹਾਂ ਵਿਚਾਰਿਆਂ ਦੇ ਕਾਰਨ ਹੀ ਵਿਦੇਸ਼ੀ ਮੁਲਕਾਂ ਦੀ ਤਰਜ਼ ਤੇ ਬੇਸਹਾਰਾ ਘਰ ਅਤੇ ਬਿਰਧ ਆਸ਼ਰਮਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ।
ਪਰਿਵਾਰ ਕਹਿ ਲਵੋ ਜਾ ਗ੍ਰਹਿਸਤੀ ਜੀਵਨ ਇਕੱਲਤਾ ਅਤੇ ਤਣਾਅ ਦੇ ਜੰਗਾਲ ਨੂੰ ਮਨ ਵਿੱਚੋਂ ਉਤਾਰ ਦਿੰਦਾ ਹੈ। ਸਿਆਣੇ ਲੋਕਾਂ ਦਾ ਆਖਣਾ ਹੈ ਜ਼ਿੰਦਗੀ ਇਕੱਲੇ ਰਹਿ ਕਿ ਗਾਲਣ ਲਈ ਨਹੀਂ ਸਗੋਂ ਮਾਣਨ ਲਈ ਹੈ। ਇਕੱਲਿਆਂ ਅਸਲ ਵਿੱਚ ਜੀਵਨ ਬਤੀਤ ਕਰਨਾ ਆਤਮ ਹੱਤਿਆ ਦੇ ਸਮਾਨ ਹੈ। ਆਪਣੀ ਸ਼ਕਤੀ ਤੇ ਵਿਸ਼ਵਾਸ ਰੱਖਣਾ ਹੀ ਸ਼ਕਤੀਮਾਨ ਹੋਣਾ ਹੈ। ਵਿਅਕਤੀ ਦਾ ਵਿਅਕਤੀਗਤ ਇੱਕ ਫੁੱਲ ਸਮਾਨ ਹੈ ਫੁੱਲ ਨੂੰ ਖਿੜਨ ਦਿਓ ਤੇ ਮਹਿਕ ਦਾ ਅਨੰਦ ਮਾਣੋ, ਹਾਸਾ ਇੱਕ ਅਜਿਹਾ ਬੁਰਸ਼ ਹੈ ਜਿਹੜਾ ਦਿਲਾਂ ਦਿਆਂ ਜਾਲਿਆਂ ਨੂੰ ਸਾਫ਼ ਕਰ ਦਿੰਦਾ ਹੈ। ਜ਼ਿੰਦਗੀ ਚਾਰ ਦਿਨਾਂ ਦਾ ਮੇਲਾ ਹੱਸੋ ਖੇਡੋ ਅਨੰਦ ਮਾਣੋ ਇਸ ਲਈ ਇਕੱਲਤਾ ਤਿਆਗੋ ਆਪਣਿਆਂ ਨਾਲ ਜ਼ਿੰਦਗੀ ਦਾ ਅਨੰਦ ਮਾਣੋ ਆਪਣਿਆਂ ਨਾਲ ਚਾਰ ਦਿਨ ਖ਼ੁਸ਼ੀ ਖ਼ੁਸ਼ੀ ਨਾਲ ਜਿਵੋਂ ਕੀ ਪਤਾ ਫਿਰ ਵਕਤ ਮਿਲੇ ਜਾਂ ਨਾ ਮਿਲੇ ਇਸ ਲਈ ਹੱਸ ਲੈ ਖੇਡ ਲੈ ਕੱਲ੍ਹ ਦਾ ਨਹੀਂ ਪਤਾ, ਬੰਦਿਆਂ ਕਿਸੇ ਦੇ ਕੰਮ ਆ ਜਾ, ਦੁਨੀਆ ਵਿੱਚ ਨਾਮ ਕਮਾ ਜਾ, ਪੈਸੇ ਨੇ ਨਾਲ ਨਹੀਂ ਜਾਣਾ, ਨਾਲ ਜਾਣਾ ਤੇਰਾ ਨਾਮ, ਬੰਦਿਆ ਕਰ ਭਲਿਆਈ ਇਹੀ ਤੇਰੀ ਸਦੀਵੀ ਕਮਾਈ।
ਲੇਖਕ – ਸੁਰਮੁੱਖ ਸਿੰਘ ਗਿੱਲ, ਫ਼ਤਿਹਗੜ੍ਹ ਸਾਹਿਬ
ਨਿਊਜ਼ੀਲੈਂਡ ਨੰਬਰ: 028 851 3921, ਵਟਸਅੱਪ ਨੰਬਰ: +91 75269 25297